ਪੰਜਾਬ ਭਰ ’ਚ ਸ਼ੁਰੂ ਹੋਵੇਗੀ ਟਰੈਫਿਕ ਮਾਰਸ਼ਲ ਸਕੀਮ, ਜਾਰੀ ਹੋਈਆਂ ਗਾਈਡਲਾਈਨਜ਼
Thursday, May 05, 2022 - 03:00 PM (IST)
ਜਲੰਧਰ (ਜ. ਬ.)–ਟਰੈਫਿਕ ਵਿਵਸਥਾ ਅਤੇ ਟਰੈਫਿਕ ਪੁਲਸ ਦੀ ਕਾਰਵਾਈ ਨੂੰ ਪਾਰਦਰਸ਼ੀ ਕਰਨ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਟਰੈਫਿਕ ਮਾਰਸ਼ਲ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ। ਏ. ਡੀ. ਜੀ. ਪੀ. ਟਰੈਫਿਕ ਦੇ ਲੈਟਰ ਤੋਂ ਬਾਅਦ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਪੁਲਸ ਕਮਿਸ਼ਨਰ ਅਤੇ ਐੱਸ. ਐੱਸ. ਪੀਜ਼ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਆਪਣੇ-ਆਪਣੇ ਜ਼ਿਲ੍ਹੇ ਵਿਚ ਮਾਰਸ਼ਲ ਭਰਤੀ ਕਰਨ, ਹਾਲਾਂਕਿ ਕੁਝ ਗਿਣੇ ਚੁਣੇ ਜ਼ਿਲ੍ਹਿਆਂ ਵਿਚ ਟਰੈਫਿਕ ਮਾਰਸ਼ਲ ਡਿਊਟੀ ਦੇ ਰਹੇ ਹਨ ਪਰ ਉਹ ਨਾਂਹ ਦੇ ਬਰਾਬਰ ਹਨ।
ਇਸ ਲੈਟਰ ਵਿਚ ਏ. ਡੀ. ਜੀ. ਪੀ. ਟਰੈਫਿਕ ਨੇ ਗਾਈਡਲਾਈਨਜ਼ ਵੀ ਜਾਰੀ ਕੀਤੀਆਂ ਹਨ। ਜਲੰਧਰ ਦੀ ਗੱਲ ਕਰੀਏ ਤਾਂ ਜਲਦ ਹੀ ਜਲੰਧਰ ਟਰੈਫਿਕ ਪੁਲਸ 10 ਟਰੈਫਿਕ ਮਾਰਸ਼ਲ ਭਰਤੀ ਕਰੇਗੀ, ਹਾਲਾਂਕਿ ਜਲੰਧਰ ਵਿਚ ਪਹਿਲਾਂ ਤੋਂ ਹੀ 10 ਮਾਰਸ਼ਲ ਸਨ ਪਰ ਉਹ ਡਿਊਟੀ ਨਹੀਂ ਦੇ ਰਹੇ। ਜਾਰੀ ਹੋਈਆਂ ਗਾਈਡਲਾਈਨਜ਼ ਮੁਤਾਬਕ ਪੁਲਸ ਕਮਿਸ਼ਨਰ ਅਤੇ ਐੱਸ. ਐੱਸ. ਪੀ. ਖ਼ੁਦ ਚੁਣ ਕੇ ਲਾਏ ਗਏ ਟਰੈਫਿਕ ਮਾਰਸ਼ਲ ਦੀ ਨਿਯੁਕਤੀ ਕਰਨਗੇ।
ਇਹ ਵੀ ਪੜ੍ਹੋ: ਕਿਸਾਨੀ ਮਸਲੇ ਨੂੰ ਲੈ ਕੇ ਨਵਜੋਤ ਸਿੱਧੂ ਨੇ ਘੇਰੀ ਮਾਨ ਸਰਕਾਰ, ਆਖੀ ਇਹ ਗੱਲ
ਟਰੈਫਿਕ ਮਾਰਸ਼ਲ ਉਹੀ ਬਣ ਸਕਦੇ ਹਨ, ਜੋ ਸਾਬਕਾ ਫ਼ੌਜੀ, ਸਾਬਕਾ ਪੁਲਸ ਮੁਲਾਜ਼ਮ, ਸਾਬਕਾ ਬੈਂਕ ਮੁਲਾਜ਼ਮ, ਸਾਬਕਾ ਟੀਚਰ, ਬੈਂਕ ਮੁਲਾਜ਼ਮ ਜਾਂ ਫਿਰ ਪ੍ਰੋਫੈਸ਼ਨਲ ਹੋਣ। ਟਰੈਫਿਕ ਮਾਰਸ਼ਲ ਬਣਨ ਲਈ ਬਿਨੈ-ਪੱਤਰ ਨੂੰ ਭਰ ਕੇ ਸੀ. ਪੀ. ਆਫ਼ਿਸ ਜਾਂ ਫਿਰ ਐੱਸ. ਐੱਸ. ਪੀ. ਆਫ਼ਿਸ ਵਿਖੇ ਜਮ੍ਹਾ ਕਰਾਉਣਾ ਹੋਵੇਗਾ। ਇਸ ਤੋਂ ਇਲਾਵਾ ਕਿਹਾ ਗਿਆ ਹੈ ਕਿ ਟਰੈਫਿਕ ਮਾਰਸ਼ਲ ਸਰਵਿਸ ਚੈਕਿੰਗ ਅਤੇ ਰੋਡ ਸੇਫਟੀ ਅਵੇਅਰਨੈੱਸ ਦੌਰਾਨ ਟਰੈਫਿਕ ਪੁਲਸ ਨਾਲ ਤਾਇਨਾਤ ਰਹਿਣਗੇ। ਇਹ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਚੁਣੇ ਗਏ ਟਰੈਫਿਕ ਮਾਰਸ਼ਲਾਂ ਨਾਲ ਪੁਲਸ ਸਹੀ ਢੰਗ ਨਾਲ ਪੇਸ਼ ਆਵੇਗੀ। ਇਸ ਬਾਰੇ ਏ. ਡੀ. ਸੀ. ਪੀ. ਟਰੈਫਿਕ ਗਗਨੇਸ਼ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਕੀਮ ਨੂੰ ਲਾਗੂ ਕਰਨ ਲਈ ਅਜੇ ਅਧਿਕਾਰੀਆਂ ਦੀ ਮੀਟਿੰਗ ਚੱਲ ਰਹੀ ਹੈ। ਜਲਦ ਹੀ ਟਰੈਫਿਕ ਮਾਰਸ਼ਲ ਤਾਇਨਾਤ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਜਲੰਧਰ ਵਿਚ 10 ਟਰੈਫਿਕ ਮਾਰਸ਼ਲ ਰੱਖੇ ਜਾਣਗੇ।
ਇਹ ਵੀ ਪੜ੍ਹੋ: ਜਲੰਧਰ ਦੇ ਚਿੱਕ-ਚਿੱਕ ਹਾਊਸ ਨੇੜੇ ਵਾਪਰਿਆ ਭਿਆਨਕ ਹਾਦਸਾ, ਔਰਤ ਦੀ ਹੋਈ ਦਰਦਨਾਕ ਮੌਤ
ਵੈਰੀਫਿਕੇਸ਼ਨ ਹੋਣ ਤੋਂ ਬਾਅਦ ਚੁਣੇ ਜਾਣਗੇ ਮਾਰਸ਼ਲ
ਏ. ਡੀ. ਜੀ. ਪੀ. ਟਰੈਫਿਕ ਨੇ ਜਾਰੀ ਕੀਤੇ ਲੈਟਰ ਵਿਚ ਕਿਹਾ ਕਿ ਜਿੰਨੇ ਵੀ ਮਾਰਸ਼ਲ ਚੁਣੇ ਜਾਣਗੇ, ਉਨ੍ਹਾਂ ਸਾਰਿਆਂ ਦੀ ਵੈਰੀਫਿਕੇਸ਼ਨ ਪੁਲਸ ਵਿਭਾਗ ਦੀ ਬ੍ਰਾਂਚ ਕਰੇਗੀ। ਭਾਵੇਂ ਉਹ ਸੀ. ਆਈ. ਡੀ. ਮਹਿਕਮਾ ਹੀ ਕਿਉਂ ਨਾ ਹੋਵੇ। ਇਹ ਵੀ ਚੈੱਕ ਕੀਤਾ ਜਾਵੇਗਾ ਕਿ ਉਸ ਮਾਰਸ਼ਲ ਖ਼ਿਲਾਫ਼ ਕਿਸੇ ਤਰ੍ਹਾਂ ਦਾ ਕੋਈ ਅਪਰਾਧਿਕ ਕੇਸ ਦਰਜ ਨਾ ਹੋਵੇ। ਇਸ ਤੋਂ ਇਲਾਵਾ ਟਰੈਫਿਕ ਮਾਰਸ਼ਲ ਦੀ ਇੰਟਰਵਿਊ ਖੁਦ ਸੀ. ਪੀ. ਜਾਂ ਐੱਸ. ਐੱਸ. ਪੀ. ਕਰਨਗੇ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੀ ਕੁੜੀ ਨੇ ਅਮਰੀਕਾ 'ਚ ਗੱਡੇ ਝੰਡੇ, ਵਿਗਿਆਨੀ ਬਣ ਨੇ ਚਮਕਾਇਆ ਪੰਜਾਬ ਦਾ ਨਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ