AG ਸਿੱਧੂ ਨੇ ਅਚਾਨਕ ਦਿੱਤਾ ਅਸਤੀਫ਼ਾ, ਉਥੇ ਮਿੱਡੂਖੇੜਾ ਕਤਲਕਾਂਡ ’ਚ ਪੁਲਸ ਦੀ ਵੱਡੀ ਕਾਰਵਾਈ, ਪੜ੍ਹੋ Top 10

Tuesday, Jul 26, 2022 - 10:07 PM (IST)

AG ਸਿੱਧੂ ਨੇ ਅਚਾਨਕ ਦਿੱਤਾ ਅਸਤੀਫ਼ਾ, ਉਥੇ ਮਿੱਡੂਖੇੜਾ ਕਤਲਕਾਂਡ ’ਚ ਪੁਲਸ ਦੀ ਵੱਡੀ ਕਾਰਵਾਈ, ਪੜ੍ਹੋ Top 10

ਜਲੰਧਰ : ਪੰਜਾਬ ਦੇ ਏ. ਜੀ. (ਐਡਵੋਕੇਟ ਜਨਰਲ) ਅਨਮੋਲ ਰਤਨ ਸਿੱਧੂ ਨੇ ਆਪਣੇ ਅਹੁਦੇ ਤੋਂ ਅਚਾਨਕ ਅਸਤੀਫ਼ਾ ਦੇ ਦਿੱਤਾ ਹੈ। ਅਨਮੋਲ ਰਤਨ ਸਿੱਧੂ ਨੇ ਇਹ ਅਸਤੀਫ਼ਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਭੇਜਿਆ ਹੈ। ਸਿੱਧੂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਏ. ਜੀ. ਦੇ ਅਹੁਦੇ ’ਤੇ ਨਿਯੁਕਤ ਕੀਤਾ ਸੀ। ਉਥੇ ਹੀ ਵਿੱਕੀ ਮਿੱਡੂਖੇੜਾ ਕਤਲ ਕੇਸ 'ਚ ਮੋਹਾਲੀ ਪੁਲਸ ਨੇ ਸੋਮਵਾਰ ਨੂੰ ਭੂਪੀ ਰਾਣਾ ਅਤੇ ਪੰਜ ਸ਼ਾਰਪ ਸ਼ੂਟਰਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਕਤਲ ਕੇਸ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਵੱਲੋਂ ਚਾਰਜਸ਼ੀਟ ਪੇਸ਼ ਕੀਤੀ ਗਈ ਹੈ। ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ-

ਪੰਜਾਬ ਦੇ ਏ. ਜੀ. ਅਨਮੋਲ ਰਤਨ ਸਿੱਧੂ ਨੇ ਅਚਾਨਕ ਦਿੱਤਾ ਅਸਤੀਫ਼ਾ

ਪੰਜਾਬ ਦੇ ਏ. ਜੀ. (ਐਡਵੋਕੇਟ ਜਨਰਲ) ਅਨਮੋਲ ਰਤਨ ਸਿੱਧੂ ਨੇ ਆਪਣੇ ਅਹੁਦੇ ਤੋਂ ਅਚਾਨਕ ਅਸਤੀਫਾ ਦੇ ਦਿੱਤਾ ਹੈ। ਅਨਮੋਲ ਰਤਨ ਸਿੱਧੂ ਨੇ ਇਹ ਅਸਤੀਫ਼ਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਭੇਜਿਆ ਹੈ। ਸਿੱਧੂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਏ. ਜੀ. ਦੇ ਅਹੁਦੇ ’ਤੇ ਨਿਯੁਕਤ ਕੀਤਾ ਸੀ।

ਮਿੱਡੂਖੇੜਾ ਕਤਲਕਾਂਡ : ਮੋਹਾਲੀ ਪੁਲਸ ਵੱਲੋਂ ਗੈਂਗਸਟਰ ਭੁੱਪੀ ਰਾਣਾ ਤੇ 5 ਸ਼ਾਰਪ ਸ਼ੂਟਰਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ

ਵਿੱਕੀ ਮਿੱਡੂਖੇੜਾ ਕਤਲ ਕੇਸ 'ਚ ਮੋਹਾਲੀ ਪੁਲਸ ਨੇ ਸੋਮਵਾਰ ਨੂੰ ਭੂਪੀ ਰਾਣਾ ਅਤੇ ਪੰਜ ਸ਼ਾਰਪ ਸ਼ੂਟਰਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਕਤਲ ਕੇਸ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਵੱਲੋਂ ਚਾਰਜਸ਼ੀਟ ਪੇਸ਼ ਕੀਤੀ ਗਈ ਹੈ। ਅਨਿਲ ਕੁਮਾਰ ਉਰਫ਼ ਲੱਠ, ਸੱਜਣ ਸਿੰਘ ਉਰਫ਼ ਭੋਲੂ, ਅਜੇ ਕੁਮਾਰ ਉਰਫ਼ ਸੰਨੀ 'ਖੱਬੋ ਨਿਸ਼ਾਨੇਬਾਜ਼', ਅਮਿਤ ਡਾਗਰ, ਕੌਸ਼ਲ ਚੌਧਰੀ ਅਤੇ ਭੁਪਿੰਦਰ ਸਿੰਘ ਉਰਫ਼ ਭੂਪੀ ਰਾਣਾ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਗਿਆ ਹੈ।

ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਐਲਾਨ, 31 ਜੁਲਾਈ ਨੂੰ ਕਰੇਗਾ ਟਰੇਨਾਂ ਦਾ ਚੱਕਾ ਜਾਮ

ਕੇਂਦਰ ਸਰਕਾਰ ਵੱਲੋਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਤੈਅ ਕਰਨ ਨੂੰ ਲੈ ਕੇ ਬਣਾਈ ਗਈ ਐੱਮ. ਐੱਸ. ਪੀ. ਕਮੇਟੀ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਨੇ ਵੱਡਾ ਐਲਾਨ ਕੀਤਾ ਹੈ। ਇਸ ਕਮੇਟੀ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਦੇਸ਼ ’ਚ 31 ਜੁਲਾਈ ਨੂੰ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਟਰੇਨਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਇਸ ਦੌਰਾਨ ਮੋਰਚੇ ਵੱਲੋਂ ਸੜਕਾਂ ’ਤੇ ਆਵਾਜਾਈ ਨਹੀਂ ਰੋਕੀ ਜਾਵੇਗੀ।

ਸਿੱਖ ਨੌਜਵਾਨ ਦਾ ਕੜਾ ਉਤਰਵਾਉਣ ਦਾ ਮਾਮਲਾ ਗਰਮਾਇਆ, ਜਥੇਦਾਰ ਹਰਪ੍ਰੀਤ ਸਿੰਘ ਨੇ ਕੀਤੀ ਇਹ ਮੰਗ

ਬਠਿੰਡਾ ਦੇ ਮਲੋਟ ਰੋਡ ਸਥਿਤ ਰੀਜਨਲ ਪੋਲੀਟੈਕਨਿਕ ਕਾਲਜ ਜੇ. ਈ. ਦੀ ਪ੍ਰੀਖਿਆ ਦੌਰਾਨ ਇਕ ਨਿੰਦਣਯੋਗ ਘਟਨਾ ਸਾਹਮਣੇ ਆਈ ਹੈ, ਜਦੋਂ ਇਕ ਸਿੱਖ ਨੌਜਵਾਨ ਨੂੰ ਪ੍ਰੀਖਿਆ ਕੇਂਦਰ ’ਚ ਜਾਣ ਤੋਂ ਇਸ ਲਈ ਰੋਕਿਆ ਗਿਆ ਕਿਉਂਕਿ ਉਸ ਨੇ ਹੱਥ ’ਚ ਕੜਾ ਪਹਿਨਿਆ ਹੋਇਆ ਸੀ। ਸਿੱਖ ਨੌਜਵਾਨਾਂ ਤੋਂ ਕੜਾ ਉਤਰਵਾਉਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿੱਖ ਜਥੇਬੰਦੀਆਂ ’ਚ ਰੋਸ ਫ਼ੈਲ ਗਿਆ ਹੈ।

ਗੈਂਗਸਟਰ ਗੋਲਡੀ ਬਰਾੜ ਦੇ ਦੋ ਕਰੀਬੀ ਗੈਂਗਸਟਰ ਭਾਰੀ ਅਸਲੇ ਸਣੇ ਕਾਬੂ, ਪੁਲਸ ਵਰਦੀ ਵੀ ਹੋਈ ਬਰਾਮਦ

ਡਾਇਰੈਕਟਰ ਜਨਰਲ ਆਫ਼ ਪੁਲਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਗੈਂਗਸਟਰ ਗੋਲਡੀ ਬਰਾੜ ਅਤੇ ਅਨਮੋਲ ਬਿਸ਼ਨੋਈ ਨੂੰ ਇਕ ਹੋਰ ਵੱਡਾ ਝਟਕਾ ਦਿੰਦਿਆਂ ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਨੇ ਬਠਿੰਡਾ ਪੁਲਸ ਨਾਲ ਸਾਂਝੇ ਆਪ੍ਰੇਸ਼ਨ ਵਿਚ ਉਨ੍ਹਾਂ ਦੇ ਦੋ ਨਜ਼ਦੀਕੀ ਸਾਥੀਆਂ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ, ਜਦੋਂ ਉਹ ਬਠਿੰਡਾ ਦੇ ਪਿੰਡ ਪਥਰਾਲਾ ਰਾਹੀਂ ਹਰਿਆਣਾ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ।

ਅਹਿਮ ਖ਼ਬਰ : ਕੈਬਨਿਟ ਮੰਤਰੀ ਹਰਜੋਤ ਬੈਂਸ ਹੋਏ ਕੋਰੋਨਾ ਪਾਜ਼ੇਟਿਵ, ਕੀਤੀ ਇਹ ਅਪੀਲ

ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਹ ਜਾਣਕਾਰੀ ਉਨ੍ਹਾਂ ਨੇ ਖ਼ੁਦ ਟਵੀਟ ਕਰਕੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੇਰੇ ਸੰਪਰਕ ’ਚ ਆਉਣ ਵਾਲੇ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਉਹ ਆਪਣਾ ਖ਼ਿਆਲ ਰੱਖਣ।

ਵੱਡੀ ਖ਼ਬਰ : ਪੰਜਾਬ 'ਚ ਹੋ ਸਕਦੇ ਨੇ ਡਰੋਨ ਹਮਲੇ, ਅੱਤਵਾਦੀਆਂ ਦੇ ਨਿਸ਼ਾਨੇ 'ਤੇ ਕਈ VIPs

ਪਿਛਲੇ ਦਿਨੀਂ ਹੋਈਆਂ ਅੱਤਵਾਦੀ ਗਤੀਵਿਧੀਆਂ ਅਤੇ ਡਰੋਨ ਹਮਲਿਆਂ ਤੋਂ ਬਾਅਦ ਅਲਰਟ ਹੋਈਆਂ ਦੇਸ਼ ਦੀਆਂ ਪ੍ਰਮੁੱਖ ਸੁਰੱਖਿਆ ਏਜੰਸੀਆਂ ਦੀ ਅੱਤਵਾਦੀ ਸੰਗਠਨਾਂ 'ਤੇ ਪੈਨੀ ਨਜ਼ਰ ਹੈ। ਦੇਸ਼ ਦੀਆਂ ਖ਼ੁਫ਼ੀਆਂ ਏਜੰਸੀਆਂ ਨੇ ਆਉਣ ਵਾਲੇ ਆਜ਼ਾਦੀ ਦਿਹਾੜੇ ਅਤੇ ਹੋਰ ਮਹੱਤਵਪੂਰਨ ਦਿਨਾਂ ਦੇ ਮੱਦੇਨਜ਼ਰ ਵੀ ਪੰਜਾਬ ਪੁਲਸ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਅਲਰਟ ਰਹਿਣ ਦੇ ਹੁਕਮ ਦਿੱਤੇ ਹਨ ਤਾਂ ਜੋ ਇਹ ਸੰਗਠਨ ਆਪਣੇ ਮਨਸੂਬਿਆਂ 'ਚ ਕਾਮਯਾਬ ਨਾ ਹੋ ਸਕਣ।

ਪੰਜਾਬ 'ਚ ਖੁੱਲ੍ਹਣ ਵਾਲੇ ਮੁਹੱਲਾ ਕਲੀਨਿਕਾਂ 'ਚ ਮੁਫ਼ਤ ਮਿਲਣਗੀਆਂ ਦਵਾਈਆਂ : ਜੌੜਾਮਾਜਰਾ

ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਮੁਹੱਲਾ ਕਲੀਨਿਕਾਂ ਨੂੰ ਲੈ ਕੇ ਇੱਥੇ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਆਉਣ ਵਾਲੀ 15 ਅਗਸਤ ਨੂੰ 75 ਮੁਹੱਲਾ ਕਲੀਨਿਕ ਸੂਬੇ ਦੇ ਲੋਕਾਂ ਨੂੰ ਸਪੁਰਦ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਹੱਲਾ ਕਲੀਨਿਕਾਂ ਨੂੰ ਹਰ ਜ਼ਿਲ੍ਹੇ ਅਤੇ ਹਰ ਮੁਹੱਲੇ ਤੱਕ ਲਿਜਾਇਆ ਜਾਵੇਗਾ। 

ਤਲਵੰਡੀ ਸਾਬੋ 'ਚ ਵੱਡੀ ਵਾਰਦਾਤ: ਪਤੀ ਨੇ ਪਤਨੀ ਅਤੇ ਧੀ ਦਾ ਕੀਤਾ ਕਤਲ, ਪੁੱਤ ਨੇ ਭੱਜ ਕੇ ਬਚਾਈ ਜਾਨ

 ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਤਿਓਨਾ ਪੁਜਾਰੀਆ 'ਚ ਸ਼ਰਾਬ ਦੇ ਨਸ਼ੇ 'ਚ ਇਕ ਵਿਅਕਤੀ ਨੇ ਕਥਿਤ ਤੌਰ 'ਤੇ ਆਪਣੀ ਪਤਨੀ ਅਤੇ ਧੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਉਕਤ ਦੋਸ਼ੀ ਸ਼ਰਾਬ ਪੀਣ ਦਾ ਆਦੀ ਹੈ ਅਤੇ ਘਰੇਲੂ ਕਲੇਸ਼ ਦੇ ਚੱਲਦਿਆਂ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮ੍ਰਿਤਕ ਔਰਤ ਦੀ ਪਛਾਣ ਜਸਵੀਰ ਕੌਰ (32 ਸਾਲ) ਤੇ ਉਸ ਦੀ ਧੀ ਸੁਖਪ੍ਰੀਤ ਕੌਰ (6 ਸਾਲ) ਵਜੋਂ ਹੋਈ ਹੈ।

ਪੰਜਾਬੀ ਗਾਇਕ ਬਲਵਿੰਦਰ ਸਫ਼ਰੀ ਦਾ ਹੋਇਆ ਦੇਹਾਂਤ (ਵੀਡੀਓ)

‘ਸਫਰੀ ਬੁਆਏਜ਼’ ਦੇ ਨਾਂ ਨਾਲ ਮਸ਼ਹੂਰ ਪੰਜਾਬੀ ਗਾਇਕ ਬਲਵਿੰਦਰ ਸਫਰੀ ਦਾ ਇੰਗਲੈਂਡ ’ਚ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕਾਫ਼ੀ ਸਮੇਂ ਤੋਂ ਬੀਮਾਰ ਚੱਲੇ ਆ ਰਹੇ ਸਨ। ਉਨ੍ਹਾਂ ਦੇ ਦਿਲ ਦੀ ਬਾਈਪਾਸ ਸਰਜਰੀ ਹੋਈ ਸੀ। ਇਸ ਤੋਂ ਬਾਅਦ ਉਹ ਕੋਮਾ ’ਚ ਚਲੇ ਗਏ ਸਨ। 

 


author

Manoj

Content Editor

Related News