ਸਰਵਿਸ ਲਈ ਆਈ ਸਫਾਰੀ ਟਰਾਈ ਲੈਣ ਦੌਰਾਨ ਪਲਟੀਅਾਂ ਖਾ ਕੇ ਡਿਵਾਈਡਰ ਨਾਲ ਟਕਰਾਈ
Thursday, Aug 02, 2018 - 06:39 AM (IST)

ਜਲੰਧਰ, (ਮਹੇਸ਼)- ਸ਼ਾਮ 6:30 ਵਜੇ ਦੇ ਕਰੀਬ ਪਰਾਗਪੁਰ ਜੀ. ਟੀ. ਰੋਡ ’ਤੇ ਬੈਸਟ ਪ੍ਰਾਈਜ਼ ਸਾਹਮਣੇ ਉਸ ਸਮੇਂ ਵੱਡਾ ਹਾਦਸਾ ਹੋ ਗਿਆ, ਜਦੋਂ ਇਸੇ ਮਾਰਗ ’ਤੇ ਸਥਿਤ ਕਾਰਾਂ ਦੇ ਇਕ ਸ਼ੋਅਰੂਮ ’ਚ ਸਰਵਿਸ ਲਈ ਆਈ ਸਫਾਰੀ ਗੱਡੀ ਟਰਾਈ ਲੈਣ ਦੌਰਾਨ ਪਲਟੀਅਾਂ ਖਾਂਦੀ ਹੋਈ ਡਿਵਾਈਡਰ ਨਾਲ ਜਾ ਟਕਰਾਈ। ਹਾਦਸਾ ਇੰਨਾ ਖਤਰਨਾਕ ਸੀ ਕਿ ਜੇ ਦੂਜੇ ਪਾਸਿਓਂ ਕੋਈ ਹੋਰ ਗੱਡੀ ਆਉਂਦੀ ਹੁੰਦੀ ਤਾਂ ਸਫਾਰੀ ’ਚ ਸਵਾਰ ਮਕੈਨਿਕਾਂ ਦੀ ਜਾਨ ਵੀ ਜਾ ਸਕਦੀ ਸੀ। ਮਿਲੀ ਜਾਣਕਾਰੀ ਮੁਤਾਬਕ ਸਰਵਿਸ ਤੋਂ ਬਾਅਦ ਸਫਾਰੀ ਦੀ ਟਰਾਈ ਲੈਣ ਲਈ ਮਕੈਨਿਕ ਗੌਰੀ ਸ਼ੰਕਰ ਪੁੱਤਰ ਰਾਮ ਬਿਸ਼ਨ ਵਾਸੀ ਪੀਸ ਕਾਲੋਨੀ ਬੜਿੰਗ ਨਿਕਲਿਆ ਸੀ। ਉਸ ਦੇ ਨਾਲ ਵਾਲੀ ਸੀਟ ’ਤੇ ਸੰਦੀਪ ਕੁਮਾਰ ਪੁੱਤਰ ਵੇਦ ਪ੍ਰਕਾਸ਼ ਵਾਸੀ ਮਹਿੰਗਾ ਸਿੰਘ ਕਾਲੋਨੀ ਬੜਿੰਗ ਬੈਠਾ ਸੀ। ਹਾਦਸੇ ’ਚ ਜ਼ਖਮੀ ਹੋਣ ਤੋਂ ਬਾਅਦ ਦੋਵਾਂ ਨੂੰ ਰਾਮਾ ਮੰਡੀ ਦੇ ਜੌਹਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।
ਮੌਕੇ ’ਤੇ ਪਹੁੰਚੇ ਨੰਗਲ ਸ਼ਾਮਾ ਪੁਲਸ ਚੌਕੀ ਦੇ ਏ. ਐੱਸ. ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਬੁਰੀ ਤਰ੍ਹਾਂ ਨਾਲ ਨੁਕਸਾਨੀ ਹੋਈ ਸਫਾਰੀ ਗੱਡੀ ਨੂੰ ਪੁਲਸ ਨੇ ਆਪਣੇ ਕਬਜ਼ੇ ’ਚ ਲੈ ਲਿਆ ਹੈ ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਹਾਦਸਾ ਗੱਡੀ ਜ਼ਿਆਦਾ ਤੇਜ਼-ਰਫਤਾਰ ’ਚ ਹੋਣ ਕਾਰਨ ਹੋਇਆ ਹੈ। ਹਾਦਸੇ ਸਮੇਂ ਕਾਫੀ ਦੇਰ ਤੱਕ ਜਾਮ ਵੀ ਲੱਗਿਆ ਰਿਹਾ। ਸਫਾਰੀ ਗੱਡੀ ਨੂੰ ਉਥੋਂ ਹਟਾਉਣ ਤੋਂ ਬਾਅਦ ਹੀ ਜਾਮ ਖੁੱਲ੍ਹ ਸਕਿਆ।
150 ਦੀ ਸਪੀਡ ਹੋਣ ਕਾਰਨ ਹੋਇਆ ਹਾਦਸਾ
ਕਾਰ ਮਾਲਕ ਕਾਰੋਬਾਰੀ ਰਵਿੰਦਰ ਧੀਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਕਾਰ ਮੰਗਲਵਾਰ ਨੂੰ ਕਾਸਮੋ ਪ੍ਰਾਈਵੇਟ ਲਿਮ. ਦੀ ਹਾਈਵੇ ’ਤੇ ਸਥਿਤ ਵਰਕਸ਼ਾਪ ’ਚ ਠੀਕ ਕਰਵਾਉਣ ਲਈ ਦਿੱਤੀ ਸੀ। ਜੀ. ਐੱਮ. ਸੰਜੇ ਨੇ ਕਿਹਾ ਕਿ ਉਨ੍ਹਾਂ ਦੀ ਕਾਰ ਬੁੱਧਵਾਰ ਸ਼ਾਮ ਨੂੰ ਮਿਲ ਜਾਵੇਗੀ। ਉਨ੍ਹਾਂ ਨੇ ਦੁਪਹਿਰ ਨੂੰ ਫੋਨ ਕੀਤਾ ਤਾਂ ਕੰਪਨੀ ਦੇ ਕਰਮਚਾਰੀ ਨੇ ਕਿਹਾ ਕਿ ਉਨ੍ਹਾਂ ਦੀ ਗੱਡੀ ਮਿਲ ਜਾਵੇਗੀ ਪਰ ਸ਼ਾਮ ਨੂੰ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੀ ਕਾਰ ਨੂੰ ਵਰਕਰ ਟੈਸਟ ਡਰਾਈਵ ਲੈਣ ਲਈ ਲੈ ਗਏ ਸਨ, ਜਿਥੇ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਕਾਰ ਦੀ ਹਾਲਤ ਦੇਖ ਕੇ ਲਗਦਾ ਹੈ ਕਿ ਉਨ੍ਹਾਂ ਦੀ ਕਾਰ ਕਰੀਬ 150 ਦੇ ਆਸ-ਪਾਸ ਸਪੀਡ ’ਤੇ ਚਲਾਈ ਗਈ, ਜਿਸ ਕਾਰਨ ਹਾਦਸਾ ਹੋਇਆ।
ਕੰਪਨੀ ਦੇ ਜੀ.ਐੱਮ. ਬੋਲੇ-ਕਾਰ ਬਚਾਉਂਦਿਅਾਂ ਹੋਇਆ ਹਾਦਸਾ
ਉਥੇ ਕੰਪਨੀ ਦੇ ਜੀ. ਐੱਮ. ਸੰਜੇ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਦੀ ਅਮੂਮਨ ਵਰਕ ਟਾਈਮਿੰਗ ਸਵੇਰੇ 9 ਤੋਂ ਲੈ ਕੇ ਸ਼ਾਮ 5:30 ਵਜੇ ਤੱਕ ਹੁੰਦੀ ਹੈ। ਉਨ੍ਹਾਂ ਦੇ ਵਰਕਰ 5 ਵਜੇ ਦੇ ਕਰੀਬ ਨਿਕਲੇ ਸਨ ਤੇ ਫਲਾਈਓਵਰ ਚੜ੍ਹਨ ਦੌਰਾਨ ਹੀ ਇਕ ਕਾਰ ਨੂੰ ਬਚਾਉਂਦੇ ਹੋਏ ਹਾਦਸਾ ਹੋ ਗਿਆ। ਹਾਲਾਂਕਿ ਉਹ ਪੁਲਸ ਜਾਂਚ ਕਰਵਾ ਰਹੇ ਹਨ।