CM ਮਾਨ ਨੇ ਪੰਜਾਬੀਆਂ ਲਈ ਕੀਤੇ ਵੱਡੇ ਐਲਾਨ, SYL ''ਤੇ ਸੁਪਰੀਮ ਕੋਰਟ ''ਚ ਸੁਣਵਾਈ ਟਲੀ, ਪੜ੍ਹੋ TOP 10
Thursday, Jan 19, 2023 - 10:14 PM (IST)
ਜਲੰਧਰ: ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਰਨਾਲਾ ਵਿਖੇ ਸੇਵਾ ਸਿੰਘ ਠੀਕਰੀ ਵਾਲਾ ਦੀ ਬਰਸੀ ਮੌਕੇ ਰੱਖੇ ਗਏ ਪ੍ਰੋਗਰਾਮ 'ਚ ਸੰਬੋਧਨ ਕਰਦਿਆਂ ਪੰਜਾਬੀਆਂ ਲਈ ਵੱਡੇ ਐਲਾਨ ਕੀਤੇ ਤਾਂ ਉੱਧਰ ਐੱਸ.ਵਾਈ.ਐੱਲ. ਬਾਰੇ ਸੁਪਰੀਮ ਕੋਰਟ 'ਚ ਹੋਣ ਵਾਲੀ ਸੁਣਵਾਈ ਅਗਲੀ ਤਾਰੀਖ਼ ਤਕ ਟਾਲ ਦਿੱਤੀ ਗਈ। ਪੜ੍ਹੋ ਅੱਜ ਦੀਆਂ 10 ਮੁੱਖ ਖ਼ਬਰਾਂ...
ਬਰਨਾਲਾ ਪੁੱਜੇ CM ਭਗਵੰਤ ਮਾਨ ਨੇ ਕੀਤੇ ਕਈ ਵੱਡੇ ਐਲਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਬਰਨਾਲਾ ਵਿਖੇ ਸੇਵਾ ਸਿੰਘ ਠੀਕਰੀ ਵਾਲਾ ਦੀ ਬਰਸੀ ਮੌਕੇ ਰੱਖੇ ਗਏ ਪ੍ਰੋਗਰਾਮ 'ਚ ਸ਼ਿਰਕਤ ਕਰਨ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਸੇਵਾ ਸਿੰਘ ਠੀਕਰੀ ਵਾਲਾ ਨੂੰ ਨਮਨ ਕਰਦਿਆਂ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਬਰਨਾਲਾ ਵਿਚ ਇਕ ਨਰਸਿੰਗ ਸਕੂਲ ਖੋਲ੍ਹਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਜੀ ਦੀ 35 ਫੁੱਟ ਉੱਚੀ ਮੂਰਤੀ ਲਗਾਉਣ ਦਾ ਵੀ ਐਲਾਨ ਕੀਤਾ।
SYL ਵਿਵਾਦ: ਸੁਪਰੀਮ ਕੋਰਟ 'ਚ ਸੁਣਵਾਈ ਟਲੀ, ਹੁਣ 15 ਮਾਰਚ ਨੂੰ ਹੋਵੇਗੀ
ਹਰਿਆਣਾ ਅਤੇ ਪੰਜਾਬ ਵਿਚਾਲੇ ਪਾਣੀ ਦੀ ਵੰਡ ਨੂੰ ਲੈ ਕੇ ਸਤਲੁਜ-ਯਮੁਨਾ ਲਿੰਕ (SYL) ਵਿਵਾਦ 'ਤੇ ਸੁਣਵਾਈ ਨੂੰ ਸੁਪਰੀਮ ਕੋਰਟ ਨੇ ਹੁਣ 15 ਮਾਰਚ ਤੱਕ ਟਾਲ ਦਿੱਤਾ ਗਿਆ ਹੈ। ਦਰਅਸਲ ਅਟਾਰਨੀ ਜਨਰਲ ਆਰ. ਵੈਂਕਟਰਮਣੀ ਦੇ ਸੁਣਵਾਈ ਲਈ ਉਪਲੱਬਧ ਨਾ ਹੋਣ ਕਰ ਕੇ ਇਸ ਮਾਮਲੇ ਦੀ ਸੁਣਵਾਈ ਨੂੰ ਟਾਲ ਦਿੱਤਾ ਗਿਆ। ਓਧਰ ਹਰਿਆਣਾ ਸਰਕਾਰ ਨੇ ਕੋਰਟ ਨੂੰ ਦੱਸਿਆ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਮਗਰੋਂ ਦੋਹਾਂ ਸੂਬਿਆਂ ਦੇ ਮੁੱਖ ਮੰਤਰੀਆਂ ਵਿਚਾਲੇ ਦੋ ਦੌਰ ਦੀ ਬੈਠਕ ਹੋ ਚੁੱਕੀ ਹੈ ਪਰ ਉਸ ਦਾ ਕੋਈ ਨਤੀਜਾ ਨਹੀਂ ਨਿਕਲਿਆ।
ਪੰਜਾਬੀਆਂ ਦੀ ਦਿਲਦਾਰੀ ਲਈ ਰਾਹੁਲ ਨੇ ਕਿਹਾ ਸ਼ੁਕਰੀਆ, ਬੋਲੇ-ਹੁਣ ਦਿੱਲੀ ਵਾਲਾ ਸਰ੍ਹੋਂ ਦਾ ਸਾਗ ਨਹੀਂ ਚੱਲਣਾ (ਤਸਵੀਰਾਂ)
ਪੰਜਾਬ 'ਚ 'ਭਾਰਤ ਜੋੜੋ ਯਾਤਰਾ' ਦੇ ਆਖ਼ਰੀ ਦਿਨ ਰਾਹੁਲ ਗਾਂਧੀ ਨੇ ਪਠਾਨਕੋਟ 'ਚ ਜਨਸਭਾ ਨੂੰ ਸੰਬੋਧਨ ਕੀਤਾ। ਉਨ੍ਹਾਂ ਦੇ ਨਾਲ ਕੌਮੀ ਪ੍ਰਧਾਨ ਮੱਲਿਕਾਰੁਜਨ ਖੜਗੇ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੀ ਮੌਜੂਦ ਸਨ। ਇਸ ਦੌਰਾਨ ਰੈਲੀ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਵੀ ਸੰਬੋਧਨ ਕੀਤਾ ਗਿਆ।
Breaking News: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਮੁਲਤਵੀ, 29 ਨੂੰ ਪਟਿਆਲਾ 'ਚ ਕਰਨੀ ਸੀ ਰੈਲੀ
ਕੇਂਦਰੀ ਗ੍ਰਹਿ ਮੰਤਰੀ ਤੇ ਭਾਜਪਾ ਦੇ ਦਿੱਗਜ ਆਗੂ ਅਮਿਤ ਸ਼ਾਹ ਦੀ ਪੰਜਾਬ ਫੇਰੀ ਮੁਲਤਵੀ ਕਰ ਦਿੱਤੀ ਗਈ ਹੈ। ਫੌਰੀ ਤੌਰ ’ਤੇ ਇਸ ਦੇ ਕਾਰਨ ਸਪਸ਼ਟ ਨਹੀਂ ਹੋਏ ਪਰ ਸੂਤਰਾਂ ਦਾ ਕਹਿਣਾ ਹੈ ਕਿ ਅਮਿਤ ਸ਼ਾਹ ਦਾ ਕੋਈ ਜ਼ਰੂਰੀ ਰੁਝੇਵਾਂ ਆਉਣ ਕਾਰਨ ਪੰਜਾਬ ਫੇਰੀ ਮੁਲਤਵੀ ਕਰ ਦਿੱਤੀ ਗਈ ਹੈ।
CM ਦੇ ਐਲਾਨ ਦੇ ਬਾਵਜੂਦ ਸ਼ਰਾਬ ਫੈਕਟਰੀ ਮੂਹਰੇ ਧਰਨਾ ਰਹੇਗਾ ਜਾਰੀ, ਸਾਂਝੇ ਮੋਰਚੇ ਨੇ ਰੱਖੀ ਇਹ ਮੰਗ
ਸਰਕਾਰ ਵੱਲੋਂ ਜ਼ੀਰਾ ਸਥਿਤ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਸਬੰਧੀ ਬੀਤੇ ਦਿਨ ਕੀਤੇ ਗਏ ਐਲਾਨ ਤੋਂ ਬਾਅਦ ਸਾਂਝੇ ਮੋਰਚੇ ਵੱਲੋਂ ਫੈਕਟਰੀ ਅੱਗੇ ਦਿੱਤਾ ਜਾ ਰਿਹਾ ਧਰਨਾ ਸਮਾਪਤ ਹੋਣ ਦੀ ਸੰਭਾਵਨਾ ਬਣ ਗਈ ਸੀ ਪਰ ਅੱਜ ਸਾਂਝੇ ਮੋਰਚੇ ਦੀ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਜਦੋਂ ਤੱਕ ਸਰਕਾਰ ਫੈਕਟਰੀ ਬੰਦ ਕਰਨ ਦੇ ਲਿਖਤੀ ਹੁਕਮ ਨਹੀਂ ਦਿੰਦੀ ਅਤੇ ਫੈਕਟਰੀ ਬੰਦ ਨਹੀਂ ਕੀਤੀ ਜਾਂਦੀ, ਧਰਨਾ ਪਹਿਲਾਂ ਵਾਂਗ ਸ਼ਾਂਤਮਈ ਢੰਗ ਨਾਲ ਜਾਰੀ ਰਹੇਗਾ।
ਦਿਨ ਚੜ੍ਹਨ ਤੋਂ ਪਹਿਲਾਂ ਹੀ ਕਈ ਘਰਾਂ 'ਚ ਪੈ ਗਏ ਵੈਣ, ਭਿਆਨਕ ਹਾਦਸੇ ਦੌਰਾਨ 9 ਲੋਕਾਂ ਦੀ ਮੌਤ (ਤਸਵੀਰਾਂ)
ਇੱਥੇ ਗੋਆ-ਮੁੰਬਈ ਹਾਈਵੇਅ 'ਤੇ ਵੀਰਵਾਰ ਸਵੇਰੇ ਉਸ ਵੇਲੇ ਭਿਆਨਕ ਹਾਦਸਾ ਵਾਪਰਿਆ, ਜਦੋਂ ਟਰੱਕ ਅਤੇ ਕਾਰ ਦੀ ਟੱਕਰ ਦਰਮਿਆਨ 9 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਇਕ ਬੱਚਾ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਵੀਰਵਾਰ ਸਵੇਰੇ ਕਰੀਬ 5 ਵਜੇ ਵਾਪਰਿਆ। ਇਹ ਹਾਦਸਾ ਰਾਏਗੜ੍ਹ ਦੇ ਰਿਪੋਲੀ ਪਿੰਡ 'ਚ ਵਾਪਰਿਆ ਹੈ।
Hockey WC 2023 : ਆਕਾਸ਼ਦੀਪ ਨੇ ਕੀਤੇ 2 ਗੋਲ, ਭਾਰਤ ਨੇ ਵੇਲਸ ਨੂੰ 4-2 ਨਾਲ ਹਰਾਇਆ
ਭਾਰਤ ਨੇ ਆਪਣੇ ਆਖਰੀ ਲੀਗ ਮੈਚ ਵਿੱਚ ਵੇਲਜ਼ ਨੂੰ 4-2 ਨਾਲ ਹਰਾ ਦਿੱਤਾ ਹੈ। ਟੀਮ ਇੰਡੀਆ ਇਸ ਜਿੱਤ ਨਾਲ ਦੂਜੇ ਸਥਾਨ 'ਤੇ ਰਹੀ। ਉਸ ਦੇ ਕੋਲ ਚੋਟੀ ਦੀ ਰੈਂਕਿੰਗ ਵਾਲੀ ਇੰਗਲੈਂਡ ਦੇ ਬਰਾਬਰ ਸੱਤ ਅੰਕ ਹਨ, ਪਰ ਟੀਮ ਇੰਡੀਆ ਗੋਲ ਅੰਤਰ 'ਤੇ ਪਿੱਛੇ ਹੈ। ਇੰਗਲੈਂਡ ਨੇ ਭਾਰਤ ਨਾਲੋਂ ਵੱਧ ਗੋਲ ਕੀਤੇ। ਟੀਮ ਇੰਡੀਆ ਸਿੱਧੇ ਤੌਰ 'ਤੇ ਕੁਆਰਟਰ ਫਾਈਨਲ ਤੱਕ ਨਹੀਂ ਪਹੁੰਚ ਸਕੀ। ਭਾਰਤ 22 ਅਗਸਤ ਨੂੰ ਸ਼ਾਮ 7:00 ਵਜੇ ਆਖਰੀ-8 ਵਿੱਚ ਜਗ੍ਹਾ ਬਣਾਉਣ ਲਈ ਨਿਊਜ਼ੀਲੈਂਡ ਨਾਲ ਕਰਾਸਓਵਰ ਵਿੱਚ ਖੇਡੇਗਾ।
ਪੰਜਾਬ ਦੇ 108 ਐਂਬੂਲੈਂਸ ਚਾਲਕਾਂ ਨੇ ਖ਼ਤਮ ਕੀਤੀ ਹੜਤਾਲ, ਲਾਡੋਵਾਲ ਟੋਲ ਪਲਾਜ਼ਾ ਤੋਂ ਚੁੱਕਿਆ ਧਰਨਾ
ਲਾਡੋਵਾਲ ਟੋਲ ਪਲਾਜ਼ਾ 'ਤੇ ਪਿਛਲੇ 7 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਾਈ ਬੈਠੇ 108 ਐਂਬੂਲੈਂਸ ਐਸੋਸੀਏਸ਼ਨ ਦੇ ਮੁਲਾਜ਼ਮਾਂ ਨੇ ਬੁੱਧਵਾਰ ਰਾਤ ਨੂੰ ਆਪਣਾ ਧਰਨਾ ਖ਼ਤਮ ਕਰ ਦਿੱਤਾ ਹੈ। ਇਸ ਬਾਰੇ ਐਸੋਸੀਏਸ਼ਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਨਿੱਜਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੁੱਧਵਾਰ ਨੂੰ ਉਨ੍ਹਾਂ ਦੀ ਐਸੋਸੀਏਸ਼ਨ ਦੇ ਮੈਂਬਰਾਂ ਦੀ ਮੀਟਿੰਗ ਚੰਡੀਗੜ੍ਹ ਪੰਜਾਬ ਭਵਨ 'ਚ ਹੋਈ।
ਵੱਡੀ ਖ਼ਬਰ : 'ਜੀਤੀ ਸਿੱਧੂ' ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਅਦਾਲਤ ਨੇ ਸੁਣਾਇਆ ਇਹ ਫ਼ੈਸਲਾ
ਮੋਹਾਲੀ ਦੇ ਸਾਬਕਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਜੀਤੀ ਸਿੱਧੂ ਦੇ ਮੇਅਰ ਅਤੇ ਕੌਂਸਲਰ ਦੇ ਅਹੁਦੇ ਤੋਂ ਬਰਖ਼ਾਸਤ ਕੀਤੇ ਜਾਣ ਦੇ ਹੁਕਮਾਂ 'ਤੇ ਰੋਕ ਲਾ ਦਿੱਤੀ ਹੈ। ਇਸ ਤੋਂ ਬਾਅਦ ਹੁਣ ਅਮਰਜੀਤ ਸਿੰਘ ਜੀਤੀ ਸਿੱਧੂ ਹੀ ਮੋਹਾਲੀ ਨਗਰ ਨਿਗਮ ਦੇ ਮੇਅਰ ਬਣੇ ਰਹਿਣਗੇ।
ਸਵਾਤੀ ਮਾਲੀਵਾਲ ਨਾਲ ਛੇੜਛਾੜ, ਵਿਰੋਧ ਕਰਨ 'ਤੇ ਗੱਡੀ ਦੇ ਸ਼ੀਸ਼ੇ 'ਚ ਹੱਥ ਬੰਦ ਕਰ ਕੇ ਘੜੀਸਿਆ
ਦਿੱਲੀ ਦੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਖ਼ਬਰਾਂ ਅਨੁਸਾਰ ਇਕ ਗੱਡੀ ਵਾਲੇ ਨੇ ਨਸ਼ੇ ਦੀ ਹਾਲਤ 'ਚ ਮਾਲੀਵਾਲ ਨਾਲ ਛੇੜਛਾੜ ਕੀਤੀ। ਮਾਲੀਵਾਲ ਨੇ ਕਿਹਾ ਕਿ ਜਦੋਂ ਮੈਂ ਉਸ ਨੂੰ ਫੜਿਆ ਤਾਂ ਗੱਡੀ ਦੇ ਸ਼ੀਸ਼ੇ 'ਚ ਮੇਰਾ ਹੱਥ ਬੰਦ ਕਰ ਕੇ ਮੈਨੂੰ ਘੜੀਸਿਆ। ਫਿਲਹਾਲ ਦਿੱਲੀ ਪੁਲਸ ਨੇ ਇਸ ਮਾਮਲੇ 'ਚ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।