ਨਗਰ ''ਚ ਜਾਮ ਦੀ ਹੋਵੇਗੀ ਛੁੱਟੀ, 25 ਮੋਟਰਸਾਈਕਲਾਂ ''ਤੇ ਸਵਾਰ ਟਰੈਫਿਕ ਕਰਮਚਾਰੀ ਕਰਨਗੇ ਪੈਟਰੋਲਿੰਗ

Saturday, Dec 30, 2017 - 05:05 AM (IST)

ਲੁਧਿਆਣਾ(ਸੰਨੀ)-ਨਗਰ 'ਚ ਟਰੈਫਿਕ ਜਾਮ ਨਾਲ ਨਜਿੱਠਣ ਲਈ ਹੁਣ ਪੀ. ਸੀ. ਆਰ. ਦੀ ਤਰਜ਼ 'ਤੇ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਟਰੈਫਿਕ ਕਰਮਚਾਰੀ ਆਪਣੇ-ਆਪਣੇ ਇਲਾਕਿਆਂ 'ਚ ਪੈਟਰੋਲਿੰਗ ਕਰਨਗੇ। ਪਹਿਲੇ ਪੜਾਅ 'ਚ ਇਸ ਤਰ੍ਹਾਂ ਦੇ 25 ਮੋਟਰਸਾਈਕਲਾਂ ਨੂੰ ਲਾਂਚ ਕੀਤਾ ਗਿਆ ਹੈ, ਜਦੋਂਕਿ ਆਉਣ ਵਾਲੇ ਦਿਨਾਂ 'ਚ 15 ਮੋਟਰਸਾਈਕਲ ਹੋਰ ਲਾਂਚ ਕੀਤੇ ਜਾਣਗੇ। ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਨੇ ਅੱਜ ਪੁਲਸ ਲਾਈਨਜ਼ ਦੇ ਜੀ. ਓ. ਮੈਸ ਤੋਂ ਇਨ੍ਹਾਂ ਮੋਟਰਸਾਈਕਲਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਨ੍ਹਾਂ ਮੋਟਰਸਾਈਕਲਾਂ ਨੂੰ ਅਲਕੋਮੀਟਰ, ਜੀ. ਪੀ. ਐੱਸ., ਵਾਇਰਲੈੱਸ ਸੈੱਟ, ਟਾਰਚ, ਚਲਾਨ ਬੁੱਕ, ਲਾਗ ਬੁੱਕ, ਫਸਟ-ਏਡ ਕਿੱਟ, ਹੂਟਰ ਅਤੇ ਹੋਰ ਆਧੁਨਿਕ ਸਾਜੋ-ਸਾਮਾਨ ਨਾਲ ਲੈਸ ਕੀਤਾ ਗਿਆ ਹੈ। ਅਧਿਕਾਰੀਆਂ ਦਾ ਦਾਅਵਾ ਹੈ ਕਿ ਇਸ ਨਾਲ ਨਗਰ ਦੇ ਅੰਦਰੂਨੀ ਖੇਤਰਾਂ ਅਤੇ ਭੀੜ-ਭਾੜ ਵਾਲੇ ਬਾਜ਼ਾਰਾਂ 'ਚ ਟਰੈਫਿਕ ਜਾਮ ਦੀ ਸਮੱਸਿਆ 'ਤੇ ਵੀ ਕਾਬੂ ਪਾਇਆ ਜਾ ਸਕੇਗਾ। ਨਗਰ ਦੇ ਦਿਹਾਤੀ ਖੇਤਰ ਦੇ ਥਾਣਿਆਂ ਜਿਵੇਂ ਸਦਰ, ਕੂੰਮਕਲਾਂ ਤੇ ਡੇਹਲੋਂ ਨੂੰ ਛੱਡ ਕੇ ਸ਼ਹਿਰ ਦੇ ਹੋਰ ਥਾਣਿਆਂ ਨੂੰ 25 ਬੀਟਾਂ 'ਚ ਵੰਡਿਆ ਗਿਆ ਹੈ। ਹਰ ਮੋਟਰਸਾਈਕਲ 'ਤੇ ਬਤੌਰ ਬੀਟ ਅਫਸਰ ਇਕ ਏ. ਐੱਸ. ਆਈ. ਨੂੰ ਤਾਇਨਾਤ ਕੀਤਾ ਗਿਆ ਹੈ, ਜਦੋਂਕਿ ਇਕ ਹੌਲਦਾਰ ਜਾਂ ਸਿਪਾਹੀ ਨੂੰ ਬਤੌਰ ਚਾਲਕ ਬੀਟ ਅਫਸਰ ਦੇ ਨਾਲ ਲਾਇਆ ਜਾਵੇਗਾ। ਮੋਟਰਸਾਈਕਲ 'ਤੇ ਡਿਊਟੀ ਕਰ ਰਹੇ ਬੀਟ ਅਫਸਰ ਦੀ ਇਹ ਡਿਊਟੀ ਹੋਵੇਗੀ ਕਿ ਉਹ ਆਪਣੇ ਖੇਤਰ 'ਚ ਟਰੈਫਿਕ ਜਾਮ ਦੀ ਸਮੱਸਿਆ ਪੈਦਾ ਨਹੀਂ ਹੋਣ ਦੇਣਗੇ। ਬੀਟ ਅਫਸਰ ਆਪਣੇ-ਆਪਣੇ ਇਲਾਕਿਆਂ 'ਚ ਦੁਕਾਨਾਂ ਦੇ ਬਾਹਰ ਕੀਤੇ ਗਏ ਕਬਜ਼ਿਆਂ, ਨੋ ਪਾਰਕਿੰਗ 'ਚ ਲੱਗੇ ਵਾਹਨਾਂ, ਰੈੱਡ ਲਾਈਟ ਜਾਂ ਪੁਲਸ ਕਰਮਚਾਰੀ ਦਾ ਇਸ਼ਾਰੇ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ, ਨਿਯਮ ਤੋੜਨ ਵਾਲੇ ਬੱਸ ਚਾਲਕਾਂ, ਪ੍ਰੈਸ਼ਰ ਹਾਰਨ ਦਾ ਪ੍ਰਯੋਗ ਕਰਨ ਵਾਲੇ ਵਾਹਨ ਚਾਲਕਾਂ ਖਿਲਾਫ ਐਕਸ਼ਨ ਲੈਣਗੇ। ਇਸ ਤੋਂ ਇਲਾਵਾ ਬੀਟ ਅਫਸਰ ਸਕੂਲਾਂ-ਕਾਲਜਾਂ ਦੇ ਸ਼ੁਰੂ ਹੋਣ ਦੇ ਸਮੇਂ ਅਤੇ ਛੁੱਟੀ ਦੇ ਸਮੇਂ ਉਥੇ ਪ੍ਰਬੰਧਕਾਂ ਨਾਲ ਤਾਲ-ਮੇਲ ਕਰ ਕੇ ਟਰੈਫਿਕ ਜਾਮ ਦੀ ਸਮੱਸਿਆ ਖਤਮ ਕਰਨ ਦੇ ਯਤਨ ਕਰਨਗੇ।  ਸਮਾਰੋਹ 'ਚ ਡੀ. ਸੀ. ਪੀ. ਧਰੂਮਣ ਨਿੰਬਲੇ, ਡੀ. ਸੀ. ਪੀ. ਇਨਵੈਸਟੀਗੇਸ਼ਨ ਗਗਨਜੀਤ ਸਿੰਘ, ਏ. ਡੀ. ਸੀ. ਪੀ. ਟਰੈਫਿਕ ਸੁਖਪਾਲ ਸਿੰਘ ਬਰਾੜ, ਏ. ਸੀ. ਪੀ. ਟਰੈਫਿਕ ਗੁਰਦੇਵ ਸਿੰਘ ਦੇ ਇਲਾਵਾ ਕਮਿਸ਼ਨਰੇਟ ਪੁਲਸ ਦੇ ਸਾਰੇ ਏ. ਡੀ. ਸੀ. ਪੀ. ਅਤੇ ਏ. ਸੀ. ਪੀ. ਰੈਂਕ ਦੇ ਅਧਿਕਾਰੀ ਮੌਜੂਦ ਰਹੇ।
ਹਰ ਬੀਟ 'ਚ 3 ਹਾਰਡ ਪੁਆਇੰਟ
25 ਬੀਟਾਂ 'ਚੋਂ ਹਰੇਕ 'ਚ ਇਸ ਤਰ੍ਹਾਂ ਦੇ 3 ਹਾਰਡ ਪੁਆਇੰਟਾਂ ਨੂੰ ਚੁਣਿਆ ਗਿਆ ਹੈ, ਜਿਥੇ ਟਰੈਫਿਕ ਜਾਮ ਦੀ ਸਮੱਸਿਆ ਜ਼ਿਆਦਾ ਰਹਿੰਦੀ ਹੈ। ਮੋਟਰਸਾਈਕਲ ਸਵਾਰ ਕਰਮਚਾਰੀ ਇਨ੍ਹਾਂ ਪੁਆਇੰਟਾਂ 'ਤੇ ਜ਼ਰੂਰਤ ਦੇ ਅਨੁਸਾਰ ਜਾਣਗੇ ਤੇ ਜਾਮ ਦੀ ਸਥਿਤੀ ਹੋਣ 'ਤੇ ਉਸ 'ਤੇ ਕਾਬੂ ਪਾਉਣਗੇ।  ਇਸ ਦੇ ਨਾਲ ਹੀ ਮੋਟਰਸਾਈਕਲ ਸਵਾਰ ਕਰਮਚਾਰੀ ਆਪਣੇ-ਆਪਣੇ ਇਲਾਕੇ 'ਚ ਪੈਟਰੋਲਿੰਗ ਕਰ ਕੇ ਦੁਕਾਨਦਾਰਾਂ ਨੂੰ ਆਪਣਾ ਸਾਮਾਨ ਦੁਕਾਨ ਦੇ ਬਾਹਰ ਨਾ ਰੱਖਣ ਲਈ ਵੀ ਕਹਿਣਗੇ। ਕਰਮਚਾਰੀਆਂ ਲਈ ਹਾਰਡ ਪੁਆਇੰਟਾਂ 'ਤੇ ਰੁਕਣ ਅਤੇ ਪੈਟਰੋਲਿੰਗ ਦਾ ਸਮਾਂ ਵੀ ਨਿਸ਼ਚਿਤ ਕੀਤਾ ਗਿਆ ਹੈ।
ਪਿਅਕੜ ਚਾਲਕਾਂ 'ਤੇ ਵੀ ਰੱਖਣਗੇ ਨਜ਼ਰ
ਟਰੈਫਿਕ ਬੀਟ ਅਫਸਰ ਪਿਅਕੜ ਚਾਲਕਾਂ 'ਤੇ ਵੀ ਨਜ਼ਰ ਰੱਖਣਗੇ। ਹਰ ਬੀਟ ਅਫਸਰ ਨੂੰ ਅਲਕੋਮੀਟਰ ਵੀ ਮੁਹੱਈਆ ਕਰਵਾਇਆ ਗਿਆ ਹੈ। ਕਿਸੇ ਵਾਹਨ ਚਾਲਕ ਦੇ ਸ਼ਰਾਬੀ ਹਾਲਤ 'ਚ ਵਾਹਨ ਚਲਾਉਂਦੇ ਫੜੇ ਜਾਣ 'ਤੇ ਬੀਟ ਅਫਸਰ ਉਸੇ ਸਮੇਂ ਉਸ ਦਾ ਅਲਕੋਮੀਟਰ ਨਾਲ ਟੈਸਟ ਕਰ ਕੇ ਧਾਰਾ 185 ਦੇ ਤਹਿਤ ਕਲੰਦਰਾ ਤਿਆਰ ਕਰਦੇ ਹੋਏ ਸ਼ਰਾਬੀ ਚਾਲਕ ਨੂੰ ਸਬੰਧਤ ਥਾਣਾ ਪੁਲਸ ਨੂੰ ਸੌਂਪਣਗੇ, ਜਿਥੋਂ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। 
ਪਹਿਲਾਂ ਖੁਦ ਕਰਨਗੇ ਨਿਯਮਾਂ ਦਾ ਪਾਲਣ
ਟਰੈਫਿਕ ਮੋਟਰਸਾਈਕਲਾਂ ਦੀ ਡਿਊਟੀ 'ਤੇ ਤਾਇਨਾਤ ਕੀਤੇ ਗਏ ਪੁਲਸ ਕਰਮਚਾਰੀ ਪਹਿਲਾਂ ਖੁਦ ਨਿਯਮਾਂ ਦਾ ਪਾਲਣ ਕਰਨਗੇ। ਪੁਲਸ ਕਰਮਚਾਰੀ ਪੱਗੜੀ ਜਾਂ ਹੈਲਮੇਟ ਪਾ ਕੇ ਮੋਟਰਸਾਈਕਲਾਂ 'ਤੇ ਪੈਟਰੋਲਿੰਗ ਕਰਨਗੇ ਤਾਂ ਕਿ ਉਹ ਖੁਦ ਲੋਕਾਂ ਦੀ ਆਲੋਚਨਾ ਦਾ ਸ਼ਿਕਾਰ ਨਾ ਬਣਨ ਕਿ ਪੁਲਸ ਖੁਦ ਨਿਯਮਾਂ ਦੀ ਉਲੰਘਣਾ ਕਰਦੀ ਹੈ। 
ਜੀ. ਪੀ. ਐੱਸ. ਨਾਲ ਲੈਸ ਮੋਟਰਸਾਈਕਲ 
ਟਰੈਫਿਕ ਪੁਲਸ ਨੂੰ ਜਾਰੀ ਕੀਤੇ ਗਏ ਬੇੜੇ 'ਚ ਸ਼ਾਮਲ 25 ਮੋਟਰਸਾਈਕਲ ਜੀ. ਪੀ. ਐੱਸ. ਨਾਲ ਲੈਸ ਹਨ। ਅਧਿਕਾਰੀ ਕੰਟਰੋਲ ਰੂਮ 'ਚ ਬੈਠ ਕੇ ਉਨ੍ਹਾਂ ਦੇ ਪਲ-ਪਲ ਦੀ ਜਾਣਕਾਰੀ ਹਾਸਲ ਕਰਨਗੇ ਕਿ ਉਹ ਕਿਸ ਇਲਾਕੇ 'ਚ ਪੈਟਰੋਲਿੰਗ ਕਰ ਰਹੇ ਹਨ। ਇਸ ਦੌਰਾਨ ਕਰਮਚਾਰੀਆਂ ਲਈ ਡਿਊਟੀ ਤੋਂ ਗਾਇਬ ਰਹਿਣਾ ਮੁਸ਼ਕਲ ਹੋ ਜਾਵੇਗਾ ਤੇ ਬਿਹਤਰ ਤਰੀਕੇ ਨਾਲ ਬੇਕਾਬੂ ਟਰੈਫਿਕ ਨੂੰ ਕੰਟਰੋਲ ਕਰ ਸਕਣਗੇ।


Related News