ਪੰਜਾਬ 'ਚ 'ਭਾਰਤ ਜੋੜੋ ਯਾਤਰਾ' ਦਾ ਆਗਾਜ਼, PCS ਅਫ਼ਸਰਾਂ ਦੀ ਹੜਤਾਲ ਖ਼ਤਮ, ਪੜ੍ਹੋ TOP 10
Wednesday, Jan 11, 2023 - 09:56 PM (IST)
ਜਲੰਧਰ: ਅੱਜ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਦਾ ਪੰਜਾਬ ਵਿਚ ਆਗਾਜ਼ ਹੋਇਆ ਤਾਂ ਇੱਧਰ ਸੋਮਵਾਰ ਤੋਂ ਹੜਤਾਲ 'ਤੇ ਚੱਲ ਰਹੇ ਪੀ.ਸੀ.ਐੱਸ. ਅਫ਼ਸਰਾਂ ਨੇ ਡਿਊਟੀ 'ਤੇ ਪਰਤਣ ਦਾ ਫ਼ੈਸਲਾ ਲਿਆ। ਪੜ੍ਹੋ ਅੱਜ ਦੀਆਂ 10 ਮੁੱਖ ਖ਼ਬਰਾਂ...
ਪੰਜਾਬ 'ਚ 'ਭਾਰਤ ਜੋੜੋ ਯਾਤਰਾ' ਦਾ ਆਗਾਜ਼, ਰਾਹੁਲ ਗਾਂਧੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ (ਤਸਵੀਰਾਂ)
ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਦਾ ਪੰਜਾਬ 'ਚ ਆਗਾਜ਼ ਹੋ ਚੁੱਕਾ ਹੈ। ਰਾਹੁਲ ਗਾਂਧੀ ਨੇ ਸਭ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਨੇ ਲਾਲ ਰੰਗ ਦੀ ਦਸਤਾਰ ਸਜਾਈ ਹੋਈ ਹੈ।
PCS ਅਧਿਕਾਰੀਆਂ ਵੱਲੋਂ ਡਿਊਟੀ 'ਤੇ ਪਰਤਣ ਦਾ ਫ਼ੈਸਲਾ, ਮੀਟਿੰਗ ਮਗਰੋਂ ਖ਼ਤਮ ਕੀਤੀ ਹੜਤਾਲ
ਆਪਣਾ ਕੰਮਕਾਜ ਠੱਪ ਕਰਕੇ ਹੜਤਾਲ 'ਤੇ ਬੈਠੇ ਪੀ. ਸੀ. ਐੱਸ. ਅਧਿਕਾਰੀਆਂ ਵੱਲੋਂ ਡਿਊਟੀ 'ਤੇ ਪਰਤਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਦੀ ਮੁੱਖ ਮੰਤਰੀ ਮਾਨ ਦੇ ਵਧੀਕ ਮੁੱਖ ਸਕੱਤਰ ਵੇਣੂੰ ਪ੍ਰਸਾਦ ਨਾਲ ਮੀਟਿੰਗ ਹੋਈ, ਜਿਸ ਤੋਂ ਬਾਅਦ ਪੀ. ਸੀ. ਐੱਸ. ਅਧਿਕਾਰੀਆਂ ਨੇ ਆਪਣੀ ਹੜਤਾਲ ਖ਼ਤਮ ਕਰ ਦਿੱਤੀ ਹੈ। ਮੀਟਿੰਗ ਮਗਰੋਂ ਬੋਲਦਿਆਂ ਵਧੀਕ ਮੁੱਖ ਸਕੱਤਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਕਿਸੇ ਨਾਲ ਵੀ ਧੱਕਾ ਨਹੀਂ ਹੋਵੇਗਾ ਪਰ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਮੁਹਿੰਮ ਜਾਰੀ ਰਹੇਗੀ।
ਸ਼ਹੀਦ ਕਾਂਸਟੇਬਲ ਕੁਲਦੀਪ ਬਾਜਵਾ ਦੇ ਘਰ ਪੁੱਜੇ CM ਮਾਨ, ਪਰਿਵਾਰ ਨਾਲ ਦੁੱਖ਼ ਸਾਂਝਾ ਕਰਦਿਆਂ ਕੀਤਾ ਵੱਡਾ ਐੈਲਾਨ
ਲੁਟੇਰਿਆਂ ਵੱਲੋਂ ਬੀਤੇ ਦਿਨੀਂ ਗੋਲ਼ੀਆਂ ਮਾਰ ਕੇ ਕੁਲਦੀਪ ਸਿੰਘ ਬਾਜਵਾ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਅੱਜ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ਼ ਸਾਂਝਾ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਗੁਰਦਾਸਪੁਰ ਵਿਖੇ ਉਨ੍ਹਾਂ ਦੇ ਘਰ ਪਹੁੰਚੇ, ਜਿੱਥੇ ਉਨ੍ਹਾਂ ਨੇ ਪਰਿਵਾਰ ਨਾਲ ਦੁੱਖ਼ ਸਾਂਝਾ ਕੀਤਾ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਸ਼ਹੀਦ ਕੁਲਦੀਪ ਸਿੰਘ ਦੇ ਨਾਂ 'ਤੇ ਉਨ੍ਹਾਂ ਦੇ ਪਿੰਡ ਵਿਚ ਬਹੁਤ ਵੱਡਾ ਸਟੇਡੀਅਮ ਖੋਲ੍ਹਿਆ ਜਾਵੇਗਾ।
ਪੰਜਾਬ 'ਚ ਵੱਡੀ ਵਾਰਦਾਤ : ਬੰਦੂਕ ਦੇ ਜ਼ੋਰ 'ਤੇ ਬੈਂਕ 'ਚੋਂ ਲੁੱਟੇ ਲੱਖਾਂ ਰੁਪਏ
ਇਸ ਸਮੇਂ ਦੀ ਵੱਡੀ ਖ਼ਬਰ ਜਲੰਧਰ ਤੋਂ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹਥਿਆਰਬੰਦ ਲੁਟੇਰਿਆਂ ਨੇ ਦਿਨ ਦਿਹਾੜੇ ਮਹਾਨਗਰ 'ਚ ਇਕ ਬੈਂਕ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਲੁੱਟ ਲਏ। ਘਟਨਾ ਹੁਸ਼ਿਆਰਪੁਰ ਰੋਡ 'ਤੇ ਪਿੰਡ ਹਜ਼ਾਰਾ ਨੇੜੇ ਦੀ ਦੱਸੀ ਜਾ ਰਹੀ ਹੈ, ਜਿੱਥੇ ਲੁਟੇਰਿਆਂ ਨੇ ਬੰਦੂਕ ਦੇ ਜ਼ੋਰ 'ਤੇ ਕੋਟਕ ਮਹਿੰਦਰਾ ਬੈਂਕ ਲੁੱਟ ਲਿਆ।
ਅਹਿਮ ਖ਼ਬਰ : ਪੰਜਾਬ 'ਚ ਨੈਸ਼ਨਲ ਹਾਈਵੇਅ 'ਤੇ ਕਿਸਾਨਾਂ ਦੇ ਧਰਨਿਆਂ ਦਾ ਮਾਮਲਾ ਪੁੱਜਾ ਹਾਈਕੋਰਟ
ਪੰਜਾਬ ਦੇ 13 ਟੋਲ ਪਲਾਜ਼ੇ ਕਿਸਾਨਾਂ ਅਤੇ ਹੋਰ ਜੱਥੇਬੰਦੀਆਂ ਦੇ ਧਰਨਿਆਂ ਕਾਰਨ 2 ਮਹੀਨਿਆਂ ਤੋਂ ਬੰਦ ਪਏ ਹਨ, ਜਿਸ ਕਾਰਨ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਰੋਜ਼ਾਨਾ ਇੱਕ ਕਰੋੜ ਤੋਂ ਵੱਧ ਦਾ ਨੁਕਸਾਨ ਹੋ ਰਿਹਾ ਹੈ। ਨੈਸ਼ਨਲ ਹਾਈਵੇਅ ਅਥਾਰਟੀ ਨੇ ਟੋਲ ਪਲਾਜ਼ਿਆਂ ਤੋਂ ਜਾਮ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਹੈ।
'RRR' ਨੇ ਰਚਿਆ ਇਤਿਹਾਸ, ਗੋਲਡਨ ਗਲੋਬ 'ਚ 'ਨਾਟੂ ਨਾਟੂ' ਨੂੰ ਮਿਲਿਆ ਬੈਸਟ ਗਾਣੇ ਦਾ ਖਿਤਾਬ
ਪ੍ਰਸਿੱਧ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਦੀ ਫ਼ਿਲਮ 'RRR' ਦੇ ਸੁਪਰਹਿੱਟ ਗੀਤ 'ਨਾਟੂ ਨਾਟੂ' ਨੇ ਗੋਲਡਨ ਗਲੋਬ ਅਵਾਰਡ 2023 ਜਿੱਤਿਆ ਹੈ। ਇਸ ਐਵਾਰਡ 'ਚ ਰਾਮ ਚਰਨ ਅਤੇ ਜੂਨੀਅਰ ਐੱਨ. ਟੀ. ਆਰ. ਦੇ ਇਸ ਗੀਤ ਨੂੰ ਸਰਵੋਤਮ ਗੀਤ ਦਾ ਖਿਤਾਬ ਮਿਲਿਆ ਹੈ। ਇਹ ਫ਼ਿਲਮ ਨਿਰਮਾਤਾਵਾਂ ਲਈ ਵੱਡੀ ਸਫ਼ਲਤਾ ਦਾ ਪਲ ਮੰਨਿਆ ਜਾ ਰਿਹਾ ਹੈ ਕਿਉਂਕਿ ਅੰਤਰਰਾਸ਼ਟਰੀ ਪੱਧਰ 'ਤੇ ਇਸ ਤਰ੍ਹਾਂ ਸਫ਼ਲਤਾ ਹਾਸਲ ਕਰਨਾ ਵੀ ਭਾਰਤੀ ਫ਼ਿਲਮਾਂ ਲਈ ਮਾਣ ਵਾਲੀ ਗੱਲ ਹੈ।
ਜੰਮੂ-ਕਸ਼ਮੀਰ: LoC ਨੇੜੇ ਵਾਪਰਿਆ ਵੱਡਾ ਹਾਦਸਾ, ਡੂੰਘੀ ਖੱਡ 'ਚ ਡਿੱਗਣ ਕਾਰਨ 3 ਜਵਾਨ ਸ਼ਹੀਦ
ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿਚ ਕੰਟਰੋਲ ਰੇਖਾ (ਐਲ. ਓ. ਸੀ.) ਨੇੜੇ ਗਸ਼ਤ ਦੌਰਾਨ ਡੂੰਘੀ ਖੱਡ 'ਚ ਡਿੱਗਣ ਕਾਰਨ ਇਕ ਜੂਨੀਅਰ ਕਮਿਸ਼ਨਡ ਅਧਿਕਾਰੀ (ਜੇ. ਸੀ. ਓ.) ਸਮੇਤ 3 ਫ਼ੌਜੀ ਸ਼ਹੀਦ ਹੋ ਗਏ। ਫ਼ੌਜ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਫ਼ੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜੇ. ਸੀ. ਓ. ਅਤੇ ਦੋ ਹੋਰ ਜਵਾਨ ਮਾਛਿਲ ਸੈਕਟਰ ਵਿਚ ਨਿਯਮਿਤ ਗਸ਼ਤ 'ਤੇ ਸਨ, ਤਾਂ ਤਿੰਨੋਂ ਫਿਸਲ ਕੇ ਡੂੰਘੀ ਖੱਡ ਵਿਚ ਡਿੱਗ ਗਏ।
ਪ੍ਰੇਮੀ ਨੇ ਪ੍ਰੇਮਿਕਾ ਨੂੰ OYO ਹੋਟਲ ਲਿਜਾ ਕੀਤਾ ਅਜਿਹਾ ਕਾਰਾ, ਕਮਰੇ 'ਚੋਂ ਮਿਲੀਆਂ ਦੋਹਾਂ ਦੀਆਂ ਲਾਸ਼ਾਂ
ਉੱਤਰੀ-ਪੱਛਮੀ ਦਿੱਲੀ ਦੇ ਬਵਾਨਾ ਇਲਾਕੇ ਵਿਚ ਇਕ ਹੋਟਲ 'ਚੋਂ ਦੋ ਲਾਸ਼ਾਂ ਮਿਲੀਆਂ ਹਨ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੂੰ ਸ਼ੱਕ ਹੈ ਕਿ ਨੌਜਵਾਨ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਕੁੜੀ ਦਾ ਕਤਲ ਕਰ ਦਿੱਤਾ। ਪੁਲਸ ਮੁਤਾਬਕ ਹੋਟਲ ਮਾਲਕ ਨੇ ਇਕ ਕਮਰੇ 'ਚ ਦੋ ਲਾਸ਼ਾਂ ਮਿਲਣ ਦੀ ਸੂਚਨਾ ਪੁਲਸ ਨੂੰ ਦਿੱਤੀ।
ਅਫ਼ਗਾਨਿਸਤਾਨ 'ਚ ਵਿਦੇਸ਼ ਮੰਤਰਾਲੇ ਦੇ ਸਾਹਮਣੇ ਆਤਮਘਾਤੀ ਬੰਬ ਧਮਾਕਾ, 20 ਲੋਕਾਂ ਦੀ ਮੌਤ ਦਾ ਖਦਸ਼ਾ
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਵਿਦੇਸ਼ ਮੰਤਰਾਲੇ ਦੇ ਸਾਹਮਣੇ ਬੁੱਧਵਾਰ ਨੂੰ ਆਤਮਘਾਤੀ ਹਮਲਾਵਰ ਵੱਲੋਂ ਕੀਤੇ ਬੰਬ ਧਮਾਕੇ 'ਚ ਘੱਟ ਤੋਂ ਘੱਟ 20 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਪੁਲਸ ਬੁਲਾਰੇ ਨੇ ਦੱਸਿਆ ਕਿ ਅਜੇ ਤਕ ਮ੍ਰਿਤਕਾਂ ਦੀ ਸਹੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ ਹੈ।
ਵੱਡੀ ਖ਼ਬਰ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾਕਟਰ ਯੋਗਰਾਜ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਡਾ. ਯੋਗਰਾਜ ਨੇ ਅੱਜ ਆਪਣਾ ਅਸਤੀਫਾ ਸਰਕਾਰ ਨੂੰ ਭੇਜ ਦਿੱਤਾ। ਦੱਸਣਯੋਗ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕਾਫੀ ਸਾਰੇ ਬੋਰਡਾਂ ਦੇ ਚੇਅਰਮੈਨ ਨੇ ਆਪਣੇ ਅਸਤੀਫ਼ੇ ਦੇ ਦਿੱਤੇ ਸਨ ਜਦਕਿ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਚੇਅਰਮੈਨ ਆਪਣੇ ਅਹੁਦੇ ਉਤੇ ਕੰਮ ਕਰ ਰਿਹਾ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।