ਟਰੈਫਿਕ ਪੁਲਸ ਨੇ ਹਟਾਏ ਨਾਜਾਇਜ਼ ਕਬਜ਼ੇ

07/12/2018 12:13:30 AM

ਬਟਾਲਾ,  (ਬੇਰੀ)-  ਟਰੈਫਿਕ ਇੰਚਾਰਜ ਬਟਾਲਾ ਸਬ-ਇੰਸਪੈਕਟਰ ਤਰਸੇਮ ਸਿੰਘ ਵੱਲੋਂ ਅੱਜ ਸ਼ਹਿਰ ਵਿਚ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਦੁਕਾਨਦਾਰਾਂ ਅਤੇ ਰੇਹਡ਼ੀ ਵਾਲਿਆਂ ਨੂੰ ਸਖਤ ਤਾਡ਼ਨਾ ਕਰਦਿਆਂ ਸਪੱਸ਼ਟ ਸ਼ਬਦਾਂ ਵਿਚ ਕਹਿ ਦਿੱਤਾ ਗਿਆ ਹੈ ਕਿ ਉਹ ਸਡ਼ਕਾਂ ’ਤੇ ਆਪਣਾ  ਸਾਮਾਨ ਵਧਾ ਕੇ ਨਾਜਾਇਜ਼ ਕਬਜ਼ੇ ਕਰਨੋਂ ਬਾਜ਼ ਆ ਜਾਣ ਨਹੀਂ ਤਾਂ ਸਿੱਧੇ ਤੌਰ ’ਤੇ ਉਨ੍ਹਾਂ ਵੱਲੋਂ ਫਡ਼੍ਹੀ ਤੇ ਰੇਹਡ਼ੀ ਵਾਲਿਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।ਜਾਣਕਾਰੀ ਦਿੰਦਿਆਂ ਟਰੈਫਿਕ ਇੰਚਾਰਜ ਤਰਸੇਮ ਸਿੰਘ ਨੇ ਕਿਹਾ ਕਿ ਅੱਜ ਉਨ੍ਹਾਂ ਵੱਲੋਂ ਸਡ਼ਕਾਂ ’ਤੇ ਰੇਹਡ਼ੀ ਵਾਲਿਆਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਉਣ ਸਬੰਧੀ ਮੁਹਿੰਮ ਚਲਾਈ ਗਈ ਸੀ, ਜਿਸ ਤਹਿਤ ਉਨ੍ਹਾਂ ਨੇ ਜਲੰਧਰ ਰੋਡ ਸਾਈਡ ਕਾਫੀ ਹੱਦ ਤੱਕ ਨਾਜਾਇਜ਼ ਕਬਜ਼ੇ ਹਟਵਾ ਦਿੱਤੇ ਹਨ ਅਤੇ ਨਾਲ ਹੀ ਰੇਹਡ਼ੀ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਟਰੈਫਿਕ ਨਿਯਮਾਂ ਅਤੇ ਕਾਨੂੰਨ ਦੀ ਉਲੰਘਣਾ ਨਾ ਕਰਨ ਤਾਂ ਜੋ ਉਨ੍ਹਾਂ ਨੂੰ ਭਵਿੱਖ ਵਿਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਤਰਸੇਮ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼  ਸ਼ਹਿਰ ਦੀ ਟਰੈਫਿਕ ਸਮੱਸਿਆ ਨੂੰ ਖਤਮ ਕਰਨਾ ਹੈ, ਜਿਸ ਲਈ ਟਰੈਫਿਕ ਪੁਲਸ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਸਮੂਹ ਰੇਹਡ਼ੀ ਤੇ ਫਡ਼੍ਹੀ ਵਾਲਿਆਂ ਨਾਲ ਵੀ ਵਿਸ਼ੇਸ਼ ਮੀਟਿੰਗ ਕੀਤੀ ਹੈ ਤੇ ਉਨ੍ਹਾਂ ਨੂੰ ਹਦੂਦ ਅੰਦਰ ਹੀ ਆਪਣੀਆਂ ਰੇਹਡ਼ੀਆਂ ਰੱਖਣ ਦੀਆਂ ਸਖਤ ਹਦਾਇਤਾਂ ਕੀਤੀਆਂ ਹਨ ਤਾਂ ਜੋ ਭਵਿੱਖ ਵਿਚ ਆਵਾਜਾਈ ਆਸਾਨੀ ਨਾਲ ਹੋ ਸਕੇ। 
 


Related News