ਪੰਜਾਬ ਸਰਕਾਰ ਤੇ ਕਿਸਾਨਾਂ 'ਚ ਬਣੀ ਸਹਿਮਤੀ, ਪੰਜਾਬ ਨੂੰ ਦਹਿਲਾਉਣ ਦੀ ਪਾਕਿ ਦੀ ਸਾਜ਼ਿਸ਼ ਨਾਕਾਮ, ਪੜ੍ਹੋ Top 10

10/28/2022 11:22:55 PM

ਜਲੰਧਰ (ਬਿਊਰੋ) : ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਦੇ ਬਾਹਰ ਲੱਗਾ ਪੱਕਾ ਮੋਰਚਾ ਆਖਿਰਕਾਰ ਖ਼ਤਮ ਹੋ ਜਾਵੇਗਾ। ਇਸ ਦਾ ਐਲਾਨ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੀਤਾ ਹੈ। ਦਰਅਸਲ ਪੰਜਾਬ ਸਰਕਾਰ ਅਤੇ ਕਿਸਾਨਾਂ ਵਿਚਾਲੇ ਮੀਟਿੰਗ ਹੋਈ ਸੀ, ਜਿਸ ਵਿਚ ਮੋਰਚਾ ਚੁੱਕਣ ਦੀ ਸਹਿਮਤੀ ਬਣ ਗਈ ਹੈ। ਉੱਥੇ ਹੀ ਪੰਜਾਬ ਨੂੰ ਦਹਿਲਾਉਣ ਦੀ ਪਾਕਿਸਤਾਨ ਦੀ ਸਾਜ਼ਿਸ਼ ਨੂੰ ਬੀ.ਐੱਸ.ਐੱਫ. ਨੇ ਇਕ ਵਾਰ ਫਿਰ ਨਾਕਾਮ ਕਰ ਦਿੱਤਾ ਹੈ। ਬੀ.ਐੱਸ.ਐੱਫ. ਦੇ ਜਵਾਨਾਂ ਨੇ ਪਾਕਿਸਤਾਨ ਵੱਲੋਂ ਭੇਜਿਆ ਗਿਆ ਹਥਿਆਰਾਂ ਦਾ ਜ਼ਖ਼ੀਰਾ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪੜ੍ਹੋ ਅੱਜ ਦੀਆਂ Top 10 ਖ਼ਬਰਾਂ..... 

ਪੰਜਾਬ ਸਰਕਾਰ ਅਤੇ ਕਿਸਾਨਾਂ 'ਚ ਬਣੀ ਸਹਿਮਤੀ , ਖ਼ਤਮ ਹੋਵੇਗਾ ਸੰਗਰੂਰ ’ਚ ਲੱਗਾ ਪੱਕਾ ਮੋਰਚਾ

ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਦੇ ਬਾਹਰ ਲੱਗਾ ਪੱਕਾ ਮੋਰਚਾ ਆਖਿਰਕਾਰ ਖ਼ਤਮ ਹੋ ਜਾਵੇਗਾ। ਇਸ ਦਾ ਐਲਾਨ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੀਤਾ ਹੈ। ਦਰਅਸਲ ਪੰਜਾਬ ਸਰਕਾਰ ਅਤੇ ਕਿਸਾਨਾਂ ਵਿਚਾਲੇ ਮੀਟਿੰਗ ਹੋਈ ਸੀ, ਜਿਸ ਵਿਚ ਮੋਰਚਾ ਚੁੱਕਣ ਦੀ ਸਹਿਮਤੀ ਬਣ ਗਈ ਹੈ। 

ਪੰਜਾਬ ਨੂੰ ਦਹਿਲਾਉਣ ਦੀ ਪਾਕਿ ਦੀ ਸਾਜ਼ਿਸ਼ ਨਾਕਾਮ, BSF ਦੇ ਵੱਡੀ ਮਾਤਰਾ ’ਚ ਬਰਾਮਦ ਕੀਤਾ ਹਥਿਆਰਾਂ ਦਾ ਜ਼ਖ਼ੀਰਾ

ਪੰਜਾਬ ਨੂੰ ਦਹਿਲਾਉਣ ਦੀ ਪਾਕਿਸਤਾਨ ਦੀ ਸਾਜ਼ਿਸ਼ ਨੂੰ ਬੀ.ਐੱਸ.ਐੱਫ. ਨੇ ਇਕ ਵਾਰ ਫਿਰ ਨਾਕਾਮ ਕਰ ਦਿੱਤਾ ਹੈ। ਬੀ.ਐੱਸ.ਐੱਫ. ਦੇ ਜਵਾਨਾਂ ਨੇ ਪਾਕਿਸਤਾਨ ਵੱਲੋਂ ਭੇਜਿਆ ਗਿਆ ਹਥਿਆਰਾਂ ਦਾ ਜ਼ਖ਼ੀਰਾ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਬੀ.ਐੱਸ.ਐੱਫ. ਪੰਜਾਬ ਫਰੰਟੀਅਰ ਦੇ ਡੀ.ਆਈ.ਜੀ. ਕੰਮ ਪਬਲਿਕ ਰਿਲੇਸ਼ਨ ਅਫ਼ਸਰ ਨੇ ਦੱਸਿਆ ਕਿ ਬੀ.ਐੱਸ.ਐੱਫ. ਦੀ 136 ਬਟਾਲੀਅਨ ਨੇ ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ ਦੀ ਬੀ.ਓ.ਪੀ. ਜਗਦੀਸ਼ ਤੇ ਇੱਕ ਹਥਿਆਰਾਂ ਦੇ ਜ਼ਖੀਰੇ ਨਾਲ ਭਰਿਆ ਹੋਇਆ ਬੈਗ ਬਰਾਮਦ ਕੀਤਾ ਹੈ।

ਲੁਧਿਆਣਾ ਅਦਾਲਤ ’ਚ ਨਹੀਂ ਹੋਈ ਨਵਜੋਤ ਸਿੱਧੂ ਦੀ ਪੇਸ਼ੀ, ਫ਼ੈਸਲੇ ਨੂੰ ਚੈਲੰਜ ਕਰਨਗੇ ਸਾਬਕਾ DSP

ਅੱਜ ਵੀ ਲੁਧਿਆਣਾ ਅਦਾਲਤ ਵਿਚ ਨਵਜੋਤ ਸਿੰਘ ਸਿੱਧੂ ਦੀ ਪੇਸ਼ੀ ਨਹੀਂ ਹੋ ਸਕੀ। ਹੁਣ ਅਦਾਲਤ ਵੱਲੋਂ 4 ਨਵੰਬਰ ਨੂੰ ਮਾਮਲੇ ਦੀ ਸੁਣਵਾਈ ਕੀਤੀ ਜਾਵੇਗੀ। ਸ਼ੁੱਕਰਵਾਰ ਨੂੰ ਸੀ. ਐੱਲ. ਯੂ. ਮਾਮਲੇ ਵਿਚ ਸਾਬਕਾ ਕਾਂਗਰਸੀ ਮੰਤਰੀ ਨਵਜੋਤ ਸਿੱਧੂ ਦੀ ਲੁਧਿਆਣਾ ਅਦਾਲਤ ਵਿਚ ਪੇਸ਼ੀ ਸੀ। ਸਿੱਧੂ ਵੱਲੋਂ ਇਸ ਕੇਸ ਵਿਚ ਵੀਡੀਓ ਕਾਨਫਰੰਸਿੰਗ ਜ਼ਰੀਏ ਗਵਾਹੀ ਦੇਣ ਲਈ ਹਾਈਕੋਰਟ ਤੋਂ ਇਜਾਜ਼ਤ ਲਈ ਗਈ ਸੀ। ਸ਼ਿਕਾਇਤਕਰਤਾ ਸਾਬਕਾ ਡੀ. ਐੱਸ. ਪੀ. ਸੇਖੋਂ ਨੇ ਅਦਾਲਤ ਵਿਚ ਹਾਈਕੋਰਟ ਦੇ ਵੀਡੀਓ ਕਾਨਫਰੰਸਿੰਗ ਦੇ ਫ਼ੈਸਲੇ ਨੂੰ ਚੈਲੰਜ ਕਰਨ ਦੀ ਗੱਲ ਕਹੀ ਜਿਸ 'ਤੇ ਜੱਜ ਨੇ ਉਨ੍ਹਾਂ ਨੂੰ 4 ਨਵੰਬਰ ਤਕ ਦਾ ਸਮਾਂ ਦੇ ਦਿੱਤਾ। 

ਪਿਓ ਦਾ ਸਿਵਾ ਠੰਡਾ ਹੋਣ ਤੋਂ ਪਹਿਲਾਂ ਪੁੱਤ ਦੀ ਦਰਦਨਾਕ ਮੌਤ, ਭਿਆਨਕ ਸੜਕ ਹਾਦਸੇ ’ਚ ਗਈਆਂ 3 ਜਾਨਾਂ

ਫਰੀਦਕੋਟ ਤੋਂ ਜਾਂਦੀ ਫ਼ਿਰੋਜ਼ਪੁਰ ਮੇਨ ਸੜਕ ’ਤੇ ਪਿੰਡ ਗੋਲੇਵਾਲਾ ਵਿਖੇ ਇਕ ਕਾਰ ਤੇ ਮੋਟਰਸਾਈਕਲ ਵਿਚਕਾਰ ਵਾਪਰੇ ਭਿਆਨਕ ਹਾਦਸੇ ’ਚ ਮੋਟਰਸਾਈਕਲ ਸਵਾਰ 3 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਰਾਹਗੀਰਾਂ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ’ਚ ਮੋਟਰਸਾਈਕਲ ਸਵਾਰ ਸਰਬਜੀਤ ਕੌਰ (45) ਪਤਨੀ ਚੰਦ ਸਿੰਘ, ਸੰਤ ਪ੍ਰੀਤ ਸਿੰਘ (12), ਗੁਰਕੀਰਤ ਸਿੰਘ (22) ਵਾਸੀ ਪਿੰਡ ਝਾੜੀਵਾਲਾ ਜ਼ਿਲ੍ਹਾ ਫ਼ਰੀਦਕੋਟ ਦੀ ਮੌਤ ਹੋ ਗਈ। 

ਸੁਨੀਲ ਸ਼ੈੱਟੀ ਪਤਨੀ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ (ਦੇਖੋ ਤਸਵੀਰਾਂ)

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੁਨੀਲ ਸ਼ੈੱਟੀ ਆਪਣੀ ਪਤਨੀ ਮਾਨਾ ਸ਼ੈੱਟੀ ਨਾਲ ਅੱਜ ਸ੍ਰੀ ਅੰਮ੍ਰਿਤਸਰ ਵਿਖੇ ਪਹੁੰਚੇ। ਇਸ ਦੌਰਾਨ ਉਹ ਸ਼ਾਮ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ।

ਮੰਦਭਾਗੀ ਖ਼ਬਰ : ਪੰਜ ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ 'ਚ ਮੌਤ

ਅੱਜ ਸ਼ਾਮ ਪਿੰਡ ਖਰਲ ਖੁਰਦ ਦੇ ਗੁਰਦੁਆਰਾ ਸਾਹਿਬ ਨਜ਼ਦੀਕ ਵਾਪਰੇ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਜਦਕਿ ਉਸਦੇ ਸਾਥੀ ਜ਼ਖ਼ਮੀ ਹੋ ਗਏ | ਹਾਦਸਾ 6 ਵਜੇ ਦੇ ਕਰੀਬ ਉਸ ਵੇਲੇ ਵਾਪਰਿਆ ਜਦੋਂ ਮੋਟਰਸਾਈਕਲ ਸਵਾਰ ਲਵਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ, ਹਰਕਮਲਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਅਤੇ ਅਜੇ ਕੁਮਾਰ ਪੁੱਤਰ ਬੂਟਾ ਸਿੰਘ ਵਾਸੀ ਮੋਹਕਮਗੜ੍ਹ ਜੀਪ ਦੀ ਲਪੇਟ ਵਿਚ ਆ ਗਏ, ਜਿਸ ਕਾਰਨ ਤਿੰਨੋਂ ਨੌਜਵਾਨ ਜ਼ਖ਼ਮੀ ਹੋ ਗਏ।

ਮਸਕਟ ’ਚ 15 ਪੰਜਾਬੀਆਂ ਸਣੇ 40 ਭਾਰਤੀ ਫਸੇ, ਮੁੰਡੇ ਨੇ ਵੀਡੀਓ ਭੇਜ ਕੇ ਲਗਾਈ ਮਦਦ ਦੀ ਗੁਹਾਰ

ਮਸਕਟ ’ਚ ਫਸੇ ਨੌਜਵਾਨਾਂ ਨੇ ਵੀਡੀਓ ਭੇਜ ਕੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮਦਦ ਦੀ ਗੁਹਾਰ ਲਗਾਈਹੈ। ਦਰਅਸਲ ਏਜੰਟਾਂ ਦੇ ਝਾਂਸੇ ਵਿਚ ਆ ਕੇ 15 ਪੰਜਾਬੀ ਨੌਜਵਾਨਾਂ ਸਮੇਤ 40 ਤੋਂ ਜ਼ਿਆਦਾ ਭਾਰਤੀ ਮਸਕਟ ਵਿਚ ਫ਼ਸ ਗਏ ਹਨ। ਨਿਹਾਲ ਸਿੰਘ ਵਾਲਾ ਦੇ ਇਕ ਪੰਜਾਬੀ ਨੌਜਵਾਨ ਨੇ ਵੀਡੀਓ ਬਣਾ ਕੇ ਨਿਹਾਲ ਸਿੰਘ ਦੇ ਆਮ ਆਦਮੀ ਪਾਰਟੀ ਦੇ ਨੇਤਾ ਰਾਜਪਾਲ ਸਿੰਘ ਨੂੰ ਭੇਜੀ ਹੈ। 

ਛੇ ਮਹੀਨੇ ਪਹਿਲਾਂ ਹੋਏ ਵਿਆਹ ਦਾ ਖ਼ੌਫਨਾਕ ਅੰਤ, ਰਾਖਸ਼ ਬਣੇ ਪਤੀ ਨੇ ਪਤਨੀ ਨੂੰ ਦਿੱਤੀ ਰੌਂਗਟੇ ਖੜ੍ਹੇ ਕਰਨ ਵਾਲੀ ਮੌਤ

ਥਾਣਾ ਸ਼ਿਮਲਾਪੁਰੀ ਦੇ ਨੇੜਲੇ ਇਲਾਕੇ ਨਿਊ ਜਨਤਾ ਨਗਰ, ਗਲੀ ਨੰ. 18, ਨੇੜੇ ਢੰਡ ਪੈਲੇਸ ਰੋਡ ’ਤੇ ਪਤੀ ਨੇ ਪਤਨੀ ਨੂੰ ਬੇਰਹਿਮੀ ਨਾਲ ਚਾਕੂ ਨਾਲ ਕਈ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਅਨੁਸਾਰ ਡਾ. ਪ੍ਰਮੋਦ ਕੁਮਾਰ ਨੇ ਦੱਸਿਆ ਕਿ ਮ੍ਰਿਤਕ (ਸੰਤੋਸ਼ ਕੁਮਾਰੀ), ਜਿਸ ਦਾ ਵਿਆਹ ਲਗਭਗ ਛੇ ਮਹੀਨੇ ਪਹਿਲਾਂ ਹੀ ਹੋਇਆ ਸੀ ਅਤੇ ਉਹ ਬਿਹਾਰ ਦੇ ਰਹਿਣ ਵਾਲੇ ਹਨ। 

ਜਲੰਧਰ: 6 ਮਹੀਨਿਆਂ ਦੀ ਬੱਚੀ ਦੇ ਕਤਲ ਮਾਮਲੇ 'ਚ ਨਵਾਂ ਖ਼ੁਲਾਸਾ, ਪਿਓ ਨੇ ਰੇਪ ਕਰ ਦਿੱਤੀ ਸੀ ਬੇਰਹਿਮ ਮੌਤ

ਫੋਲੜੀਵਾਲ ਪਿੰਡ ਵਿਚ ਖੂਹ ’ਤੇ ਜਾ ਕੇ ਕਲਯੁਗੀ ਬਾਪ ਵੱਲੋਂ ਕਤਲ ਕੀਤੀ ਗਈ ਆਪਣੀ 6 ਮਹੀਨੇ ਦੀ ਬੱਚੀ ਦੇ ਪੁਲਸ ਵੱਲੋਂ ਕਰਵਾਏ ਮੈਡੀਕਲ ਦੀ ਰਿਪੋਰਟ ਆ ਗਈ ਹੈ, ਜਿਸ ਵਿਚ ਵੱਡਾ ਖ਼ੁਲਾਸਾ ਹੋਇਆ ਹੈ ਕਿ ਅਰਜੁਨ ਨੇ ਆਪਣੀ ਬੱਚੀ ਦਾ ਕਤਲ ਕਰਨ ਤੋਂ ਪਹਿਲਾਂ ਉਸ ਨਾਲ ਜਬਰ-ਜ਼ਿਨਾਹ ਵੀ ਕੀਤਾ ਸੀ। ਏ. ਸੀ. ਪੀ. ਜਲੰਧਰ ਕੈਂਟ ਬਬਨਦੀਪ ਸਿੰਘ ਅਤੇ ਥਾਣਾ ਸਦਰ ਦੇ ਇੰਚਾਰਜ ਇੰਸ. ਅਜਾਇਬ ਸਿੰਘ ਔਜਲਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਉਕਤ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਜਲੰਧਰ ਹਾਈਟਸ ਪੁਲਸ ਚੌਂਕੀ ਦੇ ਮੁਖੀ ਵਿਕਟਰ ਮਸੀਹ ਨੇ ਦੱਸਿਆ ਕਿ ਬੱਚੀ ਨਾਲ ਜਬਰ-ਜ਼ਿਨਾਹ ਕੀਤੇ ਜਾਣ ਦੀ ਪੁਸ਼ਟੀ ਹੋਈ ਹੈ।

ਚੀਨ 'ਚ ਕੋਰੋਨਾ ਦੀ ਮੁੜ ਦਸਤਕ! ਸ਼ਿਘਾਈ ਪ੍ਰਸ਼ਾਸਨ ਨੇ ਜਾਰੀ ਕੀਤੇ ਸਖ਼ਤ ਆਦੇਸ਼

ਚੀਨ ਦੇ ਸਭ ਤੋਂ ਵੱਡੇ ਸ਼ਹਿਰ ਸ਼ੰਘਾਈ ਦੇ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਆਪਣੇ ਯਾਂਗਪੂ ਜ਼ਿਲ੍ਹੇ ਦੇ 13 ਲੱਖ ਲੋਕਾਂ ਲਈ ਕੋਵਿਡ -19 ਟੈਸਟ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਦੇ ਨਾਲ ਹੀ ਇਹ ਹੁਕਮ ਵੀ ਜਾਰੀ ਕੀਤਾ ਗਿਆ ਹੈ ਕਿ ਜਾਂਚ ਰਿਪੋਰਟ ਆਉਣ ਤੱਕ ਲੋਕ ਘਰਾਂ ਤੋਂ ਬਾਹਰ ਨਾ ਨਿਕਲਣ। ਇਸੇ ਤਰ੍ਹਾਂ ਦੇ ਆਦੇਸ਼ ਇਸ ਗਰਮੀਆਂ ’ਚ ਵੀ ਦਿੱਤੇ ਗਏ ਸਨ, ਜਿਸ ਤੋਂ ਬਾਅਦ ਪੂਰਾ ਸ਼ਹਿਰ ਦੋ ਮਹੀਨਿਆਂ ਲਈ ਲਾਕਡਾਊਨ ਸੀ।


Manoj

Content Editor

Related News