ਟ੍ਰੈਫਿਕ ਪੁਲਸ ’ਚ ਹੋਇਆ ਵੱਡਾ ਫੇਰਬਦਲ : ਬੀਟ ਸਿਸਟਮ ਖ਼ਤਮ, ਸ਼ਹਿਰ ਨੂੰ 4 ਹਿੱਸਿਆਂ ’ਚ ਵੰਡਿਆ

Tuesday, Sep 21, 2021 - 12:49 PM (IST)

ਟ੍ਰੈਫਿਕ ਪੁਲਸ ’ਚ ਹੋਇਆ ਵੱਡਾ ਫੇਰਬਦਲ : ਬੀਟ ਸਿਸਟਮ ਖ਼ਤਮ, ਸ਼ਹਿਰ ਨੂੰ 4 ਹਿੱਸਿਆਂ ’ਚ ਵੰਡਿਆ

ਜਲੰਧਰ (ਸੁਧੀਰ) - ਸ਼ਹਿਰ ਵਿੱਚ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਨਾਲ-ਨਾਲ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਸਮੱਸਿਆ ਤੋਂ ਨਿਜ਼ਾਤ ਦਿਵਾਉਣ ਲਈ ਨਵ-ਨਿਯੁਕਤ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਟ੍ਰੈਫਿਕ ਪੁਲਸ ਵਿੱਚ ਵੱਡਾ ਫੇਰਬਦਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦਾ ਚਾਰਜ ਸੰਭਾਲਣ ਤੋਂ ਬਾਅਦ ਉਨ੍ਹਾਂ ਟ੍ਰੈਫਿਕ ਪੁਲਸ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰ ਸ਼ਹਿਰ ਦੀ ਟਰੈਫਿਕ ਵਿਵਸਥਾ ਬਾਰੇ ਜਾਣਕਾਰੀ ਲਈ। ਉਨ੍ਹਾਂ ਦੱਸਿਆ ਕਿ ਪਹਿਲਾਂ ਟ੍ਰੈਫਿਕ ਪੁਲਸ ਵਿੱਚ ਬੀਟ ਸਿਸਟਮ ਚੱਲ ਰਿਹਾ ਸੀ, ਜਿਸ ਨੂੰ ਉਨ੍ਹਾਂ ਖ਼ਤਮ ਕਰ ਦਿੱਤਾ ਹੈ। ਹੁਣ ਸ਼ਹਿਰ ਵਿੱਚ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਡੀ. ਸੀ. ਪੀ. ਟਰੈਫਿਕ ਨਰੇਸ਼ ਡੋਗਰਾ, ਏ. ਡੀ. ਸੀ. ਪੀ. ਟਰੈਫਿਕ ਗਗਨੇਸ਼ ਕੁਮਾਰ ਅਤੇ ਏ. ਸੀ. ਪੀ. ਟਰੈਫਿਕ ਹਰਬਿੰਦਰ ਸਿੰਘ ਭੱਲਾ ਨਾਲ ਮੀਟਿੰਗ ਕਰ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਸ਼ਹਿਰ ਨੂੰ ਕੁੱਲ 4 ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਹੈ। 

ਇਸ ਦੇ ਨਾਲ ਹੀ ਹਰ ਹਿੱਸੇ ਵਿੱਚ ਇਕ ਇੰਸਪੈਕਟਰ ਰੈਂਕ ਦਾ ਅਧਿਕਾਰੀ ਟ੍ਰੈਫਿਕ ਮੁਲਾਜ਼ਮਾਂ ਨਾਲ ਤਾਇਨਾਤ ਕੀਤਾ ਜਾਵੇਗਾ। ਜ਼ੋਨ-1 ਵਿੱਚ ਹਾਈਵੇ ’ਤੇ ਟ੍ਰੈਫਿਕ ਕੰਟਰੋਲ ਕਰਨ ਦੀ ਜ਼ਿੰਮੇਵਾਰੀ ਇੰਸਪੈਕਟਰ ਰਮੇਸ਼ ਲਾਲ ਨੂੰ ਸੌਂਪੀ ਗਈ ਹੈ। ਜ਼ੋਨ-2 ਵਿੱਚ ਮਕਸੂਦਾਂ ਅਤੇ ਉਸਦੇ ਆਲੇ-ਦੁਆਲੇ ਵਿੱਚ ਪੈਂਦੇ ਇਲਾਕਿਆਂ ਵਿੱਚ ਇੰਸਪੈਕਟਰ ਅਮਿਤ ਠਾਕੁਰ, ਜ਼ੋਨ-3 ਮਾਡਲ ਟਾਊਨ ਅਤੇ ਉਸਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਇੰਸਪੈਕਟਰ ਸੁਕੰਦਿਆ ਦੇਵੀ ਅਤੇ ਜ਼ੋਨ-4 ਵਿਚ ਮਾਈ ਹੀਰਾਂ ਗੇਟ ਤੇ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿਚ ਇੰਸ. ਤਰਲੋਕ ਸਿੰਘ ਦੀ ਡਿਊਟੀ ਲਾਈ ਗਈ ਹੈ।

ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸ਼ਹਿਰ ਵਿਚ ਟ੍ਰੈਫਿਕ ਮੁਲਾਜ਼ਮ ਟ੍ਰੈਫਿਕ ਚਲਾਨ ਕੱਟਣ ਵੱਲ ਘੱਟ ਅਤੇ ਟ੍ਰੈਫਿਕ ਦੇ ਸੁਚਾਰੂ ਸੰਚਾਲਨ ’ਤੇ ਜ਼ਿਆਦਾ ਦੇਣ। ਉਨ੍ਹਾਂ ਦੱਸਿਆ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਵੀ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਜਾਵੇ, ਵਾਰ-ਵਾਰ ਗਲਤੀ ਕਰਨ ਵਾਲੇ ਲੋਕਾਂ ਦੀ ਨਕੇਲ ਕੱਸੀ ਜਾਵੇ ਅਤੇ ਆਮ ਲੋਕਾਂ ਨੂੰ ਨਾਕਿਆਂ ’ਤੇ ਰੋਕ ਕੇ ਬਿਨਾਂ ਵਜ੍ਹਾ ਪ੍ਰੇਸ਼ਾਨ ਨਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਟ੍ਰੈਫਿਕ ਵਿਚ ਸੁਧਾਰ ਲਿਆਉਣ ਦੀ ਜ਼ਿੰਮੇਵਾਰੀ ਡੀ. ਸੀ. ਪੀ. ਨਰੇਸ਼ ਡੋਗਰਾ ਅਤੇ ਏ. ਡੀ. ਸੀ. ਪੀ. ਟਰੈਫਿਕ ਗਗਨੇਸ਼ ਕੁਮਾਰ ਨੂੰ ਸੌਂਪੀ ਗਈ ਹੈ।

ਸ਼ਹਿਰ ਵਿਚ 32 ਥਾਵਾਂ ’ਤੇ ਹੋਵੇਗੀ ਨਾਕਾਬੰਦੀ
ਸੀ. ਪੀ. ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਸ਼ਹਿਰ ਦੀਆਂ 32 ਥਾਵਾਂ ’ਤੇ ਟ੍ਰੈਫਿਕ ਪੁਲਸ ਮੁਲਾਜ਼ਮ ਨਾਕਾਬੰਦੀ ਕਰਨਗੇ ਤਾਂ ਕਿ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਪ੍ਰਮੁੱਖ ਚੌਰਾਹਿਆਂ ’ਤੇ 4-4 ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸ਼ਹਿਰ ਦੇ ਛੋਟੇ ਚੌਰਾਹਿਆਂ ਵਿਚ 2- 2 ਮੁਲਾਜ਼ਮਾਂ ਦੀ ਤਾਇਨਾਤੀ ਹੋਵੇਗੀ ਤਾਂ ਕਿ ਸ਼ਹਿਰ ਵਾਸੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।

ਟ੍ਰੈਫਿਕ ਮੁਲਾਜ਼ਮਾਂ ਨੂੰ ਦਿੱਤੇ ਵਾਕੀ-ਟਾਕੀ ਸੈੱਟ
ਡੀ. ਸੀ. ਪੀ. ਨਰੇਸ਼ ਡੋਗਰਾ ਅਤੇ ਏ. ਡੀ. ਸੀ. ਪੀ. ਟ੍ਰੈਫਿਕ ਗਗਨੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਕਮਿਸ਼ਨਰ ਦੇ ਨਿਰਦੇਸ਼ਾਂ ਮੁਤਾਬਕ ਟ੍ਰੈਫਿਕ ਮੁਲਾਜ਼ਮਾਂ ਨੂੰ ਵਾਕੀ-ਟਾਕੀ ਸੈੱਟ ਦਿੱਤੇ ਗਏ ਹਨ। ਸ਼ਹਿਰ ਵਿੱਚ ਜੇਕਰ ਕਿਸੇ ਥਾਂ ’ਤੇ ਟ੍ਰੈਫਿਕ ਦੀ ਸਮੱਸਿਆ ਆਉਂਦੀ ਹੈ ਤਾਂ ਉਕਤ ਟ੍ਰੈਫਿਕ ਮੁਲਾਜ਼ਮ ਵਾਕੀ-ਟਾਕੀ ਸੈੱਟ ਜ਼ਰੀਏ ਕੰਟਰੋਲ ਰੂਮ ਵਿਚ ਮੈਸੇਜ ਦੇਣਗੇ। ਲੋੜ ਪੈਣ ’ਤੇ ਹੋਰ ਮੁਲਾਜ਼ਮਾਂ ਨੂੰ ਵੀ ਟ੍ਰੈਫਿਕ ਦੇ ਸੁਚਾਰੂ ਸੰਚਾਲਨ ਲਈ ਮੁਲਾਜ਼ਮਾਂ ਦੀ ਮਦਦ ਲਈ ਭੇਜਿਆ ਜਾਵੇਗਾ।

ਮੁਲਾਜ਼ਮਾਂ ਦੀ ਘਾਟ ਨੂੰ ਕੀਤਾ ਦੂਰ
ਪੁਲਸ ਕਮਿਸ਼ਨਰ ਡਾ. ਗਿੱਲ ਨੇ ਟ੍ਰੈਫਿਕ ਪੁਲਸ ਵਿਚ ਮੁਲਾਜ਼ਮਾਂ ਦੀ ਘਾਟ ਨੂੰ ਦੂਰ ਕਰ ਦਿੱਤਾ ਹੈ, ਜਿਸ ਵਿੱਚ ਕਈ ਦਫ਼ਤਰਾਂ ਵਿਚ ਕੰਮਕਾਜ ਕਰ ਰਹੇ ਮੁਲਾਜ਼ਮਾਂ ਨੂੰ ਟ੍ਰੈਫਿਕ ਵਿਚ ਸ਼ਿਫਟ ਕੀਤਾ ਗਿਆ ਹੈ। ਹੁਣ ਟ੍ਰੈਫਿਕ ਪੁਲਸ ਵਿਚ ਲਗਭਗ 140 ਮੁਲਾਜ਼ਮ ਹੋ ਗਏ ਹਨ। ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਕੁਝ ਮੁਲਾਜ਼ਮ ਟ੍ਰੈਨਿੰਗ ’ਤੇ ਗਏ ਹੋਏ ਹਨ, ਜਿਸ ਕਾਰਨ ਮੁਲਾਜ਼ਮਾਂ ਦੀ ਅਜੇ ਵੀ ਟ੍ਰੈਫਿਕ ਵਿਭਾਗ ਵਿਚ ਘਾਟ ਪਾਈ ਜਾ ਰਹੀ ਹੈ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਉਕਤ ਘਾਟ ਨੂੰ ਵੀ ਜਲਦ ਦੂਰ ਕਰਨ ਦਾ ਯਤਨ ਕੀਤਾ ਜਾਵੇਗਾ।

ਜਨਤਾ ਨੂੰ ਇਨਸਾਫ ਦਿਵਾਉਣ ਲਈ ਸੀ. ਪੀ. ਨੇ ਖੁਦ ਸੰਭਾਲੀ ਕਮਾਨ
ਜਨਤਾ ਨੂੰ ਇਨਸਾਫ ਦਿਵਾਉਣ ਲਈ ਸੀ. ਪੀ. ਸੁਖਚੈਨ ਸਿੰਘ ਗਿੱਲ ਨੇ ਖੁਦ ਕਮਾਨ ਸੰਭਾਲੀ ਹੈ, ਜਿਸ ਕਾਰਨ ਉਨ੍ਹਾਂ ਚਾਰਜ ਸੰਭਾਲਣ ਤੋਂ ਬਾਅਦ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਨਾਈਟ ਡੋਮੀਨੇਸ਼ਨ ਨੂੰ ਹੋਰ ਮਜ਼ਬੂਤ ਕੀਤਾ। ਕਮਿਸ਼ਨਰ ਪੁਲਸ ਦੇ ਅਧਿਕਾਰੀਆਂ ਨੂੰ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਫਾਈਲ ਵਿੱਚ ਵੀ ਜਾਣ ਨੂੰ ਕਿਹਾ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਹਾਈ ਅਲਰਟ ਦੌਰਾਨ ਸ਼ਹਿਰ ਵਿੱਚ ਰਾਤ ਨੂੰ ਐਂਟਰੀ ਪੁਆਇੰਟਾਂ ’ਤੇ ਨਾਕੇ ਲਾਏ ਗਏ। ਦੂਜੇ ਪਾਸੇ ਡਾ. ਗਿੱਲ ਕਮਿਸ਼ਨਰ ਦਫ਼ਤਰ ਵਿੱਚ ਆਉਣ ਵਾਲੀ ਹਰ ਸ਼ਿਕਾਇਤ ਦਾ ਨੋਟਿਸ ਲੈ ਕੇ ਅਧਿਕਾਰੀਆਂ ਨੂੰ ਬਾਅਦ ਵਿੱਚ ਜਾਂਚ ਲਈ ਭੇਜਣਗੇ।

ਭਗੌੜੇ ਮੁਜਰਿਮਾਂ ਨੂੰ ਕਾਬੂ ਕਰਨ ਦੀ ਜ਼ਿੰਮੇਵਾਰੀ ਸੁਹੇਲ ਮੀਰ ਨੂੰ ਸੌਂਪੀ
ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਸ਼ਹਿਰ ਦੀ ਸੁਰੱਖਿਆ ਦੀ ਕਮਾਨ ਆਈ. ਪੀ. ਐੱਸ. ਅਧਿਕਾਰੀ ਸੁਹੇਲ ਮੀਰ ਨੂੰ ਸੌਂਪੀ ਹੈ। ਸੁਹੇਲ ਮੀਰ ਦੀ ਅਗਵਾਈ ਵਿਚ ਪੀ. ਸੀ. ਆਰ. ਦਸਤਾ ਸ਼ਹਿਰ ਵਿਚ ਪੈਟਰੋਲਿੰਗ ਕਰ ਰਿਹਾ ਹੈ। ਉਨ੍ਹਾਂ ਮਾਣਯੋਗ ਅਦਾਲਤ ਵੱਲੋਂ ਭਗੌੜਾ ਕਰਾਰ ਮੁਜਰਿਮਾਂ ਨੂੰ ਫੜਨ ਦੀ ਜ਼ਿੰਮੇਵਾਰੀ ਏ. ਡੀ. ਸੀ. ਪੀ. ਸਿਟੀ-1 ਸੁਹੇਲ ਮੀਰ ਨੂੰ ਸੌਂਪੀ ਹੈ। ਇਸ ਕਾਰਨ ਅੱਜ ਉਨ੍ਹਾਂ ਸਾਰੇ ਥਾਣਾ ਇੰਚਾਰਜਾਂ ਨਾਲ ਆਪਣੇ ਦਫ਼ਤਰ ਵਿਚ ਮੀਟਿੰਗ ਕਰ ਕੇ ਭਗੌੜਿਆਂ ਨੂੰ ਜਲਦ ਕਾਬੂ ਕਰਨ ਦੇ ਨਿਰਦੇਸ਼ ਜਾਰੀ ਕੀਤੇ।


author

rajwinder kaur

Content Editor

Related News