ਕਿਸਾਨੀ ਘੋਲ : ਟਵਿੱਟਰ ਦੇ ਇਤਿਹਾਸ 'ਚ ਪਹਿਲੇ ਨੰਬਰ 'ਤੇ ਟਰੈਂਡ ਕੀਤਾ ਗੁਰਮੁਖੀ ਹੈਸ਼ਟੈਗ 'ਜਾਂ ਮਰਾਂਗੇ, ਜਾਂ ਜਿੱਤਾਂਗੇ'

Saturday, Jan 09, 2021 - 12:38 PM (IST)

ਕਿਸਾਨੀ ਘੋਲ : ਟਵਿੱਟਰ ਦੇ ਇਤਿਹਾਸ 'ਚ ਪਹਿਲੇ ਨੰਬਰ 'ਤੇ ਟਰੈਂਡ ਕੀਤਾ ਗੁਰਮੁਖੀ ਹੈਸ਼ਟੈਗ 'ਜਾਂ ਮਰਾਂਗੇ, ਜਾਂ ਜਿੱਤਾਂਗੇ'

ਪਟਿਆਲਾ (ਪਰਮੀਤ) : ਕਿਸਾਨੀ ਸੰਘਰਸ਼ ਦੀ ਹਮਾਇਤ 'ਚ ਟਵਿੱਟਰ 'ਤੇ ਪਾਇਆ ਗਿਆ ਪੰਜਾਬੀ ਗੁਰਮੁਖੀ ਹੈਸ਼ਟੈਗ 'ਜਾਂ ਮਰਾਂਗੇ ਜਾਂ ਜਿੱਤਾਗੇ' ਟਵਿੱਟਰ ਦੇ ਇਤਿਹਾਸ 'ਚ ਪਹਿਲੇ ਨੰਬਰ 'ਤੇ ਟਰੈਂਡ ਬਣ ਗਿਆ। 'ਟਰੈਕਟਰਟੂਟਵਿੱਟਰ' ਮੁਹਿੰਮ ਸੰਭਾਲ ਰਹੇ ਮਾਣਿਕ ਗੋਇਲ ਨੇ ਦੱਸਿਆ ਕਿ ਜਦੋਂ ਹੋਂਦ ਦੀ ਲੜਾਈ ਚੱਲ ਰਹੀ ਹੈ, ਅਸੀਂ ਆਪਣੇ ਵਿਰੋਧੀ ਤੋਂ ਨਿੱਤ ਸਿੱਖ ਰਹੇ ਹਾਂ। ਸਾਡੀ ਛੋਟੀ ਜਿਹੀ ਸੱਥ ਨੂੰ ਪੰਜਾਬ ਹੀ ਨਹੀਂ, ਪੂਰੀ ਦੁਨੀਆ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਇਹ ਵੀ ਪੜ੍ਹੋ : ਓ. ਪੀ. ਸੋਨੀ ਦੀ ਹਾਜ਼ਰੀ 'ਚ ਭਿੜੇ ਕਾਂਗਰਸੀਆਂ ਵੱਲੋਂ ਗਾਲੀ-ਗਲੌਚ, ਗੁੱਸੇ 'ਚ ਆਏ ਮੰਤਰੀ ਨੇ ਦਿੱਤੀ ਸਖ਼ਤ ਚਿਤਾਵਨੀ

ਉਨ੍ਹਾਂ ਕਿਹਾ ਕਿ ਅਸੀਂ ਕਿਸਾਨ ਮੋਰਚੇ ਦੇ ਮੁੱਖ ਪੱਖ ਅਤੇ ਘਟਨਾਵਾਂ ਉਭਾਰਨ 'ਤੇ 29 ਨਵੰਬਰ ਤੋਂ ਕੰਮ ਕਰ ਰਹੇ ਹਾਂ। ਨਿੱਤ ਨਵਾਂ ਤਜ਼ਰਬਾ ਹੋ ਰਿਹਾ ਹੈ ਅਤੇ ਅਸੀਂ ਦਿਨੋਂ-ਦਿਨ ਮਜ਼ਬੂਤ ਹੋ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਪੰਜਾਬੀ 'ਚ ਟਵਿੱਟਰ ਵਾਸਤੇ ਹੈਸ਼ਟੈਗ ਦਿੱਤਾ ਗਿਆ '#ਜਾਂ_ਮਰਾਂਗੇ_ਜਾਂ_ਜਿੱਤਾਂਗੇ'। ਮਾਣਿਕ ਗੋਇਲ ਨੇ ਦੱਸਿਆ ਕਿ ਇਹ ਹੈਸ਼ਟੈਗ ਅੱਧੇ ਘੰਟੇ 'ਚ ਪੂਰੇ ਭਾਰਤ 'ਚ ਦੂਜੇ ਨੰਬਰ 'ਤੇ ਟਰੈਂਡ ਕਰਨ ਲੱਗਾ, ਜਿਸ ਦੀ ਹੈਰਾਨੀ ਸੀ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦਰਮਿਆਨ ਇਸ 'ਭਾਜਪਾ ਆਗੂ' ਨੇ ਕੀਤਾ ਵੱਡਾ ਦਾਅਵਾ, ਜਾਣੋ ਕੀ ਕਿਹਾ

ਬੀਤੀ ਰਾਤ 9 ਵਜੇ ਇਹ ਨੰਬਰ ਇਕ 'ਤੇ ਪਹੁੰਚ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਟਵਿੱਟਰ ਦੇ ਭਾਰਤ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਕਿ ਪੰਜਾਬੀ ਭਾਸ਼ਾ 'ਚ ਹੈਸ਼ਟੈਗ ਇਸ ਦਰਜੇ 'ਤੇ ਚੜ੍ਹਾਈ ਕਰਦਾ ਨਜ਼ਰ ਆਇਆ। ਇਹ ਸਾਡੀ ਪੰਜਾਬੀਆਂ ਦੀ ਸਾਂਝੀ ਮਿਹਨਤ ਕਰਕੇ ਹੋਇਆ, ਇਹ ਪੰਜਾਬੀ ਸਾਡੀ ਓਹੀ ਪੰਜਾਬੀ ਹੈ, ਜਿਹੜੀ ਪੰਜਾਬ ਦੇ ਨਿੱਜੀ ਸਕੂਲਾਂ 'ਚ ਵਰਜੀ ਜਾਂਦੀ ਹੈ।

ਇਹ ਵੀ ਪੜ੍ਹੋ : ਇਸ ਤਾਰੀਖ਼ ਨੂੰ ਹੋਵੇਗੀ 'ਚਾਰਟਰਡ ਅਕਾਊਂਟੈਂਟ' ਦੀ ਪ੍ਰੀਖਿਆ, 'ਐਡਮਿਟ ਕਾਰਡ' ਵੈੱਬਸਾਈਟ 'ਤੇ ਜਾਰੀ

ਉਨ੍ਹਾਂ ਕਿਹਾ ਕਿ ਅਸੀਂ 'ਟਰੈਕਟਰਟੂਟਵਿੱਟਰ' ਪਰਿਵਾਰ ਇਸ ਲਈ ਮਾਣ ਮਹਿਸੂਸ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਅੱਗੇ ਅਜਿਹਾ ਆਮ ਹੋ ਸਕੇ। ਉਨ੍ਹਾਂ ਕਿਹਾ ਕਿ ਸਾਨੂੰ ਯਕੀਨ ਹੈ ਕਿ ਅਸੀਂ ਪੰਜਾਬੀ ਸਾਂਝੇ ਤੌਰ 'ਤੇ ਇਸ ਟਵਿੱਟਰ ਵਰਗੇ ਮੰਚ 'ਤੇ ਇਕੱਠੇ ਹੋ ਕੇ ਪੰਜਾਬ ਦੀ ਅਤੇ ਪੰਜਾਬੀਆਂ ਦੇ ਮੁੱਦਿਆਂ ਦੀ ਗੱਲ ਕਰ ਸਕੀਏ ਅਤੇ ਭਾਰਤ ਅਤੇ ਦੁਨੀਆ ਲਈ ਰਾਹ ਦਸੇਰੇ ਬਣੀਏ। ਇਸ 'ਟਰੈਕਟਰਟੂਟਵਿੱਟਰ' ਮੁਹਿੰਮ ਨੂੰ ਕੋਰ ਟੀਮ ਭਵਜੀਤ ਸਿੰਘ, ਮਾਣਿਕ ਗੋਇਲ, ਹਰੀਸ਼ ਭੱਲਾ, ਭੁਪਿੰਦਰ ਸਿੰਘ, ਅਮਨਦੀਪ ਸਿੰਘ, ਬੱਬੂ ਖੋਸਾ ਅਤੇ ਰਾਜ ਬੁੱਟਰ ਆਦਿ ਚਲਾ ਰਹੇ ਹਨ, ਜੋ ਵੱਖ-ਵੱਖ ਸ਼ਹਿਰਾਂ ਤੋਂ ਹਨ ਅਤੇ ਇੰਜੀਨੀਅਰਿੰਗ ਤੇ ਹੋਰ ਖੇਤਰਾਂ ਦੇ ਮਾਹਿਰ ਹਨ।
ਨੋਟ :  ਪੰਜਾਬੀ ਹੈਸ਼ਟੈਗ 'ਜਾਂ ਮਰਾਂਗੇ ਜਾਂ ਜਿੱਤਾਗੇ' ਟਵਿੱਟਰ 'ਤੇ ਪਹਿਲੇ ਨੰਬਰ 'ਤੇ ਟਰੈਂਡ ਕਰਨ ਬਾਰੇ ਦਿਓ ਰਾਏ
 


author

Babita

Content Editor

Related News