ਸਕੂਲ ਵੈਨ ਚਾਲਕਾਂ ਨੂੰ ਆਵਾਜਾਈ ਨਿਯਮਾਂ ਬਾਰੇ ਜਾਗਰੂਕ ਕੀਤਾ ਜਾਵੇਗਾ: ਏ. ਡੀ. ਸੀ.

Thursday, Jan 18, 2018 - 03:21 PM (IST)

 ਨਵਾਂਸ਼ਹਿਰ(ਮਨੋਰੰਜਨ)— ਵਧੀਕ ਡੀ. ਸੀ. (ਵਿਕਾਸ) ਦਵਿੰਦਰ ਸਿੰਘ ਨੇ ਬੁੱਧਵਾਰ ਇਥੇ ਆਖਿਆ ਕਿ ਜ਼ਿਲੇ ਦੇ ਸਕੂਲ ਵੈਨ ਚਾਲਕਾਂ ਨੂੰ ਸੇਫ ਸਕੂਲ ਵਾਹਨ ਅਤੇ ਆਵਾਜਾਈ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਟਰਾਂਸਪੋਰਟ ਵਿਭਾਗ ਅਤੇ ਟ੍ਰੈਫਿਕ ਪੁਲਸ ਵੱਲੋਂ ਸਾਂਝੇ ਤੌਰ 'ਤੇ ਕੈਂਪ ਲਾਏ ਜਾਣਗੇ। ਇਥੇ ਜ਼ਿਲਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਕਰਦੇ ਹੋਏ ਵਧੀਕ ਡੀ. ਸੀ. ਨੇ ਕਿਹਾ ਕਿ ਸੇਫ ਸਕੂਲ ਵਾਹਨ ਬਾਰੇ ਸਕੂਲ ਪ੍ਰਬੰਧਕਾਂ ਦੇ ਨਾਲ-ਨਾਲ ਵਾਹਨ ਚਾਲਕਾਂ ਨੂੰ ਜਾਗਰੂਕਤਾ ਹੋਣੀ ਜ਼ਰੂਰੀ ਹੈ, ਜਿਸ ਲਈ ਵਿਸ਼ੇਸ਼ ਕੈਂਪ ਲਾਏ ਜਾਣ। ਵਧੀਕ ਡੀ. ਸੀ. ਨੇ ਨਾਬਾਲਗ ਵਿਦਿਆਰਥੀਆਂ ਵੱਲੋਂ ਡਰਾਈਵਿੰਗ ਨੂੰ ਗੰਭੀਰਤਾ ਨਾਲ ਲੈਂਦਿਆਂ ਸਕੂਲ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਰਾਹੀਂ ਅਜਿਹੇ ਵਿਦਿਆਰਥੀਆਂ ਨੂੰ ਸਕੂਲਾਂ 'ਚ ਵਾਹਨ ਲੈ ਕੇ ਆਉਣ ਤੋਂ ਰੋਕਣ ਤਾਂ ਜੋ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਨੇ ਟ੍ਰੈਫਿਕ ਪੁਲਸ ਅਤੇ ਟਰਾਂਸਪੋਰਟ ਵਿਭਾਗ ਨੂੰ ਓਵਰਲੋਡਿੰਗ ਗੱਡੀਆਂ ਅਤੇ ਪ੍ਰੈਸ਼ਰ ਹਾਰਨ ਦੀ ਵਰਤੋਂ ਕਰਨ ਵਾਲੇ ਵਾਹਨਾਂ ਦੇ ਵੀ ਚਲਾਨ ਕਰਨ ਲਈ ਆਖਿਆ। ਮੀਟਿੰਗ ਵਿਚ ਐੱਸ. ਡੀ. ਐੱਮ. ਨਵਾਂਸ਼ਹਿਰਅਦਿਤਿਆ ਉੱਪਲ, ਡੀ. ਡੀ. ਪੀ. ਓ. ਬਲਜੀਤ ਸਿੰਘ ਕੈਂਥ, ਆਰ. ਟੀ. ਏ. ਸੁਖਵਿੰਦਰ ਕੁਮਾਰ, ਏ.ਡੀ.ਟੀ.ਓ. ਗੁਰਨਾਮ ਸਿੰਘ, ਨਵਾਂਸ਼ਹਿਰ ਦੇ ਟ੍ਰੈਫਿਕ ਇੰਚਾਰਜ ਰਤਨ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ।


Related News