ਕੰਪਨੀ ''ਲਾਪ੍ਰਵਾਹ'', ਟੋਲ ਵਸੂਲੀ ਠੋਕ ਕੇ

Monday, Jan 15, 2018 - 07:44 AM (IST)

ਮਾਛੀਵਾੜਾ ਸਾਹਿਬ  (ਟੱਕਰ, ਸਚਦੇਵਾ) - ਰੋਪੜ ਤੋਂ ਲੈ ਕੇ ਦੋਰਾਹਾ ਤਕ ਸਰਹਿੰਦ ਨਹਿਰ ਦੇ ਕੰਢੇ ਬਣੀ ਸੜਕ ਲੋਕਾਂ ਵਲੋਂ ਟੋਲ ਪਲਾਜ਼ਾ ਫੀਸ ਦੇਣ ਦੇ ਬਾਵਜੂਦ ਵੀ ਲਾਵਾਰਿਸ ਹਾਲਤ ਵਿਚ ਦਿਖਾਈ ਦੇ ਰਹੀ ਹੈ ਕਿਉਂਕਿ ਇਸ ਸੜਕ ਦੇ ਨਹਿਰ ਵਾਲੇ ਪਾਸੇ ਪਈਆਂ ਖਾਰਾਂ, ਸੜਕ ਤੋਂ ਗਾਇਬ ਹੋਏ ਸਾਈਨ ਬੋਰਡ ਤੇ ਖਸਤਾ ਹਾਲਤ ਬਰਮ ਇਥੋਂ ਲੰਘਣ ਵਾਲੇ ਹਜ਼ਾਰਾਂ ਵਾਹਨਾਂ ਲਈ ਵੱਡੇ ਹਾਦਸੇ ਦਾ ਖੌਅ ਬਣੇ ਹੋਏ ਹਨ ਪਰ ਟੋਲ ਪਲਾਜ਼ਾ ਫੀਸ ਵਸੂਲਣ ਵਾਲੀ ਕੰਪਨੀ ਰੋਜ਼ਾਨਾ ਲੱਖਾਂ ਰੁਪਏ ਇਕੱਠੇ ਕਰ ਰਹੀ ਹੈ ਪਰ ਸੜਕ ਦੀ ਸੰਭਾਲ ਤੋਂ ਪਾਸਾ ਵੱਟੀ ਬੈਠੀ ਹੈ।
7 ਸਾਲ ਪਹਿਲਾਂ ਬਣਾਈ ਸੀ ਸੜਕ
ਜਾਣਕਾਰੀ ਅਨੁਸਾਰ 2010 ਵਿਚ ਐਟਲਾਂਟਾ ਕੰਪਨੀ ਨੇ ਰੋਪੜ ਤੋਂ ਲੈ ਕੇ ਦੋਰਾਹਾ ਤਕ ਬੀ. ਓ. ਟੀ. ਯੋਜਨਾ ਤਹਿਤ 54 ਕਿਲੋਮੀਟਰ ਲੰਬੀ ਇਸ ਸੜਕ ਦਾ ਨਿਰਮਾਣ 225 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਸੀ ਤੇ ਇਸ ਸੜਕ 'ਤੇ 2 ਥਾਵਾਂ ਚਮਕੌਰ ਸਾਹਿਬ ਤੇ ਨੀਲੋਂ ਪੁਲ ਨੇੜੇ ਟੋਲ ਪਲਾਜ਼ਾ ਲਾ ਕੇ ਇਸ ਸੜਕ ਦੇ ਨਿਰਮਾਣ ਦੀ ਵਸੂਲੀ ਕੀਤੀ ਜਾ ਰਹੀ ਹੈ ਤੇ ਨਾਲ ਹੀ ਇਸ ਸੜਕ ਦੀ ਸੰਭਾਲ ਦੀ ਜ਼ਿੰਮੇਵਾਰੀ ਵੀ 198 ਮਹੀਨੇ ਇਸ ਕੰਪਨੀ ਦੀ ਹੈ ਪਰ ਜਦੋਂ ਅੱਜ ਇਸ ਸੜਕ ਦੀ ਹਾਲਤ ਦੇਖੀ ਗਈ ਤਾਂ ਕੰਪਨੀ ਦੀ ਨਜ਼ਰ ਆਇਆ ਕਿ ਕੰਪਨੀ ਦੀ ਲਾਪ੍ਰਵਾਹੀ ਕਾਰਨ ਕਿਸੇ ਸਮੇਂ ਵੀ ਇਸ ਸੜਕ 'ਤੇ ਵੱਡਾ ਹਾਦਸਾ ਵਾਪਰ ਸਕਦਾ ਹੈ।
ਵਾਪਰ ਸਕਦੈ ਵੱਡਾ ਹਾਦਸਾ
ਗੜ੍ਹੀ ਪੁਲ ਤੋਂ ਲੈ ਕੇ ਨੀਲੋਂ ਪੁਲ ਵਿਚਕਾਰ ਨਹਿਰ ਵਾਲੇ ਪਾਸੇ ਜਿਥੇ ਕਈ ਥਾਵਾਂ ਤੋਂ ਸੁਰੱਖਿਆ ਲਈ ਲਾਈ ਗਈ ਰੇਲਿੰਗ ਤਾਰ ਟੁੱਟੀ ਹੋਈ ਹੈ, ਉਥੇ ਨÎਹਿਰ ਦੇ ਨਾਲ ਹੀ 50 ਫੁੱਟ ਲੰਮਾ ਸੜਕ ਤੋਂ ਬਰਮ ਹੀ ਗਾਇਬ ਸੀ ਤੇ ਕੰਪਨੀ ਵਲੋਂ ਨਾ ਤਾਂ ਇਸ ਬਰਮ ਨੂੰ ਬਣਾਇਆ ਗਿਆ ਤੇ ਨਾ ਹੀ ਇਥੋਂ ਲੰਘਣ ਵਾਲੇ ਵਾਹਨਾਂ ਨੂੰ ਸੁਚੇਤ ਕਰਨ ਲਈ ਕੋਈ ਖਤਰੇ ਵਾਲਾ ਸਾਈਨ ਬੋਰਡ ਲਾਇਆ ਗਿਆ ਹੈ, ਜਿਸ ਕਾਰਨ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਤੋਂ ਇਲਾਵਾ ਸੜਕ ਦੇ ਦੂਸਰੇ ਪਾਸੇ ਕੰਪਨੀ ਵਲੋਂ ਸਾਰੇ ਵੀ ਬਰਮ ਨੂੰ ਮੁਰੰਮਤ ਕੀਤਾ ਜਾਣਾ ਜ਼ਰੂਰੀ ਹੁੰਦਾ ਹੈ ਤੇ ਘਾਹ ਦੀ ਸਫਾਈ ਕਰਨੀ ਹੁੰਦੀ ਹੈ ਪਰ ਸਾਰੀ ਬਰਮਾਂ 'ਤੇ ਜਿਥੇ ਵੱਡਾ-ਵੱਡਾ ਘਾਹ ਤੇ ਝਾੜੀਆਂ ਉੱਗੀਆਂ ਹੋਈਆਂ ਹਨ, ਉਥੇ ਹੀ ਖਾਰਾਂ ਵੀ ਪਈਆਂ ਹਨ, ਜਿਨ੍ਹਾਂ ਨੂੰ ਕਈ ਮਹੀਨਿਆਂ ਤੋਂ ਮੁਰੰਮਤ ਹੀ ਨਹੀਂ ਕੀਤਾ ਗਿਆ ਜੋ ਕਿ ਹਾਦਸੇ ਦਾ ਕਾਰਨ ਬਣ ਸਕਦੇ ਹਨ।
ਸਾਈਨ ਬੋਰਡ ਕਿਤੇ-ਕਿਤੇ ਹੀ
ਰੋਪੜ ਤੋਂ ਲੈ ਕੇ ਦੋਰਾਹਾ ਤਕ ਸੜਕ 'ਤੇ ਜੋ ਪਿੰਡ ਆਉਂਦੇ ਹਨ, ਉਨ੍ਹਾਂ ਦੇ ਨਾਂ ਵਾਲੇ ਬੋਰਡ ਜਾਂ ਟ੍ਰੈਫਿਕ ਨਿਯਮਾਂ ਦੇ ਸਾਈਨ ਬੋਰਡ ਲਾਉਣੇ ਜ਼ਰੂਰੀ ਹੁੰਦੇ ਹਨ ਪਰ ਕਿਤੇ-ਕਿਤੇ ਹੀ ਕੋਈ ਟ੍ਰੈਫਿਕ ਨਿਯਮਾਂ ਵਾਲਾ ਸਾਈਨ ਬੋਰਡ ਦਿਖਦਾ ਹੈ, ਜਦਕਿ ਬਾਕੀ ਲਗਾਏ ਸਾਰੇ ਬੋਰਡ ਗਾਇਬ ਹੋ ਗਏ ਹਨ, ਜਿਨ੍ਹਾਂ ਨੂੰ ਦੁਬਾਰਾ ਲਗਾਉਣ ਦੀ ਕੰਪਨੀ ਵਲੋਂ ਕੋਈ ਵੀ ਕੋਸ਼ਿਸ਼ ਨਹੀਂ ਕੀਤੀ ਗਈ। ਰੋਪੜ ਤੋਂ ਲੈ ਕੇ ਦੋਰਾਹਾ ਤਕ 54 ਕਿਲੋਮੀਟਰ ਲੰਬੀ ਇਸ ਸੜਕ 'ਤੇ ਜਿੰਨੇ ਵੀ ਪਿੰਡ ਆਉਂਦੇ ਹਨ, ਉਨ੍ਹਾਂ ਦੇ ਬੱਸ ਸਟਾਪ ਬਣਾਉਣੇ ਜ਼ਰੂਰੀ ਹੁੰਦੇ ਹਨ ਪਰ ਉਹ ਵੀ ਨਹੀਂ ਬਣਾਏ ਗਏ ਤੇ ਜੋ ਨੀਲੋਂ ਕਲਾਂ ਦਾ ਬੱਸ ਸਟਾਪ ਬਣਾਇਆ ਗਿਆ ਹੈ ਉਸਦੀ ਇਮਾਰਤ ਢਹਿ-ਢੇਰੀ ਹੋਣ ਦੇ ਕੰਢੇ ਹੈ ਤੇ ਕੰਪਨੀ ਵਲੋਂ ਉਸਦੀ ਮੁਰੰਮਤ ਵੀ ਨਹੀਂ ਕੀਤੀ ਗਈ।
ਰੋਜ਼ਾਨਾ ਲੱਖਾਂ ਰੁਪਏ ਟੋਲ ਪਲਾਜ਼ਾ ਵਸੂਲਣ ਵਾਲੀ ਕੰਪਨੀ ਇਸ ਸੜਕ ਤੋਂ ਲੰਘਣ ਵਾਲੇ ਲੋਕਾਂ ਦੀ ਜਾਨ ਨੂੰ ਦਾਅ 'ਤੇ ਲਾ ਰਹੀ ਹੈ ਪਰ ਇਸ ਸੜਕ ਨਾਲ ਸਬੰਧਤ ਲੋਕ ਨਿਰਮਾਣ ਵਿਭਾਗ ਤੇ ਕੰਪਨੀ ਦੀ ਮਿਲੀਭੁਗਤ ਨਾਲ ਇਸ ਸੜਕ ਦੀ ਮੁਰੰਮਤ 'ਤੇ ਲੱਗਣ ਵਾਲਾ ਪੈਸਾ ਕਿਸ ਦੀ ਜੇਬ ਵਿਚ ਜਾ ਰਿਹਾ ਹੈ, ਇਸ ਦੀ ਜਾਂਚ ਹੋਣੀ ਚਾਹੀਦੀ ਹੈ।
ਕੀ ਕਹਿੰਦੇ ਹਨ ਕੰਪਨੀ ਅਧਿਕਾਰੀ
ਟੋਲ ਫੀਸ ਵਸੂਲਣ ਦੇ ਬਾਵਜੂਦ ਰੋਪੜ-ਦੋਰਾਹਾ ਸੜਕ ਦੀ ਲਾਵਾਰਿਸ ਹਾਲਤ ਬਾਰੇ ਜਦੋਂ ਐਟਲਾਂਟਾ ਕੰਪਨੀ ਦੇ ਅਧਿਕਾਰੀ ਅਮਿਤ ਅੰਸਾਰੀ ਨਾਲ ਗੱਲਬਾਤ ਕੀਤੀ ਗਈ ਕਿ ਸੜਕ ਦੀ ਮੁਰੰਮਤ ਤੇ ਸੰਭਾਲ ਦੀ ਜ਼ਿੰਮੇਵਾਰੀ ਐਟਲਾਂਟਾ ਕੰਪਨੀ ਦੀ ਹੈ ਜਾਂ ਸਰਕਾਰ ਦੀ, ਤਾਂ ਉਸਨੇ ਇਸ ਗੱਲ ਤੋਂ ਅਨਜਾਣਤਾ ਪ੍ਰਗਟਾਈ। ਜਦੋਂ ਇਸ ਸਬੰਧੀ ਦੂਜੇ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਸੜਕ ਦੇ ਬਰਮਾਂ ਦੀ ਮੁਰੰਮਤ ਕੁਝ ਮਹੀਨੇ ਪਹਿਲਾਂ ਕੀਤੀ ਗਈ ਸੀ, ਜੋ ਕਿ ਕੰਪਨੀ ਦੀ ਜ਼ਿੰਮੇਵਾਰੀ ਹੈ ਤੇ ਹੁਣ ਵੀ ਕਰਵਾ ਦਿੱਤੀ ਜਾਵੇਗੀ।
ਸੜਕ ਦੇ ਨਹਿਰ ਵਾਲੇ ਪਾਸੇ ਪਈਆਂ ਖਾਰਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਮੌਕਾ ਦੇਖ ਕੇ ਇਸ ਨੂੰ ਦੂਰ ਕਰਵਾ ਦੇਣਗੇ। ਸੜਕ 'ਤੇ ਸਾਈਨ ਬੋਰਡ ਨਾ ਲੱਗਣ 'ਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਪਿਛਲੇ ਡੇਢ ਸਾਲ ਵਿਚ ਇਸ ਸੜਕ ਤੋਂ 93 ਸਾਈਨ ਬੋਰਡ ਚੋਰੀ ਹੋ ਚੁੱਕੇ ਹਨ, ਜਿਸ ਸਬੰਧੀ ਉਨ੍ਹਾਂ ਪੁਲਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਹੈ ਤੇ ਦੁਬਾਰਾ ਫਿਰ ਲੋਕਾਂ ਦੀ ਸਹੂਲਤ ਲਈ ਸਾਈਨ ਬੋਰਡ ਲਗਾਉਣ ਬਾਰੇ ਉਹ ਕੋਈ ਸਪੱਸ਼ਟ ਜਵਾਬ ਨਾ ਦੇ ਸਕੇ।
ਇਸ ਤੋਂ ਇਲਾਵਾ ਨੀਲੋਂ ਕਲਾਂ ਦੇ ਢਹਿ-ਢੇਰੀ ਹੋਏ ਬੱਸ ਸਟਾਪ ਬਾਰੇ ਉਨ੍ਹਾਂ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਰਾਤ ਨੂੰ ਕੋਈ ਸ਼ਰਾਰਤੀ ਅਨਸਰ ਇਸ ਬੱਸ ਸਟਾਪ ਨੂੰ ਤੋੜ ਗਿਆ, ਜਿਸ ਸਬੰਧੀ ਉਨ੍ਹਾਂ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਮੁਰੰਮਤ ਨਾ ਕੀਤੇ ਜਾਣ 'ਤੇ ਉਨ੍ਹਾਂ ਦੱਸਿਆ ਕਿ ਇਸ ਸੜਕ ਤੋਂ ਬੱਸਾਂ ਦੀ ਆਵਾਜਾਈ ਘੱਟ ਹੋਣ ਕਾਰਨ ਇਸ ਦੀ ਮੁਰੰਮਤ ਵੱਲ ਧਿਆਨ ਨਹੀਂ ਦਿੱਤਾ ਗਿਆ।


Related News