ਪੁਲਸ ਮੁਕਾਬਲੇ ''ਚ ਗੈਂਗਸਟਰ ਢੇਰ, ਮਾਨ ਸਰਕਾਰ ਦਾ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡਾ ਐਕਸ਼ਨ, ਪੜ੍ਹੋ TOP 10

02/22/2023 8:57:15 PM

ਜਲੰਧਰ (ਬਿਊਰੋ): ਅੱਜ ਪੰਜਾਬ ਪੁਲਸ ਤੇ ਗੈਂਗਸਟਰਾਂ ਵਿਚਾਲੇ ਹੋਏ ਐਨਕਾਊਂਟਰ ਵਿਚ 2 ਗੈਂਗਸਟਰਾਂ ਨੂੰ ਢੇਰ ਕਰ ਦਿੱਤਾ ਗਿਆ ਤਾਂ ਉੱਧਰ ਮਾਨ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਐਕਸ਼ਨ ਲੈਂਦੇ ਹੋਏ ਅੰਮ੍ਰਿਤਸਰ ਦੇ ਤਿੰਨ ਅਫ਼ਸਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਪੜ੍ਹੋ ਅੱਜ ਦੀਆਂ ਮੁੱਖ ਖ਼ਬਰਾਂ...

ਫਤਿਹਗੜ੍ਹ ਸਾਹਿਬ ’ਚ ਪੁਲਸ ਵਲੋਂ ਵੱਡਾ ਐਨਕਾਊਂਟਰ, ਥਾਰ ਸਵਾਰ ਦੋ ਗੈਂਗਸਟਰ ਕੀਤੇ ਢੇਰ

ਫਤਿਹਗੜ੍ਹ ਸਾਹਿਬ 'ਚ ਪੁਲਸ ਅਤੇ ਗੈਂਗਸਟਰਾਂ ਵਿਚਾਲੇ ਐਨਕਾਊਂਟਰ ਹੋਣ ਦੀ ਖਬਰ ਸਾਹਮਣੇ ਆਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਐਨਕਾਊਂਟਰ ’ਚ 2 ਗੈਂਗਸਟਰਾਂ ਨੂੰ ਢੇਰ ਕਰ ਦਿੱਤਾ ਗਿਆ ਹੈ, ਜਦਕਿ ਇਕ ਗੈਂਗਸਟਰ ਜ਼ਖਮੀ ਹੋਇਆ ਹੈ। ਭਾਵੇਂ ਪੁਲਸ ਨੇ ਅਜੇ ਤਕ ਕਿਸੇ ਗੈਂਗਸਟਰਾਂ ਦੇ ਮਾਰੇ ਜਾਣ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਸੂਤਰਾਂ ਮੁਤਾਬਕ ਇਸ ਐਨਕਾਊਂਟਰ ਵਿਚ ਦੋ ਗੈਂਗਸਟਰ ਢੇਰ ਕਰ ਦਿੱਤੇ ਗਏ ਹਨ। 

ਮਾਨ ਸਰਕਾਰ ਦਾ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡਾ ਐਕਸ਼ਨ, ਅੰਮ੍ਰਿਤਸਰ ਦੇ 3 BPEO ਕੀਤੇ ਮੁਅੱਤਲ

ਪੰਜਾਬ ਦੀ ਮਾਨ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡਾ ਐਕਸ਼ਨ ਲੈਂਦੇ ਹੋਏ ਅੰਮ੍ਰਿਤਸਰ ਦੇ ਤਿੰਨ ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫ਼ਸਰਾਂ (ਬੀ. ਪੀ. ਈ. ਓ.) ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਮੁਅੱਤਲ ਕੀਤੇ ਗਏ ਬੀ. ਪੀ. ਈ. ਓ. ਅਧਿਕਾਰੀਆਂ 'ਚ ਯਸ਼ਪਾਲ, ਰਵਿੰਦਰਜੀਤ ਕੌਰ ਅਤੇ ਦਲਜੀਤ ਸਿੰਘ ਸ਼ਾਮਲ ਹਨ।

ਕੇਂਦਰ ਵੱਲੋਂ ਪੰਜਾਬ ਦੇ ਫੰਡ ਰੋਕਣ 'ਤੇ ਸਿਹਤ ਮੰਤਰੀ ਦਾ ਅਹਿਮ ਬਿਆਨ, ਆਖ਼ੀ ਇਹ ਗੱਲ

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਇੱਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕੇਂਦਰ ਸਰਕਾਰ ਵਲੋਂ ਰੋਕੇ ਗਏ ਫੰਡਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ। ਸਿਹਤ ਮੰਤਰੀ ਨੇ ਦੱਸਿਆ ਕਿ 'ਰਾਸ਼ਟਰੀ ਸਿਹਤ ਮਿਸ਼ਨ' ਤਹਿਤ ਕੇਂਦਰ ਦੀ 60 ਅਤੇ ਸੂਬੇ ਦੀ 40 ਫ਼ੀਸਦੀ ਫੰਡਿੰਗ ਹੁੰਦੀ ਹੈ।

ਵੱਡੀ ਖ਼ਬਰ : ਆਮ ਆਦਮੀ ਪਾਰਟੀ ਜਿੱਤੀ ਚੋਣ, ਡਾ. ਸ਼ੈਲੀ ਓਬਰਾਏ ਬਣੀ ਦਿੱਲੀ ਦੀ ਮੇਅਰ

ਦਿੱਲੀ ਦੀ ਮੇਅਰ ਬਣਨ ਲਈ 'ਆਪ' ਦੀ ਸ਼ੈਲੀ ਓਬਰਾਏ ਨੇ ਭਾਜਪਾ ਦੀ ਰੇਖਾ ਗੁਪਤਾ ਨੂੰ 34 ਵੋਟਾਂ ਦੇ ਅੰਤਰ ਨਾਲ ਹਰਾਇਆ। ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ। ਓਬਰਾਏ ਨੂੰ 150 ਵੋਟਾਂ ਮਿਲੀਆਂ, ਜਦੋਂ ਕਿ ਗੁਪਤਾ ਨੂੰ ਕੁੱਲ 266 ਵੋਟਾਂ 'ਚੋਂ 116 ਵੋਟ ਮਿਲੇ। ਵੋਟਿੰਗ ਸਿਵਿਕ ਸੈਂਟਰ 'ਚ ਹੋਈ। ਦਿੱਲੀ ਨੂੰ ਚੌਥੀ ਕੋਸ਼ਿਸ਼ 'ਚ ਮੇਅਰ ਮਿਲਿਆ, ਕਿਉਂਕਿ ਨਾਮਜ਼ਦ ਮੈਂਬਰਾਂ ਨੂੰ ਵੋਟਿੰਗ ਦਾ ਅਧਿਕਾਰ ਦਿੱਤੇ ਜਾਣ ਨੂੰ ਲੈ ਕੇ ਹੋ ਰਹੇ ਹੰਗਾਮੇ ਦਰਮਿਆਨ ਪਹਿਲੀ ਦੀ ਚੋਣ ਠੱਪ ਹੋ ਗਈ ਸੀ। 

ਖ਼ੁਸ਼ਖ਼ਬਰੀ, ਇਸ ਮਹੀਨੇ ਦੇ ਅੰਤ 'ਚ 2,400 ਭਾਰਤੀਆਂ ਨੂੰ ਮਿਲੇਗਾ ਬ੍ਰਿਟੇਨ ਦਾ ਵੀਜ਼ਾ, ਇੰਝ ਕਰ ਸਕਦੇ ਹੋ ਅਪਲਾਈ

ਯੂਕੇ-ਇੰਡੀਆ ਯੰਗ ਪ੍ਰੋਫੈਸ਼ਨਲ ਸਕੀਮ ਤਹਿਤ ਯੋਗ ਭਾਰਤੀਆਂ ਨੂੰ ਇਸ ਮਹੀਨੇ ਦੇ ਅੰਤ ਵਿੱਚ 2,400 ਵੀਜ਼ੇ ਉਪਲਬਧ ਕਰਵਾਏ ਜਾਣਗੇ। ਬ੍ਰਿਟੇਨ ਸਰਕਾਰ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ। ਪਿਛਲੇ ਮਹੀਨੇ ਰਸਮੀ ਤੌਰ 'ਤੇ ਸ਼ੁਰੂ ਕੀਤੀ ਗਈ ਇਹ ਸਕੀਮ 18 ਤੋਂ 30 ਸਾਲ ਦੀ ਉਮਰ ਦੇ ਭਾਰਤੀ ਨਾਗਰਿਕਾਂ ਨੂੰ 2 ਸਾਲਾਂ ਤੱਕ ਬ੍ਰਿਟੇਨ ਵਿੱਚ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਦਿੰਦੀ ਹੈ।

ਮਨੀਸ਼ ਸਿਸੋਦੀਆ ਦੀਆਂ ਵਧੀਆਂ ਮੁਸ਼ਕਲਾਂ, ਗ੍ਰਹਿ ਮੰਤਰਾਲਾ ਨੇ CBI ਨੂੰ ਮੁਕੱਦਮਾ ਚਲਾਉਣ ਦੀ ਦਿੱਤੀ ਮਨਜ਼ੂਰੀ

ਕੇਂਦਰੀ ਗ੍ਰਹਿ ਮੰਤਰਾਲਾ ਨੇ ਭ੍ਰਿਸ਼ਟਾਚਾਰ 'ਤੇ ਲਗਾਮ ਲਾਉਣ ਲਈ ਗਠਿਤ ਇਕ 'ਫੀਡਬੈਕ ਯੂਨਿਟ' (FBU) ਜ਼ਰੀਏ ਸਿਆਸੀ ਖ਼ੁਫੀਆ ਜਾਣਕਾਰੀ ਇਕੱਠੀ ਕੀਤੇ ਜਾਣ ਦੇ ਮਾਮਲੇ 'ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖ਼ਿਲਾਫ CBI ਨੂੰ ਜਾਂਚ ਦੀ ਮਨਜ਼ੂਰੀ ਦੇ ਦਿੱਤੀ ਹੈ। 

ਕਣਕ ਅਤੇ ਆਟੇ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਨਿਜ਼ਾਤ, ਕੇਂਦਰ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਕੇਂਦਰ ਸਰਕਾਰ ਨੇ ਕਣਕ ਅਤੇ ਆਟੇ ਦੀਆਂ ਕੀਮਤਾਂ ਨੂੰ ਹੇਠਾਂ ਲਿਆਉਣ ਲਈ 20 ਲੱਖ ਟਨ ਵਾਧੂ ਕਣਕ ਖੁੱਲ੍ਹੀ ਮੰਡੀ ਵਿਚ ਵੇਚਣ ਦਾ ਫ਼ੈਸਲਾ ਕੀਤਾ ਹੈ। ਕੇਂਦਰ ਨੇ 25 ਜਨਵਰੀ ਨੂੰ ਕਣਕ ਅਤੇ ਕਣਕ ਦੇ ਆਟੇ ਦੀਆਂ ਕੀਮਤਾਂ ਵਿਚ ਵਾਧੇ ਨੂੰ ਰੋਕਣ ਲਈ ਆਪਣੇ ਬਫਰ ਸਟਾਕ ਤੋਂ 30 ਲੱਖ ਟਨ ਕਣਕ ਖੁੱਲ੍ਹੇ ਬਾਜ਼ਾਰ ਵਿੱਚ ਵੇਚਣ ਦਾ ਐਲਾਨ ਕੀਤਾ ਸੀ।

ਪਰਲ ਗਰੁੱਪ ਦੇ ਪੀੜਤਾਂ ਨੂੰ ਮਿਲੇਗੀ ਵੱਡੀ ਰਾਹਤ, ਮੁੱਖ ਮੰਤਰੀ ਮਾਨ ਨੇ ਦਿੱਤੇ ਸਖ਼ਤ ਹੁਕਮ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਰਲ ਗਰੁੱਪ ਦੀਆਂ ਜਾਇਦਾਦਾਂ ਉਤੇ ਤੁਰੰਤ ਰੋਕ ਲਗਾਉਣ ਦੇ ਹੁਕਮ ਦਿੱਤੇ ਗਏ ਹਨ। ਮੁੱਖ ਮੰਤਰੀ ਮਾਨ ਵੱਲੋਂ ਅੱਜ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਐੱਸ. ਐੱਸ. ਪੀਜ਼ ਨਾਲ ਮੀਟਿੰਗ ਕਰਕੇ ਇਹ ਹੁਕਮ ਦਿੱਤੇ ਗਏ ਹਨ। 

ਅਮਰੀਕਾ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਫਲਾਈਟ ਦੀ ਸਵੀਡਨ 'ਚ ਐਮਰਜੈਂਸੀ ਲੈਂਡਿੰਗ, ਜਾਣੋ ਵਜ੍ਹਾ

ਤਕਨੀਕੀ ਖਰਾਬੀ ਕਾਰਨ ਅਮਰੀਕਾ ਤੋਂ ਦਿੱਲੀ ਆ ਰਹੇ ਏਅਰ ਇੰਡੀਆ ਦੇ ਜਹਾਜ਼ ਦੀ ਸਟਾਕਹੋਮ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਲੈਂਡਿੰਗ ਦੇ ਸਮੇਂ ਫਲਾਈਟ 'ਚ 300 ਯਾਤਰੀ ਸਵਾਰ ਸਨ। ਸਾਰੇ ਸੁਰੱਖਿਅਤ ਦੱਸੇ ਜਾ ਰਹੇ ਹਨ। ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਹਾਦਸੇ ਤੋਂ ਬਚਣ ਲਈ ਫਾਇਰ ਬ੍ਰਿਗੇਡ ਦੀ ਟੀਮ ਨੂੰ ਪਹਿਲਾਂ ਹੀ ਏਅਰਪੋਰਟ 'ਤੇ ਤਾਇਨਾਤ ਕਰ ਦਿੱਤਾ ਗਿਆ ਸੀ।

ਭਾਰਤ ਵਲੋਂ ਅੱਤਵਾਦੀ ਐਲਾਨੇ ਹਿਜ਼ਬੁਲ ਕਮਾਂਡਰ ਬਸ਼ੀਰ ਦਾ ਪਾਕਿਸਤਾਨ ਦੇ ਰਾਵਲਪਿੰਡੀ 'ਚ ਕਤਲ

ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹੀਦੀਨ ਦੇ ਕਮਾਂਡਰ ਬਸ਼ੀਰ ਅਹਿਮਦ ਪੀਰ ਦਾ ਪਾਕਿਸਤਾਨ ਦੇ ਰਾਵਲਪਿੰਡੀ 'ਚ ਅਣਜਾਣ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਖੁਫ਼ੀਆ ਅਧਿਕਾਰੀਆਂ ਨੇ ਇੱਥੇ ਦੱਸਿਆ ਕਿ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦਾ ਰਹਿਣ ਵਾਲਾ ਬਸ਼ੀਰ 15 ਸਾਲਾਂ ਤੋਂ ਵੱਧ ਸਮੇਂ ਤੋਂ ਪਾਕਿਸਤਾਨ 'ਚ ਰਹਿ ਰਿਹਾ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News