ਵਪਾਰੀਆਂ ਦੇ ਚਿਹਰੇ ''ਤੇ ਆਈ ਰੌਣਕ, ਅਟਾਰੀ ਸਰਹੱਦ ’ਤੇ ਮੁੜ ਸ਼ੁਰੂ ਹੋਇਆ ਵਪਾਰ

Tuesday, Oct 14, 2025 - 04:46 PM (IST)

ਵਪਾਰੀਆਂ ਦੇ ਚਿਹਰੇ ''ਤੇ ਆਈ ਰੌਣਕ, ਅਟਾਰੀ ਸਰਹੱਦ ’ਤੇ ਮੁੜ ਸ਼ੁਰੂ ਹੋਇਆ ਵਪਾਰ

ਅੰਮ੍ਰਿਤਸਰ (ਆਰ. ਗਿੱਲ)-ਅਫਗਾਨਿਸਤਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਮੌਲਵੀ ਅਮੀਰ ਖਾਨ ਮੁੱਤਾਕੀ ਦੇ ਹਾਲੀਆ ਭਾਰਤ ਦੌਰੇ ਨੇ ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਵਪਾਰਕ ਹਲਚਲ ਪੈਦਾ ਕਰ ਦਿੱਤੀ ਹੈ। ਤਾਲਿਬਾਨ ਸ਼ਾਸਨ ਦੇ ਸਭ ਤੋਂ ਉੱਚ ਅਧਿਕਾਰੀ ਵਜੋਂ ਮੁੱਤਾਕੀ ਦਾ ਇਹ ਪਹਿਲਾ ਅਧਿਕਾਰਤ ਦੌਰਾ ਨਾ ਸਿਰਫ਼ ਦੁਵੱਲੇ ਸਬੰਧਾਂ ਵਿਚ ਨਵਾਂ ਮੋੜ ਲਿਆਇਆ ਹੈ, ਸਗੋਂ ਅੰਮ੍ਰਿਤਸਰ ਦੇ ਆਯਾਤਕਾਰਾਂ ਅਤੇ ਵਪਾਰੀਆਂ ਨੂੰ ਅਟਾਰੀ-ਵਾਹਗਾ ਸਰਹੱਦ ’ਤੇ ਬੰਦ ਪਏ ਕਾਰੋਬਾਰ ਨੂੰ ਮੁੜ ਸੁਰਜੀਤ ਕਰਨ ਦੀ ਉਮੀਦ ਜਗਾਈ ਹੈ। ਦੌਰੇ ਦੌਰਾਨ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਹੋਈਆਂ ਗੱਲਬਾਤਾਂ ਵਿਚ ਵਪਾਰ, ਪਾਰਗਮਨ ਸਹੂਲਤਾਂ ਅਤੇ ਖੇਤਰੀ ਸਹਿਯੋਗ ’ਤੇ ਡੂੰਘੀ ਚਰਚਾ ਹੋਈ, ਜਿਸ ਨਾਲ ਸਥਾਨਕ ਵਪਾਰਕ ਭਾਈਚਾਰੇ ਵਿਚ ਉਤਸ਼ਾਹ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਪੁਲਸ ਵੱਲੋਂ ਹਥਿਆਰਾਂ ਦੀ ਤਸਕਰੀ ਕਰਨ ਵਾਲਾ ਗ੍ਰਿਫ਼ਤਾਰ, ਕੈਨੇਡਾ ਤੋਂ ਆਇਆ ਸੀ ਵਾਪਸ

ਮੁੱਤਾਕੀ ਦਾ 9 ਤੋਂ 16 ਅਕਤੂਬਰ ਤੱਕ ਚੱਲਿਆ ਇਹ ਦੌਰਾ ਸੰਯੁਕਤ ਰਾਸ਼ਟਰ ਦੀ ਪਾਬੰਦੀ ਕਮੇਟੀ ਤੋਂ ਮਿਲੀ ਵਿਸ਼ੇਸ਼ ਛੋਟ ਤੋਂ ਬਾਅਦ ਸੰਭਵ ਹੋਇਆ। ਉਨ੍ਹਾਂ ਨੇ ਨਵੀਂ ਦਿੱਲੀ ਵਿਚ ਭਾਰਤੀ ਨੇਤਾਵਾਂ ਨਾਲ ਮੁਲਾਕਾਤ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਦਾਰੁਲ ਉਲੂਮ ਦੇਵਬੰਦ ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਇਸਲਾਮੀ ਸਿੱਖਿਆ ਕੇਂਦਰ ਦੇ ਉਲੇਮਾ ਨਾਲ ਭੇਟ ਕੀਤੀ ਅਤੇ ਭਾਰਤ-ਅਫਗਾਨਿਸਤਾਨ ਦੇ ਇਤਿਹਾਸਕ ਸਬੰਧਾਂ ਦੀ ਸ਼ਲਾਘਾ ਕੀਤੀ। ਹਾਲਾਂਕਿ, ਪ੍ਰਸਤਾਵਿਤ ਆਗਰਾ ਯਾਤਰਾ (ਤਾਜ ਮਹਿਲ ਦਰਸ਼ਨ) ਅਚਾਨਕ ਰੱਦ ਹੋ ਗਈ, ਜਿਸ ਦਾ ਕਾਰਨ ਸਪੱਸ਼ਟ ਨਹੀਂ ਹੋਇਆ, ਪਰ ਸੁਰੱਖਿਆ ਏਜੰਸੀਆਂ ਸੁਚੇਤ ਹੋ ਗਈਆਂ। ਮੁੱਤਾਕੀ ਨੇ ਦੇਵਬੰਦ ਵਿਚ ਕਿਹਾ, ‘ਭਾਰਤ ਅਤੇ ਅਫਗਾਨਿਸਤਾਨ ਦੇ ਸਬੰਧ ਉਜਵਲ ਭਵਿੱਖ ਵੱਲ ਵਧ ਰਹੇ ਹਨ। ਦੇਵਬੰਦ ਵਰਗੇ ਕੇਂਦਰਾਂ ਨਾਲ ਸਾਡੀਆਂ ਸੱਭਿਆਚਾਰਕ ਜੜ੍ਹਾਂ ਮਜ਼ਬੂਤ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਬੱਸ ਸਟੈਂਡ ਬੰਦ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਵੋ ਖ਼ਬਰ

ਅੰਮ੍ਰਿਤਸਰ ਦੇ ਵਪਾਰੀਆਂ ਲਈ ਇਹ ਦੌਰਾ ਹੈ ਖਾਸ ਤੌਰ ’ਤੇ ਮਹੱਤਵਪੂਰਨ

ਅੰਮ੍ਰਿਤਸਰ ਦੇ ਵਪਾਰੀਆਂ ਲਈ ਇਹ ਦੌਰਾ ਖਾਸ ਤੌਰ ’ਤੇ ਮਹੱਤਵਪੂਰਨ ਹੈ, ਕਿਉਂਕਿ ਅਟਾਰੀ-ਵਾਘਾ ਸਰਹੱਦ ਅਫਗਾਨਿਸਤਾਨ ਨਾਲ ਭਾਰਤ ਦਾ ਇਕਮਾਤਰ ਜ਼ਮੀਨੀ ਵਪਾਰਕ ਦਰਵਾਜ਼ਾ ਹੈ। ਅਫਗਾਨਿਸਤਾਨ ਕੋਲ ਆਪਣਾ ਕੋਈ ਸਮੁੰਦਰੀ ਬੰਦਰਗਾਹ ਨਾ ਹੋਣ ਕਾਰਨ ਇਹ ਰੂਟ ਉਸ ਲਈ ਜੀਵਨ ਰੇਖਾ ਦਾ ਕੰਮ ਕਰਦਾ ਹੈ। ਕਨਫੈਡਰੇਸ਼ਨ ਆਫ ਇੰਟਰਨੈਸ਼ਨਲ ਚੈਂਬਰ ਆਫ ਕਾਮਰਸ (ਸੀ. ਆਈ. ਸੀ. ਸੀ.) ਦੇ ਸਾਬਕਾ ਪ੍ਰਧਾਨ ਅਤੇ ਸਥਾਨਕ ਫਲ ਆਯਾਤਕਾਰ ਰਾਜਦੀਪ ਸਿੰਘ ਉੱਪਲ ਨੇ ਦੱਸਿਆ ਕਿ ਮੁੱਤਾਕੀ ਦੇ ਦੌਰੇ ਨੇ ਸਾਨੂੰ ਭਰੋਸਾ ਦਿਵਾਇਆ ਹੈ ਕਿ ਆਯਾਤ ਮੁੜ ਪਟੜੀ ’ਤੇ ਆਵੇਗਾ। ਪਿਛਲੇ ਪੰਜ ਮਹੀਨਿਆਂ ਤੋਂ ਬੰਦ ਇਸ ਸਰਹੱਦ ਨੇ ਸਾਡੇ ਕਾਰੋਬਾਰ ਨੂੰ ਠੱਪ ਕਰ ਦਿੱਤਾ ਸੀ। ਜੇਕਰ ਚਾਬਹਾਰ ਬੰਦਰਗਾਹ ਦੇ ਰਾਹੀਂ ਵਿਕਲਪਕ ਮਾਰਗ ਮਜ਼ਬੂਤ ਹੋ ਜਾਣ, ਤਾਂ ਅਫਗਾਨ ਸੁੱਕੇ ਮੇਵੇ, ਫਲ ਦਾ ਆਯਾਤ ਸਸਤਾ ਅਤੇ ਤੇਜ਼ ਹੋਵੇਗਾ।

ਇਹ ਵੀ ਪੜ੍ਹੋ-ਕਾਂਗਰਸ 'ਚ ਫਿਰ ਭੂਚਾਲ! ਡਾ. ਨਵਜੋਤ ਕੌਰ ਨੇ ਆਪਣੇ ਹੀ ਆਗੂ ਨੂੰ ਦੱਸਿਆ 'ਅਕਾਲੀ ਦਲ, ਮਜੀਠੀਆ ਟੀਮ'

‘ਆਪ੍ਰੇਸ਼ਨ ਸਿੰਧੂਰ’ ਦੇ ਬਾਅਦ ਅਟਾਰੀ ਸਰਹੱਦ ’ਤੇ ਵਪਾਰ ਪੂਰੀ ਤਰ੍ਹਾਂ ਠੱਪ

ਯਾਦ ਰਹੇ, ਅਪ੍ਰੈਲ 2025 ਵਿਚ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਵਿਰੁੱਧ ‘ਆਪ੍ਰੇਸ਼ਨ ਸਿੰਧੂਰ’ ਚਲਾਇਆ, ਜਿਸ ਦੇ ਨਤੀਜੇ ਵਜੋਂ ਅਟਾਰੀ ਸਰਹੱਦ 'ਤੇ ਵਪਾਰ ਪੂਰੀ ਤਰ੍ਹਾਂ ਠੱਪ ਹੋ ਗਿਆ। ਇਸ ਤੋਂ ਪਹਿਲਾਂ, ਇਸ ਰੂਟ ਰਾਹੀਂ ਸਾਲਾਨਾ ਲਗਭਗ 3,886 ਕਰੋੜ ਰੁਪਏ ਦਾ ਕਾਰੋਬਾਰ ਹੁੰਦਾ ਸੀ, ਜਿਸ ਵਿਚ ਅਫਗਾਨਿਸਤਾਨ ਤੋਂ ਆਉਣ ਵਾਲੇ ਕਿਸ਼ਮਿਸ਼, ਬਦਾਮ, ਪਿਸਤਾ ਅਤੇ ਹੋਰ ਸੁੱਕੇ ਮੇਵੇ ਮੁੱਖ ਸਨ। ਸਰਹੱਦ ਬੰਦੀ ਕਾਰਨ ਭਾਰਤੀ ਬਾਜ਼ਾਰ ਵਿੱਚ ਇਨ੍ਹਾਂ ਉਤਪਾਦਾਂ ਦੀਆਂ ਕੀਮਤਾਂ 25-30 ਪ੍ਰਤੀਸ਼ਤ ਤੱਕ ਵਧ ਗਈਆਂ। ਮੁੱਤਾਕੀ ਦੇ ਦੌਰੇ ਤੋਂ ਠੀਕ ਪਹਿਲਾਂ ਮਈ ਵਿੱਚ ਜੈਸ਼ੰਕਰ ਦੀ ਉਨ੍ਹਾਂ ਨਾਲ ਫੋਨ ਗੱਲਬਾਤ ਤੋਂ ਬਾਅਦ 160 ਅਫਗਾਨ ਟਰੱਕਾਂ ਨੂੰ ਵਿਸ਼ੇਸ਼ ਇਜਾਜ਼ਤ ਦੇ ਕੇ ਅਟਾਰੀ ਰਾਹੀਂ ਦਾਖਲੇ ਦੀ ਮਨਜ਼ੂਰੀ ਦਿੱਤੀ ਗਈ ਸੀ, ਜੋ ਇਸ ਦਿਸ਼ਾ ਵਿੱਚ ਸਕਾਰਾਤਮਕ ਕਦਮ ਸੀ।

ਖੇਤਰੀ ਸਥਿਰਤਾ ਵੀ ਹੋਵੇਗੀ ਮਜ਼ਬੂਤ

ਵਪਾਰੀਆਂ ਦਾ ਮੰਨਣਾ ਹੈ ਕਿ ਤਾਲਿਬਾਨ ਸ਼ਾਸਨ ਨਾਲ ਭਾਰਤ ਦਾ ਵਿਹਾਰਕ ਜੁਟਾਅ ਵਧਣ ਨਾਲ ਨਾ ਸਿਰਫ਼ ਆਰਥਕ ਲਾਭ ਹੋਣਗੇ, ਸਗੋਂ ਖੇਤਰੀ ਸਥਿਰਤਾ ਵੀ ਮਜ਼ਬੂਤ ਹੋਵੇਗੀ। ਉੱਪਲ ਨੇ ਅੱਗੇ ਕਿਹਾ, ‘ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਪਾਕਿਸਤਾਨ ਨੇ ਅਫਗਾਨ ਟਰੱਕਾਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ ਸੀ, ਪਰ ਹੁਣ ਭਾਰਤ-ਅਫਗਾਨਿਸਤਾਨ ਵਿਚਕਾਰ ਸਿੱਧੀ ਗੱਲਬਾਤ ਨਾਲ ਇਹ ਸਮੱਸਿਆ ਹੱਲ ਹੋ ਸਕਦੀ ਹੈ। ਅਸੀਂ ਚਾਬਹਾਰ ਪੋਰਟ ਨੂੰ ਮੁੱਖ ਮਾਰਗ ਬਣਾਉਣ ਦੀ ਮੰਗ ਕਰ ਰਹੇ ਹਾਂ, ਜੋ ਈਰਾਨ ਦੇ ਸਹਿਯੋਗ ਨਾਲ ਸੰਭਵ ਹੈ।’ ਸਥਾਨਕ ਪੱਧਰ ’ਤੇ ਅਟਾਰੀ ਇੰਟੀਗ੍ਰੇਟਿਡ ਚੈੱਕ ਪੋਸਟ (ਆਈਸੀਪੀ) ਦੇ ਆਸਪਾਸ ਦੇ ਮਜ਼ਦੂਰ, ਕਸਟਮ ਏਜੰਟ ਅਤੇ ਟਰੱਕ ਡਰਾਈਵਰ ਵੀ ਇਸ ਉਮੀਦ ਨਾਲ ਉਤਸ਼ਾਹਿਤ ਹਨ, ਕਿਉਂਕਿ ਪਹਿਲਾਂ ਇੱਥੇ ਰੋਜ਼ਾਨਾ 40-50 ਅਫਗਾਨ ਵਾਹਨ ਆਉਂਦੇ ਸਨ।

ਮੁੱਤਾਕੀ ਦਾ ਦੌਰਾਨ ਭਾਰਤ ਦੀ ‘ਵਿਵਹਾਰਿਕ ਕੂਟਨੀਤੀ’ ਦਾ ਪ੍ਰਤੀਕ

ਭਾਰਤ ਨੇ 2021 ਵਿਚ ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਅਫਗਾਨਿਸਤਾਨ ਨੂੰ ਮਾਨਵੀ ਸਹਾਇਤਾ ਵਜੋਂ 50,000 ਟਨ ਕਣਕ, 330 ਟਨ ਦਵਾਈਆਂ ਅਤੇ ਹੋਰ ਜ਼ਰੂਰੀ ਸਮੱਗਰੀ ਭੇਜੀ ਹੈ। ਮੁੱਤਾਕੀ ਨੇ ਆਪਣੀ ਯਾਤਰਾ ਦੌਰਾਨ ਵਪਾਰੀਆਂ ਨਾਲ ਐੱਫ. ਆਈ. ਸੀ. ਸੀ. ਆਈ. ਦੇ ਸਮਾਗਮ ਵਿਚ ਹਿੱਸਾ ਲਿਆ ਅਤੇ ਵੀਜ਼ਾ ਸਹੂਲਤਾਂ ਅਤੇ ਕੈਦੀਆਂ ਦੀ ਰਿਹਾਈ ਵਰਗੇ ਮੁੱਦਿਆਂ ’ਤੇ ਗੱਲ ਕੀਤੀ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਦੌਰਾ ਪਾਕਿਸਤਾਨ ਲਈ ਝਟਕਾ ਹੈ, ਜੋ ਕਾਬੁਲ ’ਤੇ ਆਪਣਾ ਪ੍ਰਭਾਵ ਬਣਾਈ ਰੱਖਣਾ ਚਾਹੁੰਦਾ ਹੈ।

ਕੁੱਲ ਮਿਲਾ ਕੇ, ਮੁੱਤਾਕੀ ਦਾ ਦੌਰਾ ਭਾਰਤ ਦੀ ‘ਵਿਹਾਰਕ ਕੂਟਨੀਤੀ’ ਦਾ ਪ੍ਰਤੀਕ ਹੈ, ਜੋ ਸੁਰੱਖਿਆ ਚਿੰਤਾਵਾਂ ਦੇ ਵਿਚਕਾਰ ਆਰਥਕ ਮੌਕਿਆਂ ਨੂੰ ਤਰਜੀਹ ਦੇ ਰਹੀ ਹੈ। ਅੰਮ੍ਰਿਤਸਰ ਦੇ ਵਪਾਰੀ ਹੁਣ ਅਟਾਰੀ ’ਤੇ ਮੁੜ ਵਿਅਸਤਤਾ ਦੀ ਬੇਲਾ ਦੀ ਉਡੀਕ ਕਰ ਰਹੇ ਹਨ, ਜਿੱਥੇ ਸਿੰਦੂਰ ਤੋਂ ਪਹਿਲਾਂ ਵਾਲੇ ਦਿਨਾਂ ਵਾਂਗ ਵਪਾਰ ਦੀ ਰੌਣਕ ਮੁੜ ਆਉਣ ਦੀ ਆਸ ਜਾਗੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

Shivani Bassan

Content Editor

Related News