ਜ਼ਹਿਰੀਲੀ ਸ਼ਰਾਬ ਮਾਮਲੇ ''ਤੇ ਬਚਾਅ ''ਚ ਉੱਤਰੀ ਕਾਂਗਰਸ ਸਰਕਾਰ, 5 ਮੰਤਰੀਆਂ ਨੇ ਸੰਭਾਲੀ ਕਮਾਨ

8/4/2020 2:19:39 AM

ਚੰਡੀਗੜ੍ਹ,(ਅਸ਼ਵਨੀ, ਸ਼ਰਮਾ)-ਜ਼ਹਿਰੀਲੀ ਸ਼ਰਾਬ ਮਾਮਲੇ ਵਿਚ ਚਾਰੇ-ਪਾਸੇ ਕਿਰਕਰੀ ਤੋਂ ਬਾਅਦ ਹੁਣ ਪੰਜਾਬ ਸਰਕਾਰ ਬਚਾਅ ਦੀ ਸਥਿਤੀ ਵਿਚ ਆ ਗਈ ਹੈ। ਸੋਮਵਾਰ ਨੂੰ ਇਕ ਤੋਂ ਬਾਅਦ ਇਕ 5 ਮੰਤਰੀਆਂ ਨੇ ਜ਼ਹਿਰੀਲੀ ਸ਼ਰਾਬ ਮਾਮਲੇ 'ਤੇ ਸਰਕਾਰ ਦਾ ਬਚਾਅ ਕੀਤਾ। ਫੂਡ ਅਤੇ ਸਪਲਾਈ ਮੰਤਰੀ ਭਰਤ ਭੂਸ਼ਣ ਆਸ਼ੂ, ਉਦਯੋਗ ਮੰਤਰੀ ਸੁੰਦਰ ਸ਼ਿਆਮ ਅਰੋੜਾ, ਖੇਡ, ਯੁਵਾ ਸੇਵਾਵਾਂ ਅਤੇ ਐੱਨ. ਆਰ. ਆਈਜ ਮਾਮਲਿਆਂ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਬਿਆਨ ਜਾਰੀ ਕਰ ਕੇ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ 'ਤੇ ਦੁੱਖ ਜਤਾਉਂਦੇ ਹੋਏ ਵਿਰੋਧੀ ਧਿਰਾਂ ਦੇ ਹਮਲਿਆਂ ਦਾ ਵੀ ਜਵਾਬ ਦਿੱਤਾ।
ਭਾਰਤ ਭੂਸ਼ਣ ਆਸ਼ੂ ਨੇ ਹਰਸਿਮਰਤ ਕੌਰ ਬਾਦਲ 'ਤੇ ਕੀਤਾ ਪਲਟਵਾਰ ਸੂਬੇ ਵਿਚ ਤਰਨਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਬਟਾਲਾ ਵਿਖੇ ਨਸ਼ੀਲੀ ਸ਼ਰਾਬ ਕਾਰਨ ਵਾਪਰੇ ਦੁਖਾਂਤ ਵਿਚ 100 ਤੋਂ ਵੱਧ ਲੋਕਾਂ ਦੀ ਹੋਈ ਮੌਤ 'ਤੇ ਦੁਖ ਪ੍ਰਗਟਾਉਂਦਿਆਂ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਇਹ ਸਮਾਂ ਇਕ ਦੂਜੇ 'ਤੇ ਬੇਬੁਨਿਆਦ ਦੋਸ਼ ਲਾ ਕੇ ਸਿਆਸੀ ਲਾਹਾ ਲੈਣ ਦਾ ਨਹੀਂ ਹੈ, ਸਗੋਂ ਸਮੇਂ ਦੀ ਮੰਗ ਹੈ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਇੱਕੋ ਪਲੇਟਫਾਰਮ 'ਤੇ ਇਕੱਠੀਆਂ ਹੋ ਕੇ ਲੋਕ ਹਿੱਤ ਲਈ ਕੰਮ ਕਰਨ। ਮੰਤਰੀ ਨੇ ਅੱਗੇ ਕਿਹਾ ਕਿ ਇਸ ਬਿਪਤਾ ਵੇਲੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਕਾਂਗਰਸ ਸਰਕਾਰ 'ਤੇ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਨੂੰ ਬਚਾਉਣ ਦਾ ਦੋਸ਼ ਲਗਾਉਣ ਵਾਲਾ ਬਿਆਨ ਬਹੁਤ ਹੀ ਮੰਦਭਾਗਾ ਹੈ, ਜੋ ਅਕਾਲੀਆਂ ਦੀ ਮੁੜ ਸੱਤਾ ਹਾਸਲ ਕਰਨ ਦੀ ਲਾਲਸਾ ਨੂੰ ਦਰਸਾਉਂਦਾ ਹੈ।

ਉਨ੍ਹਾਂ ਕਿਹਾ ਕਿ ਸਮਝ ਨਹੀਂ ਆ ਰਹੀ ਕਿ ਅਕਾਲੀ ਦਲ ਵਿਚ ਹੁਣ ਇਕਦਮ ਪੰਜਾਬ ਨਾਲ ਇੰਨੀ ਹਮਦਰਦੀ ਕਿਵੇਂ ਪੈਦਾ ਹੋ ਗਈ ਹੈ, ਜਦਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਸਮੇਂ ਇਸ ਪਾਰਟੀ ਦੇ ਆਗੂ ਖੁਦ ਨਸ਼ਿਆਂ ਦੀ ਸਮੱਗਲਿੰਗ ਵਿਚ ਸ਼ਾਮਲ ਸਨ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਤਬਾਹ ਕਰਨ ਵਿਚ ਲੱਗੇ ਹੋਏ ਲੋਕਾਂ ਨਾਲ ਰਲੇ ਹੋਏ ਸਨ। ਉਨ੍ਹਾਂ ਕਿਹਾ ਅਕਾਲੀਆਂ ਵਲੋਂ ਪੰਜਾਬ ਨਾਲ ਕੀਤੇ ਗਏ ਧ੍ਰੋਹ ਦੀ ਸੂਚੀ ਬਹੁਤ ਲੰਬੀ ਹੈ, ਜਿਨ੍ਹਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ ਗੋਲੀ ਕਾਂਡ ਆਦਿ ਸ਼ਾਮਲ ਹਨ।

ਇਹ ਸਮਾਂ ਸਿਆਸੀ ਰੋਟੀਆਂ ਸੇਕਣ ਦਾ ਨਹੀਂ : ਸੁੰਦਰ ਸ਼ਿਆਮ ਅਰੋੜਾ

ਕੈਬਨਿਟ ਮੰਤਰੀ ਸੁੰਦਰ ਸ਼ਿਆਮ ਅਰੋੜਾ ਨੇ ਕਿਹਾ ਕਿ ਇਹ ਸਮਾਂ ਸਿਆਸੀ ਰੋਟੀਆਂ ਸੇਕਣ ਦਾ ਨਹੀਂ ਹੈ, ਸਗੋਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਕ ਮੰਚ 'ਤੇ ਇਕੱਠੀਆਂ ਹੋ ਕੇ ਸਾਂਝੇ ਕਦਮ ਪੁੱਟਣ ਦਾ ਹੈ। ਉਨ੍ਹਾਂ ਕਿਹਾ ਕਿ ਆਫਤ ਸਮੇਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਕਾਂਗਰਸ ਸਰਕਾਰ 'ਤੇ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਨੂੰ ਬਚਾਉਣ ਦਾ ਦੋਸ਼ ਬਹੁਤ ਹੀ ਮੰਦਭਾਗਾ ਰੁਝਾਨ ਹੈ, ਇਹ ਸਿਰਫ਼ ਸਿਆਸੀ ਲਾਹਾ ਲੈਣ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਨੂੰ ਆਪਣਾ ਗੁਆਚਿਆ ਹੋਇਆ ਸਿਆਸੀ ਆਧਾਰ ਮੁੜ ਹਾਸਲ ਕਰਨ ਲਈ ਕੁਝ ਕਰਕੇ ਦਿਖਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ''ਅਕਾਲੀਆਂ ਨੂੰ ਪੰਜਾਬ ਦੇ ਲੋਕਾਂ ਨਾਲ ਅਚਾਨਕ ਪਿਆਰ ਕਿਵੇਂ ਹੋ ਗਿਆ? ਜਦਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਉਹ ਖੁਦ ਨਸ਼ਿਆਂ ਦੇ ਕਾਰੋਬਾਰ ਵਿਚ ਸ਼ਾਮਲ ਰਹੇ ਸਨ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਸਮੱਗਲਰਾਂ ਨਾਲ ਮਿਲੇ ਹੋਏ ਸਨ, ਜੋ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਤਬਾਹ ਕਰ ਰਹੇ ਸਨ।
 


Deepak Kumar

Content Editor Deepak Kumar