ਸਿੱਧੂ ਮੂਸੇਵਾਲਾ ਕਤਲਕਾਂਡ ''ਚ 2 ਗੈਂਗਸਟਰਾਂ ਦਾ ਕਤਲ, CBI ਵੱਲੋਂ ਮਨੀਸ਼ ਸਿਸੋਦੀਆ ਗ੍ਰਿਫ਼ਤਾਰ, ਪੜ੍ਹੋ TOP 10

Sunday, Feb 26, 2023 - 09:17 PM (IST)

ਸਿੱਧੂ ਮੂਸੇਵਾਲਾ ਕਤਲਕਾਂਡ ''ਚ 2 ਗੈਂਗਸਟਰਾਂ ਦਾ ਕਤਲ, CBI ਵੱਲੋਂ ਮਨੀਸ਼ ਸਿਸੋਦੀਆ ਗ੍ਰਿਫ਼ਤਾਰ, ਪੜ੍ਹੋ TOP 10

ਜਲੰਧਰ (ਬਿਊਰੋ): ਅੱਜ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਸ਼ਾਮਲ ਗੈਂਗਸਟਰਾਂ ਦਾ ਜੇਲ੍ਹ ਵਿਚ ਕਤਲ ਕਰ ਦਿੱਤਾ ਗਿਆ ਤਾਂ ਉੱਧਰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੀ.ਬੀ.ਆਈ. ਨੇ ਗ੍ਰਿਫ਼ਤਾਰ ਕਰ ਲਿਆ। ਪੜ੍ਹੋ ਅੱਜ ਦੀਆਂ 10 ਮੁੱਖ ਖ਼ਬਰਾਂ...

ਗੋਇੰਦਵਾਲ ਸਾਹਿਬ ਜੇਲ੍ਹ ’ਚ ਵੱਡੀ ਗੈਂਗਵਾਰ, ਮੂਸੇਵਾਲਾ ਕਤਲ ਕਾਂਡ ’ਚ ਸ਼ਾਮਲ 2 ਗੈਂਗਸਟਰਾਂ ਦਾ ਕਤਲ

ਗੋਇੰਦਵਾਲ ਸਾਹਿਬ ਦੀ ਸੈਂਟਰਲ ਜੇਲ੍ਹ ਵਿਚ ਹੋਈ ਗੈਂਗਵਾਰ ਦੌਰਾਨ ਦੋ ਗੈਂਗਸਟਰਾਂ ਦਾ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਇਸ ਗੈਂਗਵਾਰ ਵਿਚ ਮੂਸੇਵਾਲਾ ਕਤਲ ਕਾਂਡ ਵਿਚ ਸ਼ਾਮਲ ਗੈਂਗਸਟਰ ਮਨਦੀਪ ਤੂਫਾਨ ਅਤੇ ਮਨਮੋਹਨ ਮੋਹਨਾ ਦੀ ਮੌਤ ਹੋ ਗਈ ਜਦਕਿ ਇਕ ਹੋਰ ਕੇਸ਼ਵ ਨਾਂ ਦਾ ਗੈਂਗਸਟਰ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ।

ਵੱਡੀ ਖ਼ਬਰ : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ CBI ਨੇ ਕੀਤਾ ਗ੍ਰਿਫ਼ਤਾਰ

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਮੁਨੀਸ਼ ਸਿਸੋਦੀਆ ਨੂੰ ਆਬਕਾਰੀ ਨੀਤੀ ਘਪਲੇ ਮਾਮਲੇ ’ਚ ਸੀ. ਬੀ. ਆਈ. ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਅੱਜ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਆਬਕਾਰੀ ਨੀਤੀ ਘਪਲੇ ਦੀ ਸੀ. ਬੀ. ਆਈ. ਦੀ ਜਾਂਚ 'ਚ ਸ਼ਾਮਲ ਹੋਏ ।

ਰਾਜਪਾਲ ਬਨਵਾਰੀਲਾਲ ਪੁਰੋਹਿਤ ਖ਼ਿਲਾਫ਼ ਸੁਪਰੀਮ ਕੋਰਟ ਪਹੁੰਚੀ ‘ਆਪ’ ਸਰਕਾਰ

ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਖ਼ਿਲਾਫ਼ ਆਮ ਆਦਮੀ ਪਾਰਟੀ (ਆਪ) ਸਰਕਾਰ ਸੁਪਰੀਮ ਕੋਰਟ ਪਹੁੰਚ ਗਈ ਹੈ। ਰਾਜਪਾਲ ਨੇ ਸਰਕਾਰ ਨੂੰ ਬਜਟ ਸੈਸ਼ਨ ਦੀ ਮਨਜ਼ੂਰੀ ਨਹੀਂ ਦਿੱਤੀ ਸੀ, ਜਿਸ ਦੇ ਖ਼ਿਲਾਫ਼ ਸੀ. ਐੱਮ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪਟੀਸ਼ਨ ਦਾਇਰ ਕੀਤੀ ਹੈ।

ਵੱਡੀ ਖ਼ਬਰ : ਬਹਿਬਲ ਕਲਾਂ ਇਨਸਾਫ਼ ਮੋਰਚਾ ਹੋਵੇਗਾ ਖ਼ਤਮ , 2 ਮਾਰਚ ਨੂੰ ਕਰਵਾਇਆ ਜਾਵੇਗਾ ਸ਼ੁਕਰਾਨਾ ਸਮਾਗਮ

ਬਹਿਬਲ ਕਲਾਂ ਇਨਸਾਫ਼ ਮੋਰਚਾ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਸਿਟ ਵੱਲੋਂ ਕੋਟਕਪੂਰਾ ਗੋਲ਼ੀਕਾਂਡ ਮਾਮਲੇ 'ਚ ਚਾਰਜਸ਼ੀਟ ਦਾਖ਼ਲ ਕਰਨ ਤੋਂ ਬਾਅਦ ਬਹਿਬਲ ਕਲਾਂ ਇਨਸਾਫ਼ ਮੋਰਚੇ ਵੱਲੋਂ ਮੀਟਿੰਗ ਉਪਰੰਤ ਧਰਨਾ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਮੋਰਚੇ ਵੱਲੋਂ ਦੋ ਵੱਡੇ ਪ੍ਰੋਗਰਾਮ ਵੀ ਉਲੀਕੇ ਗਏ ਹਨ, ਜਿਸ ਦੀ ਜਾਣਕਾਰੀ ਮੋਰਚਾ ਸੰਚਾਲਕ ਅਤੇ ਆਗੂ ਸੁਖਰਾਜ ਸਿੰਘ ਵੱਲੋਂ ਦਿੱਤੀ ਗਈ ਹੈ।

ਰਵਨੀਤ ਬਿੱਟੂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਅਤੇ ਕਾਂਗਰਸ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰਵਨੀਤ ਬਿੱਟੂ ਨੂੰ ਵਟਸਐੱਪ ’ਤੇ ਵਿਦੇਸ਼ੀ ਨੰਬਰ ਤੋਂ ਆਈ ਕਾਲ ਰਾਹੀਂ ਧਮਕੀ ਦਿੱਤੀ ਗਈ ਹੈ। 

ਜਲੰਧਰ 'ਚ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ, ਸੰਗਤ ਨੇ ਮੌਕੇ 'ਤੇ ਮੁਲਜ਼ਮ ਨੂੰ ਦਬੋਚ ਚਾੜ੍ਹਿਆ ਕੁਟਾਪਾ

ਰਾਮਾਮੰਡੀ ਅਧੀਨ ਪੈਂਦੇ ਬੇਅੰਤ ਸਿੰਘ ਨਗਰ ਸਥਿਤ ਗੁਰਦੁਆਰਾ ਸਾਹਿਬ 'ਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਸਵੇਰੇ ਇਕ ਵਿਅਕਤੀ ਗੁਰਦੁਆਰਾ ਸਾਹਿਬ ਵਿਖੇ ਆਇਆ ਅਤੇ ਕੁਝ ਦੇਰ ਉਥੇ ਬੈਠ ਰਿਹਾ, ਫਿਰ ਗੁਟਕਾ ਸਾਹਿਬ ਚੁੱਕ ਕੇ ਗਲੀ ਵਿਚ ਆ ਗਿਆ ਅਤੇ ਪਾਵਨ ਸਰੂਪ ਦੇ ਅੰਗ ਗਲੀ ਵਿਚ ਖਿਲਾਰਣੇ ਸ਼ੁਰੂ ਕਰ ਦਿੱਤੇ। 

ਜਲੰਧਰ ਵਿਖੇ ਗ੍ਰੰਥੀ ਸਿੰਘ ਦੀ ਮੁਸਤੈਦੀ ਨਾਲ ਟਲਿਆ ਬੇਅਦਬੀ ਕਾਂਡ, ਸ਼ਰਾਰਤੀ ਅਨਸਰ ਨੂੰ ਇੰਝ ਕੀਤਾ ਕਾਬੂ

ਸ਼ਰਾਰਤੀ ਅਨਸਰਾਂ ਵੱਲੋਂ ਪੰਜਾਬ ਦੀ ਠੰਡ ਨੂੰ ਅੱਗ ਵਿਚ ਬਦਲਣ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਅਜਿਹਾ ਹੀ ਇਕ ਯਤਨ ਜਲੰਧਰ ਵਿਖੇ ਗ੍ਰੰਥੀ ਸਿੰਘ ਦੀ ਮੁਸਤੈਦੀ ਨਾਲ ਉਸ ਸਮੇਂ ਟਲ ਗਿਆ, ਜਦੋਂ ਬੇਅਦਬੀ ਦਾ ਯਤਨ ਕਰਨ ਆਏ ਸ਼ਰਾਰਤੀ ਅਨਸਰ ਨੂੰ ਗ੍ਰੰਥੀ ਸਿੰਘ ਨੇ ਕਾਬੂ ਕਰਕੇ ਸੰਗਤਾਂ ਦੀ ਮਦਦ ਨਾਲ ਪੁਲਸ ਦੇ ਹਵਾਲੇ ਕਰ ਦਿੱਤਾ। 

ਅਜਨਾਲਾ ਕਾਂਡ 'ਤੇ ਕੇਂਦਰੀ ਗ੍ਰਹਿ ਮੰਤਰਾਲਾ ਸਖ਼ਤ, ਪੰਜਾਬ ਪੁਲਸ ਤੇ IB ਤੋਂ ਮੰਗੀ ਰਿਪੋਰਟ

ਅਜਨਾਲਾ ਕਾਂਡ 'ਤੇ ਕੇਂਦਰੀ ਗ੍ਰਹਿ ਮੰਤਰਾਲਾ ਵੱਲੋਂ ਸਖ਼ਤੀ ਦਿਖਾਈ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਅਜਨਾਲਾ ਥਾਣੇ 'ਤੇ ਹਮਲੇ ਨੂੰ ਲੈ ਕੇ ਐੱਮ.ਐੱਚ.ਏ. (ਮਿਨੀਸਟਰੀ ਆਫ ਹੋਮ ਅਫੇਅਰ) ਨੇ ਪੰਜਾਬ ਪੁਲਸ ਤੇ IB ਤੋਂ ਮੰਗੀ ਰਿਪੋਰਟ ਮੰਗੀ ਹੈ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਦੀਆਂ ਸਰਗਰਮੀਆਂ ਨੂੰ ਲੈ ਕੇ ਗ੍ਰਹਿ ਮੰਤਰਾਲਾ ਸੁੱਰਖਿਆ ਏਜੰਸੀਆਂ ਦੇ ਸੰਪਰਕ 'ਚ ਹੈ।

ਮੈਂ ਜਿਥੇ ਵੀ ਜਾਂਦਾ, ਉਥੇ ਸਿੱਧੂ ਦਾ ਪ੍ਰਭਾਵ ਮਹਿਸੂਸ ਹੁੰਦਾ : ਬਲਕੌਰ ਸਿੰਘ

ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਮਾਨਸਾ ਵਿਖੇ ਹਵੇਲੀ ਦੌਰਾਨ ਸੰਬੋਧਨ ਕਰਦਿਆਂ ਪੁੱਤ ਦੇ ਚਾਹੁਣ ਵਾਲਿਆਂ ਨਾਲ ਦਿਲ ਦੇ ਜਜ਼ਬਾਤ ਸਾਂਝੇ ਕੀਤੇ। ਬਲਕੌਰ ਸਿੰਘ ਨੇ ਕਿਹਾ ਕਿ ਮਾਰਚ ਮਹੀਨੇ ਉਹ ਸਿੱਧੂ ਨੂੰ ਵਿਦਾਇਗੀ ਦੇਣਗੇ। ਨਾਲ ਹੀ ਉਨ੍ਹਾਂ ਕਿਹਾ ਕਿ ਭੋਗ ਤਾਂ 10 ਦਿਨਾਂ ’ਚ ਪੈ ਜਾਂਦਾ ਹੈ ਪਰ ਆਪਣੇ 10 ਮਹੀਨਿਆਂ ’ਚ ਵੀ ਨਹੀਂ ਪਿਆ।

ਬ੍ਰਾਜ਼ੀਲ 'ਚ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਭਾਰੀ ਤਬਾਹੀ, 60 ਦੇ ਕਰੀਬ ਲੋਕਾਂ ਦੀ ਮੌਤ (ਤਸਵੀਰਾਂ)

ਬ੍ਰਾਜ਼ੀਲ ਦੇ ਸਾਓ ਪਾਓਲੋ ਸੂਬੇ 'ਚ ਭਾਰੀ ਮੀਂਹ, ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 60 ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਬ੍ਰਾਜ਼ੀਲ ਦੀ ਮੀਡੀਆ ਰਿਪੋਰਟ 'ਚ ਦਿੱਤੀ ਗਈ। ਮੀਡੀਆ ਨੇ ਸ਼ੁੱਕਰਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ 54 ਦੱਸੀ ਸੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News