ਡੇਰਾ ਪ੍ਰੇਮੀ ਦਾ ਗੋਲੀਆਂ ਮਾਰ ਕੇ ਕਤਲ, ਪੰਜਾਬ 'ਚ ਮਾਈਨਿੰਗ 'ਤੇ ਹਾਈਕੋਰਟ ਨੇ ਲਾਈ ਰੋਕ, ਪੜ੍ਹੋ Top 10
Thursday, Nov 10, 2022 - 10:03 PM (IST)
ਜਲੰਧਰ (ਬਿਊਰੋ) : ਅੱਜ ਕੋਟਕਪੂਰਾ ਵਿਖੇ ਬਰਗਾੜੀ ਬੇਅਦਬੀ ਦੇ ਦੋਸ਼ੀ ਡੇਰਾ ਪ੍ਰੇਮੀ ਪਰਦੀਪ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਉੱਧਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ 'ਚ ਮਾਈਨਿੰਗ 'ਤੇ ਰੋਕ ਲਾ ਦਿੱਤੀ। ਪੜ੍ਹੋ ਅੱਜ ਦੀਆਂ Top 10 ਖ਼ਬਰਾਂ-
ਕੋਟਕਪੂਰਾ 'ਚ ਵੱਡੀ ਵਾਰਦਾਤ : ਬੇਅਦਬੀ ਦੇ ਮੁਲਜ਼ਮ ਡੇਰਾ ਪ੍ਰੇਮੀ ਦਾ ਗੋਲੀਆਂ ਮਾਰ ਕੇ ਕਤਲ (ਵੀਡੀਓ)
ਕੋਟਕਪੂਰਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਬਰਗਾੜੀ ਬੇਅਦਬੀ ਦੇ ਦੋਸ਼ੀ ਡੇਰਾ ਪ੍ਰੇਮੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਡੇਰਾ ਪ੍ਰੇਮੀ ਪਰਦੀਪ ਦੇ ਤੌਰ 'ਤੇ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਡੇਰਾ ਪ੍ਰੇਮੀ ਪਰਦੀਪ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ।
ਅਹਿਮ ਖ਼ਬਰ : ਪੰਜਾਬ 'ਚ ਮਾਈਨਿੰਗ 'ਤੇ ਹਾਈਕੋਰਟ ਨੇ ਲਾਈ ਰੋਕ, ਸਰਕਾਰ ਨੂੰ ਜਾਰੀ ਕੀਤੇ ਹੁਕਮ
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ 'ਚ ਮਾਈਨਿੰਗ 'ਤੇ ਰੋਕ ਲਾ ਦਿੱਤੀ ਹੈ। ਜਾਣਕਾਰੀ ਮੁਤਾਬਕ ਐਡਵੋਕੇਟ ਸਹਿਜਪ੍ਰੀਤ ਸਿੰਘ ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਸਰਕਾਰ ਖ਼ੁਦ ਹੀ ਗੈਰ-ਕਾਨੂੰਨੀ ਤਰੀਕੇ ਨਾਲ ਮਾਈਨਿੰਗ ਕਰ ਰਹੀ ਹੈ। ਉਨ੍ਹਾਂ ਕਿਹਾ ਸੀ ਕਿ ਮਾਈਨਿੰਗ ਕਾਰਨ ਨਦੀਆਂ 'ਚ ਭਾਰੀ ਮਸ਼ੀਨਰੀ ਦਾ ਇਸਤੇਮਾਲ ਹੋ ਰਿਹਾ ਹੈ।
ਵੱਡੀ ਖ਼ਬਰ : ਗੈਂਗਸਟਰ ਗੋਲਡੀ ਬਰਾੜ ਨੇ ਲਈ ਕੋਟਕਪੂਰਾ 'ਚ ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ, ਪਾਈ ਪੋਸਟ
ਕੋਟਕਪੂਰਾ 'ਚ ਵੀਰਵਾਰ ਸਵੇਰੇ ਗੋਲੀਆਂ ਮਾਰ ਕੇ ਬਰਗਾੜੀ ਬੇਅਦਬੀ ਮਾਮਲੇ ਦੇ ਦੋਸ਼ੀ ਪਰਦੀਪ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਬਰਾੜ ਵੱਲੋਂ ਲਈ ਗਈ ਹੈ। ਗੋਲਡੀ ਬਰਾੜ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਗੋਲਡੀ ਬਰਾੜ ਨੇ ਆਪਣੀ ਪੋਸਟ 'ਚ ਲਿਖਿਆ ਹੈ ਕਿ ਅੱਜ ਜੋ ਕੋਟਕਪੂਰਾ 'ਚ ਬਰਗਾੜੀ ਬੇਅਦਬੀ ਕੇਸ ਦੇ ਦੋਸ਼ੀ ਪਰਦੀਪ ਦਾ ਕਤਲ ਹੋਇਆ ਹੈ, ਉਸ ਦੀ ਜ਼ਿੰਮੇਵਾਰੀ ਮੈਂ ਗੋਲਡੀ ਬਰਾੜ (ਲਾਰੈਂਸ ਬਿਸ਼ਨੋਈ ਗਰੁੱਪ) ਲੈਂਦਾ ਹਾਂ।
ਲੁਧਿਆਣਾ 'ਚ ASI ਨੇ ਖ਼ੁਦ ਨੂੰ ਮਾਰੀ ਗੋਲੀ, ਮਾਨਸਿਕ ਪਰੇਸ਼ਾਨੀ ਕਾਰਨ ਚੁੱਕਿਆ ਖ਼ੌਫ਼ਨਾਕ ਕਦਮ
ਸਥਾਨਕ ਥਾਣਾ ਸਰਾਭਾ ਨਗਰ 'ਚ ਤਾਇਨਾਤ ਏ. ਐੱਸ. ਆਈ. ਨੇ ਸ਼ੱਕੀ ਹਾਲਾਤ 'ਚ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਮ੍ਰਿਤਕ ਦੀ ਪਛਾਣ ਏ. ਐੱਸ. ਆਈ. ਮਨੋਹਰ ਲਾਲ ਦੇ ਤੌਰ 'ਤੇ ਹੋਈ ਹੈ, ਜੋ ਕਿ ਥਾਣੇ 'ਚ ਮਾਲਖ਼ਾਨੇ ਦਾ ਮੁਖੀ ਸੀ। ਦੱਸਿਆ ਜਾ ਰਿਹਾ ਹੈ ਕਿ ਬੀਤੀ ਦੇਰ ਰਾਤ ਮਾਲਖ਼ਾਨੇ 'ਚ ਪਈ ਰਾਈਫ਼ਲ ਨਾਲ ਉਸ ਨੇ ਖ਼ੁਦ ਨੂੰ ਗੋਲੀ ਮਾਰ ਲਈ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪੁੱਜੀ।
ਭੂਆ ਦੇ ਮੁੰਡੇ ਨੂੰ ਵਟਸਐਪ 'ਤੇ ਮੈਸੇਜ ਭੇਜ ਨੌਜਵਾਨ ਨੇ ਨਹਿਰ 'ਚ ਮਾਰੀ ਛਾਲ, 4 ਦਿਨਾਂ ਬਾਅਦ ਮਿਲੀ ਲਾਸ਼
ਬੀਤੇ 4 ਦਿਨਾਂ ਤੋਂ ਲਾਪਤਾ ਹੋਏ ਮੁੱਹਲਾ ਅਜੀਮਗੜ੍ਹ ਵਾਸੀ ਪਾਰਸ ਸੋਨੀ (22) ਲਾਸ਼ ਅੱਜ ਸਵੇਰੇ ਹਨੂੰਮਾਨਗੜ੍ਹ ਰੋਡ ਤੋਂ ਲੰਘਦੀ ਮਲੂਕਪੁਰਾ ਨਹਿਰ 'ਚੋਂ ਬਰਾਮਦ ਹੋਈ। ਜਿਸ ਦੀ ਲਾਸ਼ ਨੂੰ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਮੈਂਬਰਾਂ ਨੇ ਬਾਹਰ ਕੱਢ ਪੁਲਸ ਦੀ ਮੌਜੂਦਗੀ ਹੇਠਾਂ ਹਸਪਤਾਲ ਦੀ ਮੋਰਚਰੀ ਵਿਚ ਰਖਵਾਈ ਹੈ।ਜਾਣਕਾਰੀ ਮੁਤਾਬਕ ਪਾਰਸ ਸੋਨੀ ਪੁੱਤਰ ਹਰਿਭਗਤ ਸੋਨੀ ਚਾਰ ਦਿਨ ਪਹਿਲਾਂ ਆਪਣੇ ਘਰ ਤੋਂ ਨਿਕਲਿਆ ਅਤੇ ਉਸ ਨੇ ਆਪਣੇ ਭੂਆ ਦੇ ਮੁੰਡੇ ਨੂੰ ਮੈਸੇਜ ਭੇਜਿਆ।
ਇਨਸਾਨ ਬਣਿਆ ਹੈਵਾਨ! ਪਟਿਆਲਾ 'ਚ ਰਾਹ ਜਾਂਦੀ ਬੇਸਹਾਰਾ ਗਾਂ ਨੂੰ ਵਿਅਕਤੀ ਨੇ ਮਾਰੀ ਗੋਲ਼ੀ
ਪਟਿਆਲਾ ਦੇ ਭਾਦਸੋਂ ਰੋਡ ਵਿਖੇ ਸਥਿਤ ਇੱਕ ਇਲਾਕੇ ਵਿੱਚ ਬੜੀ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ , ਜਿੱਥੇ ਇਕ ਵਿਅਕਤੀ ਵੱਲੋਂ ਗੁੱਸੇ 'ਚ ਆ ਕੇ ਰਾਹ ਜਾਂਦੀ ਇਕ ਬੇਸਹਾਰਾ ਗਾਂ ਨੂੰ ਗੋਲੀ ਮਾਰ ਦਿੱਤੀ ਗਈ। ਗੋਲ਼ੀ ਲੱਗਣ ਕਾਰਨ ਗਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਮਿਲਦਿਆਂ ਹੀ ਪੁਲਸ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਦੋਸ਼ੀ ਬਿਕਰਮ ਨੂੰ ਗ੍ਰਿਫ਼ਤਾਰ ਕਰ ਲਿਆ।
ਸੜਕ ਹਾਦਸੇ ਨੇ ਨਿਗਲੇ ਮਾਪਿਆਂ ਦੇ ਗੱਭਰੂ ਪੁੱਤ, ਧਾਰਮਿਕ ਸਥਾਨ 'ਤੇ ਜਾ ਰਹੇ ਕਪੂਰਥਲਾ ਦੇ 2 ਨੌਜਵਾਨਾਂ ਦੀ ਮੌਤ
ਮੋਟਰਸਾਈਕਲ 'ਤੇ ਸਵਾਰ ਹੋ ਕੇ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਜਾ ਰਹੇ ਕਪੂਰਥਲਾ ਵਾਸੀ ਦੋ ਨੌਜਵਾਨਾਂ ਦੀ ਪਿੰਡ ਟੁੱਟਾਂ ਤੇ ਜਹਾਂਗੀਰ ਦੇ ਵਿਚਕਾਰ ਏਪੈਕਸ ਸਕੂਲ ਨੇੜੇ ਕਾਰ ਨਾਲ ਟਕਰਾਉਣ ਕਾਰਨ ਸੜਕ ਹਾਦਸੇ ਵਿਚ ਮੌਤ ਹੋ ਗਈ।
ਵਿਆਹ ਨਾ ਹੋਣ ਤੋਂ ਨਾਰਾਜ਼ ਨੌਜਵਾਨ ਨੇ ਬੈਟ ਨਾਲ ਕੁੱਟ ਕੇ ਬਜ਼ੁਰਗ ਮਾਂ ਦਾ ਕੀਤਾ ਕਤਲ
ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ’ਚ ਵਿਆਹ ਨਾ ਹੋਣ ਤੋਂ ਨਾਰਾਜ਼ 32 ਸਾਲਾ ਨੌਜਵਾਨ ਨੇ ਆਪਣੀ 67 ਸਾਲਾ ਮਾਂ ਦਾ ਕ੍ਰਿਕਟ ਬੈਟ ਨਾਲ ਕੁੱਟ-ਕੱਟ ਕੇ ਕਤਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਮਾਂ ਦੀ ਮੌਤ ਮਗਰੋਂ ਜੁਰਮ ਲੁਕਾਉਣ ਦੇ ਇਰਾਦੇ ਨਾਲ ਦੋਸ਼ੀ ਨੇ ਛੱਤ ਤੋਂ ਡਿੱਗਣ ਦੀ ਗੱਲ ਆਖੀ। ਹਾਲਾਂਕਿ ਪੁਲਸ ਨੇ ਉਸ ਨੂੰ ਕਤਲ ਦੇ ਦੋਸ਼ ’ਚ ਗ੍ਰਿਫ਼ਤਾਰ ਕਰ ਲਿਆ ਹੈ।
T20 WC 2022 'ਚੋਂ ਭਾਰਤ ਬਾਹਰ, ਇੰਗਲੈਂਡ ਨੇ 10 ਵਿਕਟਾਂ ਨਾਲ ਹਰਾਇਆ
ਭਾਰਤ ਅਤੇ ਇੰਗਲੈਂਡ ਵਿਚਾਲੇ ਟੀ-20 ਵਿਸ਼ਵ ਕੱਪ 2022 ਦਾ ਦੂਜਾ ਸੈਮੀਫਾਈਨਲ ਮੈਚ ਅੱਜ ਐਡੀਲੇਡ ਓਵਲ 'ਚ ਖੇਡਿਆ ਗਿਆ। ਮੈਚ 'ਚ ਇੰਗਲੈਂਡ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਦਿੱਤਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਨਿਰਧਾਰਤ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 168 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਇੰਗਲੈਂਡ ਨੂੰ ਜਿੱਤ ਲਈ 169 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਨੇ ਬਿਨਾ ਕੋਈ ਵਿਕਟ ਗੁਆਏ 16 ਓਵਰਾਂ 'ਚ 170 ਦੌੜਾਂ ਬਣਾਈਆਂ ਤੇ 10 ਵਿਕਟਾਂ ਨਾਲ ਮੈਚ ਜਿੱਤ ਲਿਆ।
ਵੱਡੀ ਖ਼ਬਰ: ਮਾਲਦੀਵ 'ਚ ਬਿਲਡਿੰਗ ਨੂੰ ਲੱਗੀ ਭਿਆਨਕ ਅੱਗ, 9 ਭਾਰਤੀਆਂ ਦੀ ਮੌਤ (ਵੀਡੀਓ)
ਮਾਲੇ 'ਚ ਇਕ ਬਿਲਡਿੰਗ ਵਿਚ ਭਿਆਨਕ ਅੱਗ ਲੱਗਣ ਕਾਰਨ 9 ਭਾਰਤੀਆਂ ਸਮੇਤ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਮਾਲਦੀਵ ਦੀ ਫਾਇਰ ਸਰਵਿਸ ਨੇ ਇਹ ਜਾਣਕਾਰੀ ਦਿੱਤੀ। ਸਥਾਨਕ ਮੀਡੀਆ ਮੁਤਾਬਕ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਨਾਲ ਤਬਾਹ ਹੋਈ ਇਮਾਰਤ ਦੀ ਉਪਰਲੀ ਮੰਜ਼ਿਲ ਤੋਂ 10 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।