ਸਰਕਾਰੀ ਦਫ਼ਤਰਾਂ ਦੇ ਤਬਦੀਲ ਕੀਤੇ ਸਮੇਂ ਕਾਰਨ ਵਿਅਸਤ ਏਅਰਪੋਰਟ ਰੋਡ ਮੋਹਾਲੀ ’ਤੇ ਆਵਾਜਾਈ ਹੋਈ ਸੁਖਾਲੀ
Thursday, May 04, 2023 - 12:55 AM (IST)
ਚੰਡੀਗੜ੍ਹ (ਬਿਊਰੋ) : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸਰਕਾਰੀ ਦਫ਼ਤਰਾਂ ਦੇ ਸਮੇਂ ਨੂੰ ਤਬਦੀਲ ਕਰਨ ਵਾਲੇ ਨਾਗਰਿਕ-ਕੇਂਦ੍ਰਿਤ ਫੈਸਲੇ ਨਾਲ ਨਾ ਸਿਰਫ ਬਿਜਲੀ ਦੀ ਬੱਚਤ ਹੋ ਰਹੀ ਹੈ, ਬਲਕਿ ਮੋਹਾਲੀ ਦੀ ਵਿਅਸਤ ਏਅਰਪੋਰਟ ਰੋਡ ’ਤੇ ਟ੍ਰੈਫਿਕ ਘਟਣ ਨਾਲ ਲੋਕਾਂ ਦਾ ਆਉਣ-ਜਾਣ ਸੁਖਾਲਾ ਹੋਇਆ ਹੈ। ਇਹ ਤੱਥ ਪੰਜਾਬ ਰੋਡ ਸੇਫਟੀ ਐਂਡ ਟ੍ਰੈਫਿਕ ਰਿਸਰਚ ਸੈਂਟਰ (ਪੀ. ਆਰ. ਐੱਸ. ਟੀ. ਆਰ. ਸੀ.) ਵਲੋਂ ਦਫ਼ਤਰੀ ਸਮਾਂ ਬਦਲਣ ਕਾਰਨ ਟ੍ਰੈਫਿਕ ਆਵਾਜਾਈ ’ਤੇ ਪੈਣ ਵਾਲੇ ਪ੍ਰਭਾਵਾਂ ਦਾ ਵਿਸ਼ਲੇਸ਼ਣ ਕਰਨ ਲਈ ਕੀਤੇ ਗਏ ਅਧਿਐਨ ਦੌਰਾਨ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ : ਭਾਰਤ 'ਚ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ ਬਣ ਕੇ ਤਿਆਰ, ਜਾਣੋ ਕਦੋਂ ਖੁੱਲ੍ਹੇਗਾ ਤੇ ਕੀ ਹਨ ਇਸ ਦੀਆਂ ਵਿਸ਼ੇਸ਼ਤਾਵਾਂ?
ਇਸ ਫੈਸਲੇ ਨੂੰ ਲਾਗੂ ਕਰਨ ਦੇ ਪਹਿਲੇ ਦਿਨ ਏਅਰਪੋਰਟ ਰੋਡ (ਪੀ.ਆਰ.-7) ’ਤੇ ਭੀੜ-ਭੜੱਕੇ ਵਿਚ ਮਹੱਤਵਪੂਰਨ ਕਮੀ ਆਈ ਹੈ। 18 ਕਿ. ਮੀ. ਲੰਬੀ ਇਸ ਰੋਡ ’ਤੇ ਟੌਮ-ਟੌਮ ਮੈਪਸ ਰਾਹੀਂ ਕੀਤੇ ਗਏ ਟ੍ਰੈਫਿਕ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ ਪੀਕ ਘੰਟਿਆਂ ਦੌਰਾਨ ਔਸਤ ਦੇਰੀ 30-40 ਮਿੰਟਾਂ ਤੋਂ ਘਟ ਕੇ ਹੁਣ ਸਿਰਫ 5-6 ਮਿੰਟ ਹੀ ਰਹਿ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਵੱਡੇ ਜਨਤਕ ਹਿੱਤਾਂ ਲਈ ਮੰਗਲਵਾਰ ਸਰਕਾਰੀ ਦਫ਼ਤਰਾਂ ਦਾ ਸਮਾਂ ਸਵੇਰੇ 9 ਤੋਂ 5 ਵਜੇ ਦੀ ਥਾਂ ਸਵੇਰੇ 7.30 ਤੋਂ 2 ਵਜੇ ਤਕ ਕਰ ਦਿੱਤਾ ਹੈ, ਜਿਸ ਨਾਲ ਹਰ ਰੋਜ਼ ਲਗਭਗ 350 ਮੈਗਾਵਾਟ ਬਿਜਲੀ ਬਚੇਗੀ ਅਤੇ ਨਾਲ-ਨਾਲ 2 ਮਈ ਤੋਂ 15 ਜੁਲਾਈ ਤਕ 40-45 ਕਰੋੜ ਰੁਪਏ ਦੀ ਬੱਚਤ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਅਜਬ-ਗਜ਼ਬ : ਜਦੋਂ ਜਾਮਣੀ ਰੌਸ਼ਨੀ ਨਾਲ ਜਗਮਗਾਉਣ ਲੱਗਾ ਕੈਨੇਡਾ ਦਾ ਆਸਮਾਨ, ਨਜ਼ਾਰਾ ਦੇਖ ਹਰ ਕੋਈ ਹੋਇਆ ਹੈਰਾਨ
ਏ. ਡੀ. ਜੀ. ਪੀ. ਟ੍ਰੈਫਿਕ ਅਮਰਦੀਪ ਸਿੰਘ ਰਾਏ ਨੇ ਕਿਹਾ ਕਿ ਯਾਤਰਾ ਦੇ ਸਮੇਂ ਵਿਚ ਕਟੌਤੀ ਨਾਲ ਡੀਜ਼ਲ/ਪੈਟਰੋਲ ਦੀ ਖਪਤ ਵਿਚ ਵੀ ਕਮੀ ਆਵੇਗੀ, ਜਿਸ ਨਾਲ 7500 ਲਿਟਰ ਡੀਜ਼ਲ/ਪੈਟਰੋਲ ਦੀ ਖਪਤ ਬਚੇਗੀ, ਜਿਸ ਨਾਲ ਰੋਜ਼ਾਨਾ 6.75 ਲੱਖ ਰੁਪਏ ਦੀ ਬੱਚਤ ਹੋਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਬੱਚਤ ਤੋਂ ਇਲਾਵਾ ਭੀੜ-ਭੜੱਕੇ ਵਿਚ ਕਮੀ ਵਾਤਾਵਰਣ ਲਈ ਵੀ ਲਾਹੇਵੰਦ ਹੈ ਕਿਉਂਕਿ ਇਸ ਨਾਲ ਗ੍ਰੀਨਹਾਊਸ ਗੈਸਾਂ ਅਤੇ ਹਵਾ ਪ੍ਰਦੂਸ਼ਕਾਂ ਦੀ ਨਿਕਾਸੀ ਵਿਚ ਵੀ ਕਮੀ ਆਵੇਗੀ। ਅਧਿਐਨ ਵਿਚ ਪਾਇਆ ਗਿਆ ਕਿ ਪੀਕ ਆਵਰਜ਼ ਦੌਰਾਨ ਲਗਭਗ 7000 ਵਾਹਨ ਇਕ ਘੰਟੇ ਵਿਚ ਏਅਰਪੋਰਟ ਰੋਡ (ਪੀ. ਆਰ.-7) ਤੋਂ ਆਉਂਦੇ-ਜਾਂਦੇ ਹਨ, ਇਨ੍ਹਾਂ ਵਿਚੋਂ 25 ਫ਼ੀਸਦੀ ਦੋਪਹੀਆ ਵਾਹਨ, 64 ਫ਼ੀਸਦੀ ਚਾਰ ਪਹੀਆ ਵਾਹਨ ਅਤੇ ਬਾਕੀ 11 ਫ਼ੀਸਦੀ ਟਰੱਕ, ਬੱਸਾਂ, ਟਰੈਕਟਰ, ਮਲਟੀ-ਐਕਸਲ ਅਤੇ ਹੋਰ ਹਨ।
ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਵੱਲੋਂ 35,000 ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਵਸੀਕਾ ਨਵੀਸ ਗ੍ਰਿਫ਼ਤਾਰ
ਇਕ ਅਨੁਮਾਨ ਮੁਤਾਬਕ ਇਨ੍ਹਾਂ ਵਾਹਨਾਂ ਲਈ ਪੰਜ ਘੰਟਿਆਂ ਦੌਰਾਨ 25 ਮਿੰਟ ਦੀ ਵਾਧੂ ਦੇਰੀ ਨਾਲ ਪ੍ਰਤੀ ਦਿਨ 7500 ਲੀਟਰ ਡੀਜ਼ਲ/ਪੈਟਰੋਲ ਦੀ ਖਪਤ ਹੁੰਦੀ ਹੈ। ਤੇਲ ਦੀ ਬੱਚਤ ਦੇ ਅੰਦਾਜ਼ੇ ਕੇਂਦਰੀ ਸੜਕ ਖੋਜ ਸੰਸਥਾ ਨਵੀਂ ਦਿੱਲੀ ਅਤੇ ਇੰਡੀਅਨ ਰੋਡਜ਼ ਕਾਂਗਰਸ ਵਲੋਂ ਉਪਲਬਧ ਵੱਖ-ਵੱਖ ਵਾਹਨਾਂ ਲਈ ਵਾਹਨ ਚਲਾਉਣ ਦੀ ਲਾਗਤ ’ਤੇ ਆਧਾਰਿਤ ਹਨ। ਪੀ. ਆਰ. ਐੱਸ. ਟੀ. ਆਰ. ਸੀ. ਮੁਤਾਬਿਕ ਏਅਰਪੋਰਟ ਰੋਡ ’ਤੇ ਇਸ ਪਹਿਲਕਦਮੀ ਦੀ ਸਫਲਤਾ ਦੂਜੇ ਸ਼ਹਿਰਾਂ ਅਤੇ ਪ੍ਰਮੁੱਖ ਸੜਕਾਂ ਦੇ ਭੀੜ-ਭੜੱਕੇ ਨੂੰ ਘਟਾਉਣ, ਖਰਚਿਆਂ ਨੂੰ ਬਚਾਉਣ ਅਤੇ ਸਾਫ ਵਾਤਾਵਰਣ ਨੂੰ ਉਤਸ਼ਾਹਿਤ ਕਰਨ ਲਈ ਇਕ ਮਾਡਲ ਵਜੋਂ ਅਮਲ ਵਿਚ ਲਿਆਂਦੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਸੂਬੇ ਦੇ ਹੋਰ ਸ਼ਹਿਰਾਂ ਨੇ ਵੀ ਪਹਿਲੇ ਦਿਨ ਅਜਿਹਾ ਹੀ ਪ੍ਰਭਾਵ ਦੇਖਿਆ ਹੋਵੇਗਾ ਅਤੇ ਉਹ ਵੀ ਇਸਦੇ ਲੰਬੇ ਸਮੇਂ ਦੇ ਪ੍ਰਭਾਵ ਦੀ ਆਸ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸੜਕ ਸੁਰੱਖਿਆ ਅਤੇ ਆਵਾਜਾਈ ਖੋਜ ਕੇਂਦਰ ਸੂਬੇ ਵਿਚ ਭੀੜ-ਭੜੱਕੇ ਨੂੰ ਘਟਾਉਣ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਨਵੀਨਤਾਕਾਰੀ ਹੱਲ ਲੱਭਣ ਲਈ ਠੋਸ ਯਤਨ ਕਰ ਰਿਹਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।