ਜ਼ਹਿਰੀਲੀ ਸ਼ਰਾਬ ਮਾਮਲੇ ਦੀ ਜਾਂਚ ਜਲਦ ਹੋਵੇਗੀ ਮੁਕੰਮਲ : ਰਾਜ ਕਮਲ ਚੌਧਰੀ
Saturday, Aug 08, 2020 - 09:56 AM (IST)
ਜਲੰਧਰ,(ਵਿਕਰਮ ਸਿੰਘ ਕੰਬੋਜ) : ਪਿਛਲੇ ਦਿਨੀਂ ਪੰਜਾਬ 'ਚ ਵੱਡੀ ਘਟਨਾ ਵਾਪਰੀ, ਜਿਸ ਦੌਰਾਨ 121 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋਈ ਹੈ। ਇਸ ਮਾਮਲੇ ਜਾਂਚ ਕਰ ਰਹੇ ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਰਾਜ ਕਮਲ ਚੌਧਰੀ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ 'ਚ ਇਹ ਬਹੁਤ ਦਰਦਨਾਕ ਘਟਨਾ ਵਾਪਰੀ ਹੈ ਅਤੇ ਇਸ ਸਬੰਧ 'ਚ ਪੰਜਾਬ ਸਰਕਾਰ ਨੇ ਇਕ ਮੈਜੀਸਟਰੀਅਲ ਜਾਂਚ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ, ਜੋ ਉਨ੍ਹਾਂ ਵਲੋਂ ਖੁਦ ਕੀਤੀ ਜਾ ਰਹੀ ਹੈ।
ਇਸ ਚੀਜ਼ ਦੀ ਗੰਭੀਰਤਾ ਨੂੰ ਦੇਖਦੇ ਹੋਏ ਅੰਮ੍ਰਿਤਸਰ, ਬਟਾਲਾ ਤੇ ਤਰਨਤਾਰਨ ਜ਼ਿਲ੍ਹਿਆਂ 'ਚ ਜਿੰਨੇ ਵੀ ਸਿਵਲ ਸਰਜਨ, ਡਿਪਟੀ ਕਮਿਸ਼ਨਰ, ਐਕਸਾਈਜ਼ ਟੈਕਸੇਸ਼ਨ ਵਿਭਾਗ ਦੇ ਸੀਨੀਅਰ ਨੁਮਾਇੰਦੇ ਹਨ, ਉਨ੍ਹਾਂ ਨੂੰ ਇਸ ਮੈਜੀਸਟਰੀਅਲ ਜਾਂਚ 'ਚ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਮਾਮਲੇ 'ਚ ਸਾਰੇ ਪਹਿਲੂਆਂ 'ਤੇ ਅਸੀਂ ਵਿਚਾਰ ਕਰਕੇ ਜਾਣਕਾਰੀ ਇੱਕਠੀ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਅੰਮ੍ਰਿਤਸਰ 'ਚ ਮੀਟਿੰਗ ਵੀ ਕੀਤੀ, ਜਿਸ 'ਚ ਇਸ ਸਬੰਧੀ ਸਾਰੇ ਮਹਿਕਮਿਆਂ ਨੂੰ ਜਾਂਚ ਸਬੰਧੀ ਸਖ਼ਤ ਨਿਰਦੇਸ਼ ਵੀ ਦਿੱਤੇ ਗਏ।
ਉਨ੍ਹਾਂ ਕਿਹਾ ਕਿ ਮੁੱਖ ਤੌਰ 'ਤੇ ਇਹ ਜਿਹੜੀ ਜ਼ਹਿਰੀਲੀ ਸ਼ਰਾਬ ਪ੍ਰਾਪਤ ਹੋਈ ਹੈ, ਡਿਨੇਜਿਸਟ ਸਪਿਰਟ, ਅਲਕੋਹਲ ਦੇ ਤੌਰ 'ਤੇ ਹੋਈ ਹੈ।
ਉਨ੍ਹਾਂ ਕਿਹਾ ਕਿ ਮੈਂ ਕੋਸ਼ਿਸ਼ ਕਰ ਰਿਹਾ ਹੈ ਕਿ ਜਿਹੜੀ ਮੈਥਿਲ ਅਲਕੋਹਲ ਵੱਡੇ ਪੱਧਰ 'ਤੇ ਲੋਕਾਂ ਨੂੰ ਪ੍ਰਾਪਤ ਹੋ ਰਹੀ ਹੈ। ਉਸ ਦੀ ਦੁਰਵਰਤੋ ਕਰਕੇ ਉਸ ਦੀ ਨਸ਼ੀਲੀ ਸ਼ਰਾਬ ਜਾਂ ਮਿਕਸ ਕਰਕੇ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਅਤੇ ਇਸ ਤਰ੍ਹਾਂ ਦੀ ਘਟਨਾ ਅੱਗੇ ਤੋਂ ਨਾ ਵਾਪਰੇ, ਇਸ ਸੰਬੰਧੀ ਉਨ੍ਹਾਂ ਵਲੋਂ ਐਕਸਾਈਜ਼ ਟੈਕਸੇਸ਼ਨ ਵਿਭਾਗ ਨੂੰ ਸਖ਼ਤ ਹਿਦਾਇਤ ਦਿੱਤੀ ਗਈ ਹੈ। ਐਕਸਾਈਜ਼ ਵਿਭਾਗ ਨੂੰ ਹਿਦਾਇਤ ਦਿੱਤੀ ਗਈ ਹੈ ਕਿ ਪੰਜਾਬ 'ਚ ਜਿੰਨੇ ਵੀ ਡਿਜ਼ਟੀਲਰੀਜ਼ ਹਨ ਤੇ 24 ਬੋਟਲਿੰਗ ਹਨ, ਉਨ੍ਹਾਂ ਸਾਰਿਆਂ ਦੀ ਪੂਰੀ ਜਾਣਕਾਰੀ ਜਲਦ ਮੁਹੱਈਆ ਕਰਵਾਈ ਜਾਵੇ।
ਉਥੇ ਹੀ ਲੁਧਿਆਣਾ 'ਚ ਫੜ੍ਹੇ ਗਏ ਡੀਲਰ ਬਾਰੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਜਿਹੜਾ ਲੁਧਿਆਣਾ ਤੋਂ ਡੀਲਰ ਫੜ੍ਹਿਆ ਗਿਆ ਸੀ, ਉਸ ਕੋਲੋ 4 ਲਾਈਸੈਂਸ ਬਰਾਮਦ ਹੋਏ, ਜਿਨ੍ਹਾਂ 'ਚ ਇਕ ਉਸ ਦੇ ਨਾਮ 'ਤੇ ਸੀ, ਇਕ ਉਸ ਦੀ ਪਤਨੀ ਦੇ ਨਾਮ ਅਤੇ 2 ਉਸ ਦੇ ਰਿਸ਼ਤੇਦਾਰਾਂ ਦੇ ਨਾਮ 'ਤੇ ਵੀ ਸੀ। ਉਨ੍ਹਾਂ ਕਿਹਾ ਉਸ ਵਲੋਂ ਇਨ੍ਹਾਂ ਲਾਈਸੈਂਸ ਦੀ ਵਰਤੋਂ ਕਿਤੇ ਨਜਾਇਜ਼ ਢੰਗ ਨਾਲ ਨਾ ਕੀਤੀ ਜਾਂਦੀ ਹੋਵੇ, ਇਸ ਦੀ ਜਾਂਚ ਕੀਤੀ ਜਾਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਸ ਸਬੰਧੀ ਲਾਇਸੈਂਸ ਦੇਣ 'ਚ ਐਕਸਾਈਜ਼ ਵਿਭਾਗ ਦੀ ਕੋਈ ਅਣਗਹਿਲੀ ਸਾਹਮਣੇ ਆਈ ਤਾਂ ਜਾਂਚ ਹੋਵੇਗੀ ਅਤੇ ਉਸ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਸਾਨੂੰ ਜਿਥੋਂ ਵੀ ਸਬੂਤ ਮਿਲਣਗੇ, ਸ਼ੱਕ ਹੋਵੇਗਾ, ਉਥੇ ਕਾਰਵਾਈ ਕੀਤੀ ਜਾਵੇਗੀ ਅਤੇ ਜਿਥੇ ਵੀ ਲੱਗੇਗਾ ਕਿ ਕਿਸੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਾਰਵਾਈ ਕੀਤੀ ਜਾਵੇਗੀ ਪਰ ਇਹ ਸਭ ਸਬੂਤਾਂ ਦੇ ਆਧਾਰ 'ਤੇ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਮੈਜੀਸਟਰੀਅਲ ਜਾਂਚ ਲਈ 3 ਹਫਤੇ ਦਾ ਸਮਾਂ ਦਿੱਤਾ ਗਿਆ ਹੈ ਅਤੇ ਮੇਰੀ ਕੋਸ਼ਿਸ਼ ਹੈ ਕਿ ਇਸ ਮਾਮਲੇ ਦੀ ਜਾਂਚ 3 ਹਫਤਿਆਂ 'ਚ ਹੀ ਮੁਕੰਮਲ ਕਰ ਲਈ ਜਾਵੇ।