ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
Tuesday, Apr 19, 2022 - 09:23 PM (IST)
ਜਲੰਧਰ : ਪੰਜਾਬ ਦੇ ਵਿੱਤੀ ਹਾਲਾਤ ਨੂੰ ਦੇਖਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਕ ਹੋਰ ਅਹਿਮ ਫੈਸਲਾ ਲੈਂਦਿਆਂ ਸੂਬੇ ਨੂੰ ਹੁਣ ਤੱਕ ਹੋਏ ਵਿੱਤੀ ਨੁਕਸਾਨ ਦੀ ਜਾਂਚ ਕਰਵਾਉਣ ਦਾ ਐਲਾਨ ਕੀਤਾ ਹੈ। ਉਥੇ ਹੀ ਅੱਜ ਮੋਹਾਲੀ ਅਦਾਲਤ 'ਚ ਕੇਸ ਦੀ ਹੋਈ ਮੁੜ ਸੁਣਵਾਈ ਦੌਰਾਨ ਅਕਾਲੀ ਆਗੂ ਬਿਕਰਮ ਮਜੀਠੀਆ ਦੀ ਨਿਆਇਕ ਹਿਰਾਸਤ 'ਚ ਫਿਰ ਵਾਧਾ ਕਰ ਦਿੱਤਾ ਗਿਆ ਹੈ। ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ-
ਮੁੱਖ ਮੰਤਰੀ ਭਗਵੰਤ ਮਾਨ ਦਾ ਇਕ ਹੋਰ ਸਖ਼ਤ ਕਦਮ, ਸੂਬੇ ’ਤੇ ਚੜ੍ਹੇ 3 ਲੱਖ ਕਰੋੜ ਦੇ ਕਰਜ਼ ਦਾ ਆਡਿਟ ਕਰਵਾਏਗੀ ਸਰਕਾਰ
ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਣ ਅਤੇ ਮੁੱਖ ਮੰਤਰੀ ਕੁਰਸੀ ਸੰਭਾਲਣ ਤੋਂ ਬਾਅਦ ਭਗਵੰਤ ਮਾਨ ਵਲੋਂ ਇਕ ਤੋਂ ਬਾਅਦ ਇਕ ਵੱਡੇ ਫ਼ੈਸਲੇ ਲਏ ਜਾ ਰਹੇ ਹਨ। ਪੰਜਾਬ ਦੇ ਵਿੱਤੀ ਹਾਲਾਤ ਨੂੰ ਦੇਖਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੁਣ ਇਕ ਹੋਰ ਫੈ਼ਸਲਾ ਲੈਂਦਿਆਂ ਸੂਬੇ ਨੂੰ ਹੁਣ ਤਕ ਹੋਏ ਵਿੱਤੀ ਨੁਕਸਾਨ ਦੀ ਜਾਂਚ ਕਰਵਾਉਣ ਦਾ ਐਲਾਨ ਕੀਤਾ ਹੈ।
ਬਿਜਲੀ ਮੰਤਰੀ ਹਰਭਜਨ ਸਿੰਘ ਦਾ SC ਵਰਗ ਨੂੰ ਮੁਫ਼ਤ ਬਿਜਲੀ ’ਤੇ ਸਪੱਸ਼ਟੀਕਰਨ, ਕਹੀ ਇਹ ਗੱਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਾਸੀਆਂ ਨੂੰ 1 ਜੁਲਾਈ ਤੋਂ 600 ਯੂਨਿਟ ਮੁਫ਼ਤ ਬਿਜਲੀ ਦੇਣ ਦੇ ਐਲਾਨ ਤੋਂ ਬਾਅਦ ਸਰਕਾਰ ਕਈ ਸਵਾਲਾਂ ਦੇ ਘੇਰੇ ’ਚ ਆ ਗਈ ਸੀ। ਇਸੇ ਦਰਮਿਆਨ ਹੁਣ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਸਰਕਾਰ ਵੱਲੋਂ ਮੁਫ਼ਤ ਬਿਜਲੀ ਨੂੰ ਲੈ ਕੇ ਸਪੱਸ਼ਟੀਕਰਨ ਦਿੱਤਾ ਹੈ।
ਸੁਖਬੀਰ ਬਾਦਲ ਵੱਲੋਂ ਰਾਜੋਆਣਾ ਦੀ ਰਿਹਾਈ ਦੀ ਮੰਗ 'ਤੇ ਭੜਕੇ ਰਵਨੀਤ ਬਿੱਟੂ, ਦਿੱਤਾ ਵੱਡਾ ਬਿਆਨ
ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਦੀ ਮੰਗ ਕਰਨ 'ਤੇ ਭੜਕੇ ਕਾਂਗਰਸ ਆਗੂ ਰਵਨੀਤ ਬਿੱਟੂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਬਿੱਟੂ ਨੇ ਟਵੀਟ ਕਰਕੇ ਕਿਹਾ ਹੈ ਕਿ ਸੁਖਬੀਰ ਬਾਦਲ ਵੱਲੋਂ ਵਾਰ-ਵਾਰ ਰਾਜੋਆਣਾ ਦੀ ਰਿਹਾਈ ਦੀ ਮੰਗ ਕਰਨ ਦਾ ਮਤਲਬ ਹੈ ਕਿ ਸੁਖਬੀਰ ਮੈਨੂੰ ਤੇ ਮੇਰੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ।
'ਮਜੀਠੀਆ' ਨੂੰ ਨਹੀਂ ਮਿਲੀ ਅਦਾਲਤ ਤੋਂ ਰਾਹਤ, ਨਿਆਇਕ ਹਿਰਾਸਤ 'ਚ ਕੀਤਾ ਗਿਆ ਹੋਰ ਵਾਧਾ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਦੀ ਅੱਜ ਮੋਹਾਲੀ ਅਦਾਲਤ 'ਚ ਮੁੜ ਪੇਸ਼ੀ ਹੋਈ। ਕੇਸ ਦੀ ਸੁਣਵਾਈ ਦੌਰਾਨ ਮਜੀਠੀਆ ਦੀ ਨਿਆਇਕ ਹਿਰਾਸਤ 'ਚ ਫਿਰ ਵਾਧਾ ਕਰ ਦਿੱਤਾ ਗਿਆ ਹੈ।
ਕਿਸਾਨਾਂ ਲਈ ਅਹਿਮ ਖ਼ਬਰ, ਪੀ. ਐੱਸ. ਪੀ. ਸੀ. ਐੱਲ. ਵਲੋਂ ਫਸਲਾਂ ਲਈ ਬਿਜਲੀ ਸਪਲਾਈ ਦਾ ਸ਼ਡਿਊਲ ਜਾਰੀ
ਪੀ. ਐੱਸ. ਪੀ. ਸੀ. ਐੱਲ. ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਵਿਚ ਕਣਕ ਦੀ ਵਾਢੀ ਲਗਭਗ ਪੂਰੀ ਹੋ ਚੁੱਕੀ ਹੈ ਅਤੇ ਹੋਰ ਫਸਲਾਂ ਅਤੇ ਸਬਜ਼ੀਆਂ ਦੀ ਬਿਜਾਈ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਸੂਬੇ ਵਿਚ 20 ਅਪ੍ਰੈਲ ਤੋਂ ਖੇਤੀਬਾੜੀ ਖਪਤਕਾਰਾਂ ਲਈ ਬਿਜਲੀ ਸਪਲਾਈ ਦਾ ਸ਼ਡਿਊਲ ਜਾਰੀ ਕੀਤਾ ਹੈ।
ਪੰਜਾਬ 'ਚ 'ਮੌਸਮ' ਨੂੰ ਲੈ ਕੇ ਵਿਸ਼ੇਸ਼ ਬੁਲੇਟਿਨ ਜਾਰੀ, ਇਸ ਤਾਰੀਖ਼ ਤੋਂ ਧੂੜ ਭਰੀ ਹਨ੍ਹੇਰੀ ਤੇ ਮੀਂਹ ਪੈਣ ਦੀ ਸੰਭਾਵਨਾ
ਮੌਸਮ ਦੇ ਮਿਜਾਜ਼ ਨੂੰ ਲੈ ਕੇ ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਜਾਰੀ ਵਿਸ਼ੇਸ਼ ਬੁਲੇਟਿਨ ਵਿਚ ਦੱਸਿਆ ਗਿਆ ਹੈ ਕਿ ਪੱਛਮੀ ਚੱਕਰਵਾਤ ਕਾਰਨ ਮੌਸਮ ਆਉਣ ਵਾਲੇ ਦਿਨਾਂ ’ਚ ਕਰਵਟ ਲੈ ਸਕਦਾ ਹੈ।
ਯੂਏਈ ਨੇ ਨਵੀਂ ਵੀਜ਼ਾ ਅਤੇ ਨਿਵਾਸ ਯੋਜਨਾ ਦਾ ਕੀਤਾ ਐਲਾਨ, ਭਾਰਤੀਆਂ ਨੂੰ ਹੋਵੇਗਾ ਫ਼ਾਇਦਾ
ਯੂਏਈ ਨੇ ਇੱਕ ਨਵੀਂ ਉਦਾਰੀਕਰਨ ਵਾਲੀ ਪ੍ਰਵੇਸ਼ ਅਤੇ ਨਿਵਾਸ ਯੋਜਨਾ ਅਪਣਾਈ ਹੈ, ਜਿਸ ਵਿੱਚ ਨਵੀਆਂ ਸ਼੍ਰੇਣੀਆਂ ਸ਼ਾਮਲ ਹਨ ਅਤੇ ਲਾਭਪਾਤਰੀਆਂ ਦੇ ਦਾਇਰੇ ਦਾ ਵਿਸਤਾਰ ਕੀਤਾ ਗਿਆ ਹੈ।ਇਸ ਪਹਿਲਕਦਮੀ ਦਾ ਉਦੇਸ਼ ਸੈਰ-ਸਪਾਟਾ, ਆਰਥਿਕ ਅਤੇ ਵਿਦਿਅਕ ਖੇਤਰਾਂ ਵਿੱਚ ਦੇਸ਼ ਨੂੰ ਸਮਰਥਨ ਦੇਣਾ ਹੈ।
ਪਿਤਾ ਨੇ ਨਹੀਂ ਕਰਵਾ ਕੇ ਦਿੱਤਾ ਮੋਬਾਇਲ ਰਿਚਾਰਜ ਤਾਂ 14 ਸਾਲਾ ਪੁੱਤਰ ਨੇ ਕੀਤੀ ਖ਼ੁਦਕੁਸ਼ੀ
ਮੱਧ ਪ੍ਰਦੇਸ਼ ਦੇ ਜਬਲਪੁਰ ਸ਼ਹਿਰ ਦੇ ਗੋਰਖਪੁਰ ਇਲਾਕੇ ’ਚ ਆਰਥਿਕ ਤੰਗੀ ਕਾਰਨ ਪਿਤਾ ਵਲੋਂ ਮੋਬਾਇਲ ਫੋਨ ’ਚ ਇੰਟਰਨੈੱਟ ਡਾਟਾ ਪੈਕ ਰਿਚਾਰਜ ਕਰਨ ’ਚ ਅਸਮਰੱਥ ਹੋਣ ’ਤੇ 14 ਸਾਲਾ ਮੁੰਡੇ ਨੇ ਖ਼ੁਦਕੁਸ਼ੀ ਕਰ ਲਈ।
ਕੁਰਾਨ ਅਪਮਾਨ ਮਾਮਲਾ : ਸਵੀਡਨ ’ਚ ਹੋਰ ਭੜਕੀ ਦੰਗਿਆਂ ਦੀ ਅੱਗ, ਹੁਣ ਤੱਕ 40 ਲੋਕ ਜ਼ਖ਼ਮੀ
ਸਵੀਡਨ ’ਚ ਮੁਸਲਿਮ ਧਰਮ ਦੇ ਪਵਿੱਤਰ ਗ੍ਰੰਥ ਕੁਰਾਨ ਦੇ ਅਪਮਾਨ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਸ਼ੁਰੂ ਹੋਏ ਦੰਗੇ ਅਜੇ ਵੀ ਜਾਰੀ ਹਨ। ਪੂਰਾ ਦੇਸ਼ ਦੰਗਿਆਂ ਦੀ ਅੱਗ ’ਚ ਸੜ ਰਿਹਾ ਹੈ।