ਪੰਜਾਬ ਦੀਆਂ 5 ਟਰੇਡ ਯੂਨੀਅਨਾਂ ਨੇ ਪ੍ਰਮੁੱਖ ਸਕੱਤਰ ਸਾਹਮਣੇ ਉਠਾਏ ਮਜ਼ਦੂਰਾਂ ਦੇ ਮਸਲੇ
Thursday, Jan 16, 2020 - 03:19 PM (IST)
ਚੰਡੀਗੜ੍ਹ (ਭੁੱਲਰ) : ਪੰਜਾਬ ਦੀਆਂ 5 ਪ੍ਰਮੁੱਖ ਟਰੇਡ ਯੂਨੀਅਨਾਂ ਇੰਟਕ, ਏਟਕ, ਸੀਟੂ, ਏਕਟੂ ਅਤੇ ਸੀ. ਟੀ. ਯੂ. ਪੰਜਾਬ ਦੇ ਸੂਬਾਈ ਆਗੂਆਂ ਦਾ ਇਕ ਵਫ਼ਦ ਪੰਜਾਬ ਦੇ ਪ੍ਰਮੁੱਖ ਕਿਰਤ ਸਕੱਤਰ ਵੀ. ਕੇ. ਜੰਜੂਆ ਨੂੰ ਮਿਲਿਆ। ਵਫ਼ਦ 'ਚ ਏਟਕ ਦੇ ਜਨਰਲ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਇੰਟਕ ਦੇ ਸੂਬਾਈ ਸਕੱਤਰ ਇੰਦਰਜੀਤ ਸਿੰਘ, ਸੀਟੂ ਦੇ ਪ੍ਰਧਾਨ ਮਹਾਂ ਸਿੰਘ ਰੋੜੀ, ਜਨਰਲ ਸਕੱਤਰ ਰਘੁਨਾਥ ਸਿੰਘ ਅਤੇ ਵਿੱਤ ਸਕੱਤਰ ਸੁੱਚਾ ਸਿੰਘ ਅਜਨਾਲਾ, ਏਕਟੂ ਦੇ ਸੂਬਾ ਸਕੱਤਰ ਕਮਲਜੀਤ ਸਿੰਘ ਅਤੇ ਸੀ. ਟੀ. ਯੂ. ਪੰਜਾਬ ਦੇ ਜਨਰਲ ਸਕੱਤਰ ਨੱਥਾ ਸਿਘ, ਪ੍ਰਧਾਨ ਵਿਜੇ ਮਿਸ਼ਰਾ ਅਤੇ ਸ਼ਿਵ ਕੁਮਾਰ ਕੈਸ਼ੀਅਰ ਸ਼ਾਮਲ ਹੋਏ। ਟਰੇਡ ਯੂਨੀਅਨ ਦੇ ਪ੍ਰਤੀਨਿਧਾਂ ਵਲੋਂ ਪ੍ਰਮੁੱਖ ਸਕੱਤਰ ਨੂੰ ਸੌਂਪੇ ਮੰਗ ਪੱਤਰ 'ਚ ਸ਼ਾਮਲ ਮੰਗਾਂ 'ਚ ਪੰਜਾਬ ਰਾਜ ਕਿਰਤ ਸਲਾਹਕਾਰ ਬੋਰਡ ਸਮੇਤ ਸਾਰੀਆਂ 3 ਧਿਰੀ ਸਰਕਾਰੀ ਕਮੇਟੀਆਂ ਅਤੇ ਬੋਰਡਾਂ ਦੇ ਤੁਰੰਤ ਪੁਨਰਗਠਨ ਕਰਨ ਅਤੇ ਯੂਨੀਅਨਾਂ ਨੂੰ ਬਣਦੀ ਨੁਮਾਇੰਦਗੀ ਦੇਣ, ਪੰਜਾਬ ਰੋਡਵੇਜ਼ ਪਨਬੱਸ ਅਤੇ ਪੀ. ਆਰ. ਟੀ. ਸੀ. ਸਮੇਤ ਸਾਰੇ ਜਨਤਕ ਖੇਤਰ ਦੇ ਅਦਾਰਿਆਂ 'ਚ ਗੈਰ-ਕਾਨੂੰਨੀ ਠੇਕਾ ਮਜ਼ਦੂਰ ਪ੍ਰਣਾਲੀ ਅਤੇ ਆਊਟਸੋਰਸਿੰਗ 'ਤੇ ਰੋਕ ਲਾਉਣ, ਰੈਗੂਲਰ ਪੋਸਟਾਂ 'ਤੇ ਠੇਕੇ 'ਤੇ ਭਰਤੀ ਸਾਰੇ ਕਾਮਿਆਂ ਨੂੰ ਪੱਕੇ ਕੀਤੇ ਜਾਣ, ਠੇਕੇ 'ਤੇ ਭਰਤੀ ਕਾਮਿਆਂ ਨੂੰ ਬਰਾਬਰ ਕੰਮ ਬਦਲੇ ਬਰਾਬਰ ਉਜਰਤ ਦੇਣ ਅਤੇ ਉਸਾਰੀ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਆਦਿ ਦੇ ਮਾਮਲੇ ਸ਼ਾਮਲ ਹਨ।
ਕਿਰਤ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਮੰਗ ਵੀ ਟਰੇਡ ਯੂਨੀਅਨ ਆਗੂਆਂ ਨੇ ਉਠਾਈ। ਇਸ ਤੋਂ ਇਲਾਵਾ ਆਂਗਣਵਾੜੀ ਵਰਕਰਾਂ-ਹੈਲਪਰਾਂ, ਆਸ਼ਾ ਅਤੇ ਮਿਡ ਡੇ ਮੀਲ ਵਰਕਰਾਂ ਅਤੇ ਪੇਂਡੂ ਚੌਕੀਦਾਰਾਂ ਨੂੰ ਘੱਟੋ-ਘੱਟ ਉਜਰਤਾਂ ਦੇ ਕਾਨੂੰਨ ਦੇ ਘੇਰੇ 'ਚ ਸ਼ਾਮਲ ਕੀਤੇ ਜਾਣ ਤੇ ਟੋਲ ਪਲਾਜ਼ਿਆਂ 'ਤੇ ਕੰਮ ਕਰਦੇ ਕਾਮਿਆਂ ਨੂੰ ਘੱਟੋ-ਘੱਟ ਉਜਰਤਾਂ ਸਮੇਤ ਹੋਰ ਸਹੂਲਤਾਂ ਯਕੀਨੀ ਬਣਾਉਣ ਦੀਆਂ ਮੰਗਾਂ ਵੀ ਰੱਖੀਆਂ ਗਈਆਂ। ਪ੍ਰਮੁੱਖ ਸਕੱਤਰ ਜੰਜੂਆ ਨੇ ਸਾਰੀਆਂ ਮੰਗਾਂ 'ਤੇ ਗੰਭੀਰਤਾ ਨਾਲ ਵਿਚਾਰ ਕਰ ਕੇ ਇਨ੍ਹਾਂ ਦੇ ਹੱਲ ਲਈ ਕਦਮ ਚੁੱਕਣ ਦਾ ਭਰੋਸਾ ਦਿੱਤਾ ਹੈ।