ਤਰਨਤਾਰਨ ''ਚ ਕਈ ਦਿਨਾਂ ਤੋਂ ਲੱਗ ਰਹੇ ਟ੍ਰੈਫਿਕ ਜਾਮ, ਫਾਇਰ ਬ੍ਰਿਗੇਡ ਕਰਮਚਾਰੀਆਂ ਨੇ DC ਨੂੰ ਲਗਾਈ ਗੁਹਾਰ
Saturday, Feb 01, 2025 - 01:27 PM (IST)

ਤਰਨਤਾਰਨ (ਰਮਨ)- ਸਥਾਨਕ ਸ਼ਹਿਰ ਵਿਚ ਬੀਤੇ ਕਈ ਦਿਨਾਂ ਤੋਂ ਪੈਦਾ ਹੋਈ ਟ੍ਰੈਫਿਕ ਜਾਮ ਦੀ ਸਮੱਸਿਆ ਕਾਰਨ ਜਿੱਥੇ ਸ਼ਹਿਰ ਵਾਸੀਆਂ ਅਤੇ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਫਾਇਰ ਬ੍ਰਿਗੇਡ ਗੱਡੀਆਂ ਅਤੇ ਐਂਬੂਲੈਂਸ ਨੂੰ ਵੀ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਸ਼ਹਿਰ ਵਿੱਚ ਵੱਖ-ਵੱਖ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਅਤੇ ਰਸਤੇ ਵਿਚ ਖੜ੍ਹੇ ਹੋਣ ਵਾਲੇ ਵਾਹਨਾਂ ਦੇ ਚੱਲਦਿਆਂ ਟ੍ਰੈਫਿਕ ਜਾਮ ਦੀ ਸਮੱਸਿਆ ਨਿਰੰਤਰ ਜਾਰੀ ਹੈ। ਇਸ ਦੌਰਾਨ ਦੂਰ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਲੰਮੀਆਂ ਕਤਾਰਾਂ ਵਿਚ ਕੀੜੀ ਦੀ ਚਾਲ ਚੱਲਣਾ ਪੈ ਰਿਹਾ ਹੈ। ਇਥੇ ਦੱਸਣਯੋਗ ਹੈ ਕਿ ਸ਼ਹਿਰ ਵਿਚ ਟ੍ਰੈਫਿਕ ਸਮੱਸਿਆ ਬੀਤੇ ਕਰੀਬ 15 ਦਿਨਾਂ ਤੋਂ ਨਿਰੰਤਰ ਜਾਰੀ ਹੈ। ਜਿਸ ਦਾ ਮੁੱਖ ਕਾਰਨ ਪਿੰਡ ਕੱਕਾ ਕੰਡਿਆਲਾ ਵਿਖੇ ਬਣਨ ਵਾਲੇ ਫਲਾਈ ਓਵਰ ਦੇ ਚੱਲਦਿਆਂ ਅੰਮ੍ਰਿਤਸਰ ਤੋਂ ਆਉਣ ਵਾਲੇ ਵਾਹਨਾਂ ਦਾ ਸ਼ਹਿਰ ਵਿਚੋਂ ਨਿਕਲਣਾ ਮੰਨਿਆ ਜਾ ਰਿਹਾ ਹੈ।
ਓਧਰ ਸ਼ਹਿਰ ਵਿਚ ਵੱਖ-ਵੱਖ ਬਾਜ਼ਾਰਾਂ ਅਤੇ ਸੜਕਾਂ ਉਪਰ ਕੀਤੇ ਗਏ ਕਬਜ਼ਿਆਂ ਅਤੇ ਵਾਹਨਾਂ ਦਾ ਸੜਕਾਂ ਉਪਰ ਖੜ੍ਹੇ ਕਰਨ ਕਰਕੇ ਟ੍ਰੈਫਿਕ ਜਾਮ ਲੱਗ ਰਿਹਾ ਹੈ। ਸ਼ਹਿਰ ਵਿਚ ਵਾਹਨਾਂ ਦੇ ਖੜ੍ਹੇ ਹੋਣ ਲਈ ਖਾਸ ਪਾਰਕਿੰਗ ਦੀ ਸੁਵਿਧਾ ਨਾ ਹੋਣ ਕਰਕੇ ਲੋਕ ਮਜ਼ਬੂਰਨ ਆਪਣੀਆਂ ਗੱਡੀਆਂ ਨੂੰ ਸੜਕਾਂ ਉਪਰ ਖੜ੍ਹੇ ਕਰਕੇ ਬਾਜ਼ਾਰਾਂ ਵਿਚ ਚਲੇ ਜਾਂਦੇ ਹਨ। ਇਸ ਦੌਰਾਨ ਸ਼ਹਿਰ ਦੀ ਮੇਨ ਰੋਡ ਉਪਰ ਦੋਵੇਂ ਪਾਸੇ ਟ੍ਰੈਫਿਕ ਜਾਮ ਲੱਗ ਜਾਂਦਾ ਹੈ ਅਤੇ ਲੋਕਾਂ ਦਾ ਪੈਦਲ ਚੱਲਣਾ ਤੱਕ ਮੁਸ਼ਕਿਲ ਹੋ ਜਾਂਦਾ ਹੈ।
ਇਹ ਵੀ ਪੜ੍ਹੋ- ਸਰਪੰਚ ਨੇ ਹੋਟਲ 'ਚ ਕਿਸੇ ਹੋਰ ਨਾਲ ਰੰਗੇ-ਹੱਥੀਂ ਫੜ ਲਈ ਸਰਪੰਚਣੀ, ਤੇ ਫਿਰ...
ਇਸ ਦੌਰਾਨ ਸ਼ਹਿਰ ਵਿਚ ਸਬਜ਼ੀ ਅਤੇ ਹੋਰ ਸਾਮਾਨ ਵੇਚਣ ਵਾਲੇ ਰੇਹੜੀ ਚਾਲਕਾਂ ਵੱਲੋਂ ਵੀ ਬੇਤਰਤੀਬੀ ਢੰਗ ਨਾਲ ਸਾਮਾਨ ਵੇਚਣ ਕਰਕੇ ਟ੍ਰੈਫਿਕ ਜਾਮ ਲੱਗ ਰਿਹਾ ਹੈ ਪ੍ਰੰਤੂ ਟ੍ਰੈਫਿਕ ਪੁਲਸ ਵੱਲੋਂ ਇਸ ਸਬੰਧੀ ਵਿਸ਼ੇਸ਼ ਧਿਆਨ ਨਾ ਦੇਣ ਕਰਕੇ ਲੋਕ ਜਾਮ ਵਿਚ ਫਸੇ ਨਜ਼ਰ ਆ ਰਹੇ ਹਨ। ਇਸ ਸਬੰਧੀ ਗੱਲਬਾਤ ਕਰਦੇ ਹੋਏ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਦੱਸਿਆ ਕਿ ਇਸ ਰੋਜ਼ਾਨਾ ਲੱਗਣ ਵਾਲੇ ਜਾਮ ਵਿਚੋਂ ਕਿਸੇ ਅਣਸੁਖਾਵੀ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੱਕ ਪੁੱਜਣ ਵਿਚ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਸਥਾਨਕ ਸ਼ਹਿਰ ਦੇ ਮੁਹੱਲਾ ਗੁਰੂ ਤੇਗ ਬਹਾਦਰ ਵਿਖੇ ਇਕ ਘਰ ਵਿਚ ਲੱਗੀ ਅੱਗ ਨੂੰ ਬੁਝਾਉਣ ਲਈ ਮਿਲੀ ਸੂਚਨਾ ਤੋਂ ਬਾਅਦ ਉਹ ਤੁਰੰਤ ਰਵਾਨਾ ਹੋ ਗਏ ਸਨ ਪਰ ਸ਼ਹਿਰ ਦੀ ਮੇਨ ਸੜਕ ਅਤੇ ਚੌਂਕ ਨੂੰ ਪਾਰ ਕਰਨ ਵਿਚ ਉਨ੍ਹਾਂ ਨੂੰ ਕੁੱਲ 40 ਮਿੰਟ ਦਾ ਸਮਾਂ ਲੱਗ ਗਿਆ, ਜਿਸ ਦੇ ਚੱਲਦਿਆਂ ਪੀੜਤ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਲੇਟ ਪੁੱਜਣ ਕਰਕੇ ਖਰੀਆਂ-ਖਰੀਆਂ ਸੁਣਾਈਆਂ ਗਈਆਂ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਹੈ ਕਿ ਇਸ ਟ੍ਰੈਫਿਕ ਜਾਮ ਨੂੰ ਜਲਦ ਖੁਲ੍ਹਵਾਇਆ ਜਾਵੇ ਤਾਂ ਜੋ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਉਹ ਬਿਨਾਂ ਟ੍ਰੈਫਿਕ ਜਾਮ ਤੋਂ ਮੌਕੇ ’ਤੇ ਘਟਨਾ ਵਾਲੀ ਜਗ੍ਹਾ ਉਪਰ ਪੁੱਜ ਸਕਣ। ਉਨ੍ਹਾਂ ਦੱਸਿਆ ਕਿ ਬੀਤੇ ਕਈ ਦਿਨਾਂ ਤੋਂ ਸ਼ਹਿਰ ਵਿਚ ਟ੍ਰੈਫਿਕ ਜਾਮ ਲੱਗ ਰਿਹਾ ਹੈ, ਜਿਸ ਦੇ ਚੱਲਦਿਆਂ ਰੋਜ਼ਾਨਾ ਇਸ ਸਬੰਧੀ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਪੁਆਏ ਵੈਣ, ਇੱਟਾਂ ਵਾਲੀ ਟਰਾਲੀ ਨੇ ਪਤੀ-ਪਤਨੀ ਨੂੰ ਦਰੜਿਆ, ਮੌਕੇ 'ਤੇ ਦੋਵਾਂ ਦੀ ਮੌਤ
ਬਾਕਸ-ਟ੍ਰੈਫਿਕ ਪੁਲਸ ਕੋਲ ਨਹੀਂ ਹੈ ਟੋਅ ਕਰਨ ਵਾਲੀ ਵੈਨ
ਸਮਾਜ ਸੇਵੀ ਪ੍ਰੋਫੈਸਰ ਗੌਰਵ ਕਪੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਹਿਰ ਵਿਚ ਵਧੀ ਟ੍ਰੈਫਿਕ ਸਮੱਸਿਆ ਨੇ ਆਮ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਡ਼ਕਾਂ ਉਪਰ ਪੈਦਲ ਚੱਲਣ ਨੂੰ ਰਸਤਾ ਨਹੀਂ ਮਿਲਦਾ ਅਤੇ ਲੋਕ ਸਡ਼ਕ ਪਾਰ ਕਰਨ ਸਮੇਂ ਵਾਹਨਾਂ ਵਿਚ ਟਕਰਾ ਰਹੇ ਹਨ। ਕਪੂਰ ਨੇ ਦੱਸਿਆ ਕਿ ਸ਼ਹਿਰ ਦੀ ਮੇਨ ਸਡ਼ਕ ਕਿਨਾਰੇ ਸਡ਼ਕ ਉਪਰ ਲੋਕਾਂ ਵੱਲੋਂ ਵਾਹਨ ਖਡ਼ੇ੍ਹ ਕਰ ਦਿੱਤੇ ਜਾਂਦੇ ਹਨ, ਜਿਸ ਦੇ ਚੱਲਦਿਆਂ ਜਾਮ ਦੀ ਸਥਿਤੀ ਪੈਦਾ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਹੱਦੀ ਜ਼ਿਲਾ ਤਰਨਤਾਰਨ ਦੀ ਟ੍ਰੈਫਿਕ ਪੁਲਸ ਕੋਲ ਸਡ਼ਕਾਂ ਉਪਰ ਖਡ਼ੇ੍ਹ ਹੋਣ ਵਾਲੇ ਰੌਂਗ ਪਾਰਕਿੰਗ ਵਾਹਨਾਂ ਨੂੰ ਟੋਅ ਕਰਨ ਲਈ ਵੈਨ ਤੱਕ ਨਹੀਂ ਹੈ। ਉਨ੍ਹਾਂ ਦੱਸਿਆ ਕਿ ਟ੍ਰੈਫਿਕ ਪੁਲਸ ਨੂੰ ਚਾਹੀਦਾ ਹੈ ਕਿ ਸਡ਼ਕਾਂ ਉਪਰ ਖਡ਼ੇ੍ਹ ਹੋਣ ਵਾਲੇ ਵਾਹਨਾਂ ਨੂੰ ਟੋਅ ਕਰਨ ਲਈ ਵੈਨ ਦੀ ਸੁਵਿਧਾ ਮੁਹੱਈਆ ਕੀਤੀ ਜਾਵੇ ਤਾਂ ਜੋ ਜਾਮ ਦੀ ਸਥਿਤੀ ਪੈਦਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਹੋ ਸਕੇ।
ਇਹ ਵੀ ਪੜ੍ਹੋ- ਪੰਜਾਬ 'ਚ ਸੰਘਣੀ ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਟ੍ਰੈਫਿਕ ਇੰਚਾਰਜ ਮੈਡਮ ਰਾਣੀ ਕੌਰ ਨੇ ਦੱਸਿਆ ਕਿ ਨਗਰ ਕੌਂਸਲ ਨਾਲ ਮਿਲ ਕੇ ਸ਼ਹਿਰ ਦੀ ਮੇਨ ਸਡ਼ਕ ਤੋਂ ਨਾਜਾਇਜ਼ ਕਬਜ਼ੇ ਵੀ ਹਟਾਏ ਜਾਂਦੇ ਹਨ ਪ੍ਰੰਤੂ ਕੁਝ ਦੁਕਾਨਦਾਰਾਂ ਵੱਲੋਂ ਟੀਮ ਦੇ ਮੌਕੇ ਤੋਂ ਜਾਨ ਉਪਰੰਤ ਫਿਰ ਤੋਂ ਕਬਜ਼ੇ ਕਰ ਲਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸਡ਼ਕਾਂ ਉਪਰ ਖਡ਼ੇ੍ਹ ਹੋਣ ਵਾਲੇ ਵਾਹਨਾਂ ਦੇ ਈ-ਚਲਾਨ ਪੁਲਸ ਵੱਲੋਂ ਕੀਤੇ ਜਾ ਰਹੇ ਹਨ ਅਤੇ ਟੋਅ ਵੈਨ ਦੀ ਕਮੀ ਨੂੰ ਪੂਰਾ ਕਰਨ ਲਈ ਜ਼ਿਲੇ ਦੇ ਐੱਸ.ਐੱਸ.ਪੀ ਵੱਲੋਂ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਿਆ ਜਾ ਚੁੱਕਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8