ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ

Wednesday, Apr 13, 2022 - 09:33 PM (IST)

ਜਲੰਧਰ : ਪੰਜਾਬ ਮੰਤਰੀ ਮੰਡਲ ਨੇ ਅੱਜ ਲੋਕਾਂ ਨੂੰ ਬਿਹਤਰ ਜਲ ਸਪਲਾਈ ਮੁਹੱਈਆ ਕਰਵਾਉਣ ਲਈ ਵੱਖ-ਵੱਖ ਸ਼੍ਰੇਣੀਆਂ ਦੀਆਂ 145 ਅਸਾਮੀਆਂ ਭਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਉਥੇ ਪੰਜਾਬ ਕੈਬਨਿਟ ਨੇ ਅੱਜ ਵੱਡਾ ਫ਼ੈਸਲਾ ਲੈਂਦਿਆਂ ਰੂਰਲ ਡਿਵੈਲਪਮੈਂਟ ਫੰਡ ’ਚ ਸੋਧ ਆਰਡੀਨੈਂਸ ਲਿਆਂਦਾ ਹੈ। ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ-

ਪੰਜਾਬ ਮੰਤਰੀ ਮੰਡਲ ਦਾ ਅਹਿਮ ਫ਼ੈਸਲਾ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀਆਂ ਅਸਾਮੀਆਂ ਭਰਨ ਨੂੰ ਪ੍ਰਵਾਨਗੀ
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਸੂਬੇ ਭਰ ਦੇ ਲੋਕਾਂ ਨੂੰ ਬਿਹਤਰ ਪੇਂਡੂ ਜਲ ਸਪਲਾਈ ਮੁਹੱਈਆ ਕਰਵਾਉਣ ਲਈ ਪੰਜਾਬ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਵੱਖ-ਵੱਖ ਸ਼੍ਰੇਣੀਆਂ (25 ਉਪ ਮੰਡਲ ਇੰਜੀਨੀਅਰ, 70 ਜੂਨੀਅਰ ਇੰਜੀਨੀਅਰ, 30 ਜੂਨੀਅਰ ਡਰਾਫਟਸਮੈਨ ਅਤੇ 20 ਸਟੈਨੋ ਟਾਈਪਿਸਟ) ਦੀਆਂ 145 ਅਸਾਮੀਆਂ ਭਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਆਰ. ਡੀ. ਐੱਫ. ਨੂੰ ਲੈ ਕੇ ਭਗਵੰਤ ਮਾਨ ਕੈਬਨਿਟ ਦਾ ਵੱਡਾ ਫ਼ੈਸਲਾ
ਪੰਜਾਬ ਕੈਬਨਿਟ ਨੇ ਅੱਜ ਵੱਡਾ ਫ਼ੈਸਲਾ ਲੈਂਦੇ ਆਰ. ਡੀ. ਐੱਫ. (ਰੂਰਲ ਡਿਵਲਪਮੈਂਟ ਫੰਡ) ’ਚ ਸੋਧ ਆਰਡੀਨੈਂਸ ਲੈ ਕੇ ਆਂਦਾ ਹੈ। ਦਰਅਸਲ ਕੇਂਦਰ ਸਰਕਾਰ ਆਰ. ਡੀ. ਐੱਫ. ਰਾਹੀਂ ਸੂਬਾ ਸਰਕਾਰ ਨੂੰ 1100 ਕਰੋੜ ਰੁਪਏ ਦਾ ਫੰਡ ਜਾਰੀ ਕਰਦੀ ਹੈ, ਜਿਸ ਨੂੰ ਕੇਂਦਰ ਸਰਕਾਰ ਨੇ ਇਹ ਆਖ ਕੇ ਰੋਕ ਦਿੱਤਾ ਸੀ ਕਿ ਇਹ ਰਕਮ ਪਿੰਡਾਂ ਦੇ ਵਿਕਾਸ ’ਤੇ ਖਰਚ ਕਰਨ ਦੀ ਬਜਾਏ ਸਰਕਾਰ ਹੋਰ ਵਾਅਦਿਆਂ ਦੀ ਪੂਰਤੀ ਲਈ ਵਰਤ ਦਿੰਦੀ ਹੈ।

ਸੁਨੀਲ ਜਾਖੜ ਖ਼ਿਲਾਫ਼ SC ਕਮਿਸ਼ਨ ਵੱਲੋਂ ਜਲੰਧਰ ਪੁਲਸ ਨੂੰ ਨੋਟਿਸ ਜਾਰੀ, ਜਾਣੋ ਪੂਰਾ ਮਾਮਲਾ
ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਬੁੱਧਵਾਰ ਨੂੰ ਜਲੰਧਰ ਦੇ ਪੁਲਸ ਕਮਿਸ਼ਨਰ ਨੂੰ ਨੋਟਿਸ ਜਾਰੀ ਕਰਕੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸਾਬਕਾ ਸੁਨੀਲ ਜਾਖੜ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਦੇ ਹੁਕਮ ਜਾਰੀ ਕੀਤੇ ਹਨ। ਅਨੁਸੂਚਿਤ ਜਾਤੀ ਭਾਈਚਾਰੇ ਦੇ ਖ਼ਿਲਾਫ਼ ਕਥਿਤ ਤੌਰ 'ਤੇ ਇਤਰਾਜ਼ਯੋਗ ਟਿੱਪਣੀ ਕਰਨ 'ਤੇ ਜਾਖੜ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਕਬਾਲ ਸਿੰਘ ਲਾਲਪੁਰਾ ਦੇ ਹੱਥਾਂ ’ਚ ਕੌਮੀ ਘੱਟ ਗਿਣਤੀ ਕਮਿਸ਼ਨ ਦੀ ਕਮਾਨ, ਮੁੜ ਬਣਾਏ ਗਏ ਪ੍ਰਧਾਨ
ਕੇਂਦਰ ਸਰਕਾਰ ਨੇ ਪੰਜਾਬ ਕੇਡਰ ਦੇ ਸੇਵਾਮੁਕਤ ਆਈ.ਪੀ. ਐੱਸ ਅਧਿਕਾਰੀ ਇਕਬਾਲ ਸਿੰਘ ਲਾਲਪੁਰਾ ਨੂੰ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਪ੍ਰਧਾਨ ਵਜੋਂ ਮੁੜ ਨਿਯੁਕਤ ਕੀਤਾ ਹੈ। ਗ੍ਰਹਿ ਮੰਤਰਾਲਾ ਨੇ ਉਨ੍ਹਾਂ ਨੂੰ 3 ਸਾਲਾਂ ਲਈ ਪ੍ਰਧਾਨ ਵਜੋਂ ਨਿਯੁਕਤ ਕੀਤਾ ਹੈ। ਉਹ ਅੱਜ ਤੋਂ ਹੀ ਆਪਣੀ ਜ਼ਿੰਮੇਵਾਰੀ ਨੂੰ ਸੰਭਾਲ ਲੈਣਗੇ। 

ਅਮਰੀਕਾ 'ਚ ਦੋ ਸਿੱਖ ਵਿਅਕਤੀਆਂ 'ਤੇ ਹਮਲਾ, ਕੀਤੀ ਗਈ ਲੁੱਟਮਾਰ
ਅਮਰੀਕਾ ਵਿਚ 10 ਦਿਨਾਂ ਤੋਂ ਵੀ ਘੱਟ ਸਮੇਂ ਵਿੱਚ ਹੋਏ ਦੂਜੇ ਹਮਲੇ ਵਿੱਚ ਇੱਥੋਂ ਦੇ ਕਵੀਨਜ਼ ਵਿੱਚ ਦੋ ਸਿੱਖ ਵਿਅਕਤੀਆਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਲੁੱਟ ਲਿਆ ਗਿਆ। ਇਹ ਹਮਲਾ ਸ਼ਹਿਰ ਦੇ ਉਸੇ ਇਲਾਕੇ ਵਿੱਚ ਹੋਇਆ, ਜਿੱਥੇ ਇਸ ਮਹੀਨੇ ਦੇ ਸ਼ੁਰੂ ਵਿੱਚ ਇੱਕ ਬਜ਼ੁਰਗ ਸਿੱਖ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਸੀ।

ਪੰਜਾਬ ਸਰਕਾਰ ਦੇ ਲਾਰਿਆਂ ਤੋਂ ਅੱਕੇ 3 ਅਧਿਆਪਕਾਂ ਨੇ ਦਿੱਤੇ ਅਸਤੀਫ਼ੇ, ਜਾਣੋ ਕੀ ਕਿਹਾ
ਪਿਛਲੇ 8 ਸਾਲਾਂ ਤੋਂ ਨਾਮਾਤਰ ਤਨਖ਼ਾਹਾਂ 'ਤੇ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਤਨਦੇਹੀ ਨਾਲ ਕੰਮ ਕਰ ਰਹੇ ਈ. ਜੀ. ਐੱਸ. ਵਾਲੰਟੀਅਰ ਅਤੇ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਨੇ ਘੱਟ ਤਨਖਾਹਾਂ ਹੋਣ ਕਾਰਨ ਆਪਣੇ ਅਸਤੀਫ਼ੇ ਸਿੱਖਿਆ ਅਧਿਕਾਰੀਆਂ ਨੂੰ ਭੇਜਣੇ ਸ਼ੁਰੂ ਕਰ ਦਿੱਤੇ ਹਨ।

2 ਦਿਨਾਂ ਅੰਮ੍ਰਿਤਸਰ ਦੌਰੇ 'ਤੇ ਚੀਫ਼ ਜਸਟਿਸ MV ਰਮੰਨਾ, CM ਭਗਵੰਤ ਮਾਨ ਨੇ ਹਵਾਈ ਅੱਡੇ 'ਤੇ ਕੀਤਾ ਸੁਆਗਤ
ਦੇਸ਼ ਦੇ ਚੀਫ਼ ਜਸਟਿਸ ਐੱਮ.ਵੀ. ਰਮੰਨਾ ਦੋ ਦਿਨਾਂ ਅੰਮ੍ਰਿਤਸਰ ਦੌਰੇ ’ਤੇ ਅੱਜ ਸ੍ਰੀ ਗੁਰੂ ਰਾਮਦਾਸ ਜੀ ਹਵਾਈਅੱਡਾ ਅੰਮ੍ਰਿਤਸਰ ਪੁੱਜੇ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦਾ ਸੁਆਗਤ ਕੀਤਾ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਚੀਫ਼ ਜਸਟਿਸ ਨਾਲ ਖ਼ਾਸ ਮੁਲਾਕਾਤ ਕਰਨ ਵਾਲੇ ਹਨ, ਜੋ ਅੰਮ੍ਰਿਤਸਰ ਦੇ ਪੰਜ ਸਿਤਾਰਾ ਹੋਟਲ ’ਚ ਹੋਵੇਗੀ।

ਇੰਡੋਨੇਸ਼ੀਆ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 16 ਲੋਕਾਂ ਦੀ ਮੌਤ
ਇੰਡੋਨੇਸ਼ੀਆ ਦੇ ਪੂਰਬੀ ਸੂਬੇ ਪੱਛਮੀ ਪਾਪੂਆ ਵਿੱਚ ਬੁੱਧਵਾਰ ਨੂੰ ਇੱਕ ਟਰੱਕ ਹਾਦਸੇ ਵਿੱਚ 16 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਸੂਬੇ ਦੇ ਮਨੋਕਵਾੜੀ ਜ਼ਿਲ੍ਹੇ ਵਿੱਚ ਖੋਜ ਅਤੇ ਬਚਾਅ ਦਫ਼ਤਰ ਦੇ ਇਕ ਪ੍ਰੈਸ ਅਧਿਕਾਰੀ ਮੁਹੰਮਦ ਖੈਰੁਲ ਬਸਯਾਰ ਨੇ ਇਹ ਜਾਣਕਾਰੀ ਦਿੱਤੀ।


Harnek Seechewal

Content Editor

Related News