ਪੜ੍ਹੋ ਪੰਜਾਬ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ
Sunday, Jun 12, 2022 - 09:15 PM (IST)
 
            
            ਜਲੰਧਰ : ਅੱਜ ਜਲੰਧਰ ਕੈਂਟ ’ਚ ਹਾਕੀ ਖਿਡਾਰੀ ਗੁਰਪ੍ਰੀਤ ਸਿੰਘ ਦੀ ਪਤਨੀ ਨੇ ਪੱਖੇ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਉਥੇ ਹੀ ਅੰਮ੍ਰਿਤਸਰ 'ਚ ਇਕੋ ਦਿਨ 3 ਕਤਲਾਂ ਨੂੰ ਅੰਜਾਮ ਦਿੱਤਾ ਗਿਆ। ਪੜ੍ਹੋ ਪੰਜਾਬ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ-
ਜਲੰਧਰ ਕੈਂਟ ’ਚ ਹਾਕੀ ਖਿਡਾਰੀ ਦੀ ਪਤਨੀ ਨੇ ਕੀਤੀ ਖ਼ੁਦਕੁਸ਼ੀ, ਫ਼ੈਲੀ ਸਨਸਨੀ
ਜਲੰਧਰ ਕੈਂਟ ’ਚ 29 ਸਾਲ ਦੀ ਔਰਤ ਹਰਜਿੰਦਰ ਕੌਰ ਨੇ ਪੱਖੇ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਫ਼ੌਜ ਦੀ ਹਾਕੀ ਟੀਮ ਦੇ ਖਿਡਾਰੀ ਗੁਰਪ੍ਰੀਤ ਸਿੰਘ ਦੀ ਪਤਨੀ ਸੀ ਅਤੇ ਮਿਲਟਰੀ ਹਸਪਤਾਲ ਦੇ ਨੇੜਲੇ ਇਲਾਕੇ ਹੁਸੈਨੀਵਾਲਾ ’ਚ ਸਥਿਤ ਫ਼ੌਜ ਦੇ ਕੁਆਰਟਰਾਂ ’ਚ ਰਹਿੰਦੀ ਸੀ। 
ਅੰਮ੍ਰਿਤਸਰ : ਸੁਪਾਰੀ ਦੇ ਕਰਵਾਇਆ ਦੁਬਈ ਤੋਂ ਪਰਤੇ ਪਤੀ ਦਾ ਕਤਲ, ਪਤਨੀ ਸਣੇ 3 ਗ੍ਰਿਫ਼ਤਾਰ
ਥਾਣਾ ਛੇਹਰਟਾ ਦੀ ਪੁਲਸ ਪਾਰਟੀ ਨੇ ਅੱਜ ਸਵੇਰੇ ਨੌਜਵਾਨ ਹਰਿੰਦਰ ਸਿੰਘ ਦਾ ਕਤਲ ਕਰਨ ਵਾਲੇ ਅਰਸ਼ਦੀਪ ਸਿੰਘ ਤੇ ਵਰਿੰਦਰ ਸਿੰਘ ਨੂੰ ਕਤਲ ਹੋਣ ਤੋਂ 12 ਘੰਟਿਆਂ 'ਚ ਟ੍ਰੇਸ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
ਧਰਮਸੋਤ ਤੇ ਗਿਲਜੀਆਂ ਮਗਰੋਂ ਹੁਣ ਇਸ ਸਾਬਕਾ ਮੰਤਰੀ ਖ਼ਿਲਾਫ਼ ਜਾਂਚ ਕਰੇਗੀ ਵਿਜੀਲੈਂਸ!
ਪੰਜਾਬ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੌਤ ਅਤੇ ਸੰਗਤ ਸਿੰਘ ਗਿਲਜੀਆਂ ਮਗਰੋਂ ਹੁਣ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਵਿਜੀਲੈਂਸ ਵੱਲੋਂ ਜਾਂਚ ਕੀਤੀ ਜਾ ਸਕਦੀ ਹੈ। ਦਰਅਸਲ ਠੇਕੇਦਾਰਾਂ ਦੀ ਯੂਨੀਅਨ ਨੇ ਸਾਬਕਾ ਮੰਤਰੀ ਆਸ਼ੂ 'ਤੇ ਕਾਰਜਕਾਲ ਦੌਰਾਨ 2000 ਕਰੋੜ ਰੁਪਏ ਦੇ ਟੈਂਡਰਾਂ 'ਚ ਘਪਲੇ ਕਰਨ ਦੇ ਦੋਸ਼ ਲਾਏ ਹਨ।
ਜੁਲਾਈ ਦੇ ਪਹਿਲੇ ਹਫ਼ਤੇ ਹੋ ਸਕਦੈ ਭਗਵੰਤ ਮਾਨ ਕੈਬਨਿਟ ਦਾ ਵਿਸਤਾਰ, ਇਹ ਵਿਧਾਇਕ ਬਣ ਸਕਦੇ ਨੇ ਮੰਤਰੀ
ਭਗਵੰਤ ਮਾਨ ਸਰਕਾਰ ਦੀ ਕੈਬਨਿਟ ਦਾ ਪਹਿਲਾ ਵਿਸਤਾਰ ਜੁਲਾਈ ਦੇ ਪਹਿਲੇ ਹਫਤੇ ਹੋ ਸਕਦਾ ਹੈ। ਸਾਬਕਾ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਦੀ ਬਰਖਾਸਤੀ ਤੋਂ ਬਾਅਦ ਮੰਤਰੀ ਮੰਡਲ ਵਿਸਤਾਰ ਦੀ ਤਿਆਰੀ ਕੀਤੀ ਜਾ ਰਹੀ ਹੈ।
ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਅਦਾਲਤ ਵਲੋਂ ਸੰਮਨ ਜਾਰੀ
ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਖਰੜ ਦੀ ਅਦਾਲਤ ਨੇ ਸੰਮਨ ਜਾਰੀ ਕੀਤੇ ਹਨ। ਮੰਤਰੀ ਧਾਲੀਵਾਲ ਨੂੰ ਅਦਾਲਤ ਨੇ ਬਕਾਇਦਾ 25 ਜੁਲਾਈ ਨੂੰ ਪੇਸ਼ ਹੋਣ ਲਈ ਆਖਿਆ ਹੈ।
ਪੰਜਾਬ ਸਰਕਾਰ ਨੇ ਐੱਮ. ਐੱਸ. ਪੀ. ’ਤੇ ਮੂੰਗੀ ਦੀ ਖਰੀਦ ਕੀਤੀ ਸ਼ੁਰੂ
ਕਿਸਾਨਾਂ ਨੂੰ ਫਸਲੀ ਵਿਭਿੰਨਤਾ ਪ੍ਰਤੀ ਉਤਸ਼ਾਹਤ ਕਰਨ ਅਤੇ ਉਨ੍ਹਾਂ ਦੀ ਆਮਦਨ ਵਿਚ ਵਾਧਾ ਕਰਨ ਲਈ ਪੰਜਾਬ ਸਰਕਾਰ ਨੇ ਵੱਡੀ ਪਹਿਲਕਦਮੀ ਕਰਦਿਆਂ ਪਹਿਲੀ ਵਾਰ ਗਰਮ ਰੁੱਤ ਦੀ ਮੂੰਗੀ ਦੀ ਫਸਲ 7275 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ-ਘੱਟ ਸਮਰਥਨ ਮੁੱਲ ’ਤੇ ਕਿਸਾਨਾਂ ਪਾਸੋਂ ਸਿੱਧੇ ਤੌਰ ’ਤੇ ਖਰੀਦਣੀ ਸ਼ੁਰੂ ਕਰ ਦਿੱਤੀ ਹੈ।
ਸਾਬਕਾ ਮੁੱਖ ਮੰਤਰੀ 'ਪ੍ਰਕਾਸ਼ ਸਿੰਘ ਬਾਦਲ' ਦੀ ਸਿਹਤ ਵਿਗੜੀ, ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖ਼ਲ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬੀਤੀ ਦੇਰ ਰਾਤ ਉਨ੍ਹਾਂ ਦੀ ਸਿਹਤ ਖ਼ਰਾਬ ਹੋਣ ਦੇ ਚੱਲਦਿਆਂ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਪੰਜਾਬ ਦੇ 8 ਸਾਬਕਾ ਵਿਧਾਇਕਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਤਿਆਰੀ! ਜਾਣੋ ਪੂਰਾ ਮਾਮਲਾ
ਪੰਜਾਬ ਦੇ 8 ਦੇ ਕਰੀਬ ਸਾਬਕਾ ਵਿਧਾਇਕਾਂ ਖ਼ਿਲਾਫ਼ ਜਲਦੀ ਹੀ ਕੇਸ ਦਰਜ ਕੀਤਾ ਜਾ ਸਕਦਾ ਹੈ। ਦਰਅਸਲ ਇਨ੍ਹਾਂ ਵਿਧਾਇਕਾਂ 'ਤੇ ਸਰਕਾਰੀ ਫਲੈਟਾਂ 'ਤੇ ਨਾਜਾਇਜ਼ ਤੌਰ 'ਤੇ ਕਬਜ਼ਾ ਕਰਨ ਦੇ ਦੋਸ਼ ਹਨ ਅਤੇ ਵਿਧਾਇਕਾਂ ਵੱਲੋਂ ਫਲੈਟਾਂ ਦਾ ਕਬਜ਼ਾ ਨਹੀਂ ਛੱਡਿਆ ਜਾ ਰਿਹਾ ਹੈ।
ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਵਾਪਰਿਆ ਭਿਆਨਕ ਹਾਦਸਾ, 4 ਦੀ ਮੌਤ
ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਸਰਹਿੰਦ ਦੇ ਯਾਦਵ ਢਾਬੇ ਨੇੜੇ ਟਰੱਕ ਅਤੇ ਗੱਡੀ ਵਿਚਾਲੇ ਜ਼ੋਰਦਾਰ ਟੱਕਰ ਹੋ ਗਈ। ਇਸ ਹਾਦਸੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਲੋਕ ਜ਼ਖਮੀ ਹੋ ਗਏ ਹਨ।
ਦੇਸ਼ ’ਚ ਫਿਰ ਵਧ ਰਹੇ ਕੋਰੋਨਾ ਦੇ ਮਾਮਲੇ, ਇਕ ਦਿਨ ’ਚ ਆਏ 8,582 ਨਵੇਂ ਮਾਮਲੇ
ਦੇਸ਼ ਭਰ ’ਚ ਇਕ ਦਿਨ ’ਚ ਕੋਰੋਨਾ ਵਾਇਰਸ ਦੇ 8,582 ਨਵੇਂ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਕੁੱਲ ਮਾਮਲਿਆਂ ਦੀ ਗਿਣਤੀ 4,32,22,017 ’ਤੇ ਪਹੁੰਚ ਗਈ। ਕੋਰੋਨਾ ਕਾਰਨ ਹਸਪਤਾਲਾਂ ’ਚ ਇਲਾਜ ਕਰਵਾ ਰਹੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 44,513 ਹੋ ਗਈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                            