ਚੰਡੀਗੜ੍ਹ ''ਚ ਟਰੇਡ ਯੂਨੀਅਨਾਂ ਦੀ ਹੜਤਾਲ ਅੱਜ, ਸੈਕਟਰ-17 ''ਚ ਹੋਵੇਗਾ ਪ੍ਰਦਰਸ਼ਨ
Wednesday, Jan 08, 2020 - 11:38 AM (IST)
ਚੰਡੀਗੜ੍ਹ (ਰਾਜਿੰਦਰ) : ਕੇਂਦਰ ਸਰਕਾਰ ਦੀਆਂ ਕਿਰਤ ਵਿਰੋਧੀ ਨੀਤੀਆਂ ਖਿਲਾਫ ਬੁੱਧਵਾਰ ਨੂੰ ਕੇਂਦਰੀ ਟਰੇਡ ਯੂਨੀਅਨਾਂ ਨੇ ਦੇਸ਼-ਵਿਆਪੀ ਹੜਤਾਲ ਦਾ ਐਲਾਨ ਕੀਤਾ ਹੈ। ਇਸ ਹੜਤਾਲ 'ਚ ਚੰਡੀਗੜ੍ਹ ਦੇ ਵੱਖ-ਵੱਖ ਕਰਮਚਾਰੀ ਸੰਗਠਨ ਅਤੇ ਫੈਡਰੇਸ਼ਨਾਂ ਵੀ ਹਿੱਸਾ ਲੈ ਰਹੀਆਂ ਹਨ। ਮੰਗਲਵਾਰ ਨੂੰ ਪ੍ਰਸ਼ਾਸਨ ਦੇ ਅਧਿਕਾਰੀਆਂ ਵਲੋਂ ਕਰਮਚਾਰੀ ਆਗੂਆਂ ਨਾਲ ਬੈਠਕ ਕੀਤੀ ਗਈ ਪਰ ਉਹ ਵੀ ਅਸਫਲ ਰਹੀ। ਯੂ. ਟੀ. ਪਾਵਰਮੈਨ ਯੂਨੀਅਨ ਦੇ ਜਨਰਲ ਸਕੱਤਰ ਗੋਪਾਲ ਦੱਤ ਜੋਸ਼ੀ ਨੇ ਦੱਸਿਆ ਕਿ ਬੁੱਧਵਾਰ ਨੂੰ ਪੂਰੇ ਦਿਨ ਕੰਮ ਬੰਦ ਰੱਖਿਆ ਜਾਵੇਗਾ।
ਨਗਰ ਨਿਗਮ ਤੇ ਪ੍ਰਸ਼ਾਸਨ ਦੇ ਕਰਮਚਾਰੀ ਸੰਗਠਨਾਂ ਤੋਂ ਇਲਾਵਾ ਇਸ ਹੜਤਾਲ 'ਚ ਕੇਂਦਰੀ ਸੰਗਠਨ, ਬੀ. ਐੱਸ. ਐੱਨ. ਐੱਲ., ਬੈਂਕ, ਈ. ਪੀ. ਐੱਫ. ਓ. ਸਮੇਤ ਕਈ ਫੈਡਰੇਸ਼ਨਾਂ ਵੀ ਹਿੱਸਾ ਲੈ ਰਹੀਆਂ ਹਨ। ਸਾਰੇ ਕਰਮਚਾਰੀ ਸੰਗਠਨ ਸੈਕਟਰ-17 ਸਥਿਤ ਬ੍ਰਿਜ ਮਾਰਕਿਟ 'ਚ ਇਕੱਠੇ ਹੋਣਗੇ। ਉਧਰ ਪ੍ਰਸ਼ਾਸਨ ਨੇ ਚਿਤਾਵਨੀ ਦਿੱਤੀ ਹੈ ਕਿ ਕਰਮਚਾਰੀ ਕੰਮ 'ਤੇ ਪਰਤਣ, ਨਹੀਂ ਤਾਂ ਉਨ੍ਹਾਂ ਦੀ ਇਕ ਦਿਨ ਦੀ ਤਨਖਾਹ ਕੱਟੀ ਜਾਵੇਗੀ। ਇਸ ਦੇ ਨਾਲ ਹੀ ਕਾਰਵਾਈ ਵੀ ਹੋ ਸਕਦੀ ਹੈ।