ਛੋਟੀ ਉਮਰ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ 'ਚ ਵੱਧ ਰਿਹੈ ਤੰਬਾਕੂ ਦਾ ਇਸਤੇਮਾਲ
Saturday, Sep 09, 2017 - 01:39 PM (IST)
ਗੁਰਦਾਸਪੁਰ (ਵਿਨੋਦ) — ਜੇਕਰ ਦੇਖਿਆ ਜਾਵੇ ਤਾਂ ਕੇਂਦਰ ਤੇ ਪੰਜਾਬ ਸਰਕਾਰ ਨੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਿਗਰਟ -ਬੀੜੀ ਵੇਚਣ, ਪਿਲਾਉਣ ਤੰਬਾਕੂ ਤੋਂ ਤਿਆਰ ਸਾਮਾਨ ਵੇਚਣ ਆਦਿ 'ਤੇ ਪਾਬੰਦੀ ਲਗਾ ਰੱਖੀ ਹੈ। ਇਸ ਤਰ੍ਹਾਂ ਦਾ ਸਾਮਾਨ ਵੇਚਣ ਵਾਲੀਆਂ ਜ਼ਿਆਦਾਤਰ ਦੁਕਾਨਾਂ 'ਤੇ ਵੀ ਇਹ ਬੋਰਡ ਲਿਖੇ ਮਿਲਦੇ ਹਨ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਸਿਗਰਟ-ਬੀੜੀ ਨਹੀਂ ਖਰੀਦ ਸਕਦੇ।
ਇਸ ਤਰ੍ਹਾਂ ਜ਼ਿਲਾ ਗੁਰਦਾਸਪੁਰ ਨੂੰ ਤੰਬਾਕੂ ਮੁਕਤ ਜ਼ਿਲਾ ਵੀ ਐਲਾਨ ਕੀਤਾ ਜਾ ਚੁੱਕਾ ਹੈ ਪਰ ਇਸ ਸੰਬੰਧੀ ਜੇਕਰ ਜਾਂਚ ਕੀਤੀ ਜਾਵੇ ਤਾਂ ਪਤਾ ਚਲਦਾ ਹੈ ਕਿ ਜ਼ਿਲਾ ਗੁਰਦਾਸਪੁਰ 'ਚ ਜਿੰਨਾ ਵੀ ਇਹ ਬਿਕਦਾ ਹੈ। ਉਸ 'ਚ ਜ਼ਿਆਦਾਤਰ ਤੰਬਾਕੂ ਨਾਲ ਬਣੀ ਤਿਆਰ ਚੀਜ਼ਾਂ ਦੀ ਖਰੀਦਾਰੀ ਛੋਟੀ ਉਮਰ ਦੇ ਬੱਚੇ ਕਰਦੇ ਹਨ ਤੇ ਛੋਟੀ ਉਮਰ ਦੇ ਬੱਚਿਆਂ ਨੂੰ ਇਹ ਸਾਮਾਨ ਵੇਚਣਾ ਦੁਕਾਨਦਾਰਾਂ ਦੀ ਮਜ਼ਬੂਰੀ ਹੈ, ਜਦ ਕਿ ਕੁਝ ਢਾਬੇ ਤੇ ਰੈਸਟੋਰੈਂਟ ਤਾਂ ਇਨ੍ਹਾਂ ਛੋਟੀ ਉਮਰ ਦੇ ਬੱਚਿਆਂ ਨੂੰ ਸਿਗਰੇਟ-ਬੀੜੀ ਪਿਲਾਉਣ ਸਮੇਤ ਸਿੰਥੈਟਿਕ ਨਸ਼ਿਆਂ ਦੀ ਪੂਰਤੀ ਦਾ ਸਾਮਾਨ ਮੁਹੱਈਆ ਕਰਵਾਉਣ ਲਈ ਮਸ਼ਹੂਰ ਵੀ ਹਨ।
ਕੀ ਹਲਾਤ ਹਨ ਜ਼ਿਲਾ ਗੁਰਦਾਸਪੁਰ ਦੇ
ਜ਼ਿਲਾ ਗੁਰਦਾਸਪੁਰ 'ਚ ਇਸ ਸਮੇਂ ਸਿਗਰਟ-ਬੀੜੀ ਸਮੇਤ ਤੰਬਾਕੂ ਤੋਂ ਬਣੇ ਉਤਪਾਦਨਾਂ ਦੀ ਬ੍ਰਿਕੀ ਹੋਰ ਜ਼ਿਲਿਆਂ ਦੇ ਮੁਕਾਬਲੇ ਬਹੁਤ ਵੱਧ ਹੈ, ਜਦ ਕਿ ਇਹ ਸਥਿਤੀ ਨਵੇਂ ਬਣੇ ਜ਼ਿਲਾ ਪਠਾਨਕੋਟ 'ਚ ਵੀ ਹੈ। ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੇ ਛੋਟੀ ਉਮਰ ਦੇ ਬੱਚਿਆਂ ਨੂੰ ਇਸ ਤੰਬਾਕੂਨੋਸ਼ੀ ਤੋਂ ਦੂਰ ਰੱਖਣ ਲਈ ਕਈ ਤਰ੍ਹਾਂ ਦੇ ਕਾਨੂੰਨ ਬਣਾ ਰੱਖੇ ਹਨ।
ਇਸ ਸੰਬੰਧੀ ਜ਼ਿਲਾ ਪ੍ਰਸ਼ਾਸਨ ਨੇ ਵੀ ਸਿੱਖਿਅਕ ਸੰਸਥਾਵਾਂ ਦੇ ਕੋਲ ਇਸ ਤਰ੍ਹਾਂ ਦਾ ਸਾਮਾਨ ਵੇਚਣ 'ਤੇ ਪੂਰਮ ਪਾਬੰਦੀ ਦਾ ਹੁਕਮ ਜਾਰੀ ਕਰ ਰੱਖਿਆ ਹੈ ਪਰ ਇਸ ਦੇ ਬਾਵਜੂਦ ਜ਼ਿਲਾ ਗੁਰਦਾਸਪੁਰ ਤੇ ਜ਼ਿਲਾ ਪਠਾਨਕੋਟ 'ਚ ਇਨ੍ਹਾਂ ਬਣਾਏ ਕਾਨੂੰਨਾਂ ਤੇ ਜ਼ਿਲਾ ਪ੍ਰਸ਼ਾਸਨ ਵਲੋਂ ਜਾਰੀ ਹੁਕਮਾਂ ਦੀ ਪਾਲਣਾ ਨਹੀਂ ਹੋ ਰਹੀ ਹੈ। ਸਿੱਖਿਅਕ ਸੰਸਥਾਵਾਂ ਦੇ ਨੇੜੇ ਦੁਕਾਨਦਾਰ ਤਾਂ ਚੋਰੀ ਇਹ ਸਾਮਾਨ ਵੇਚਦੇ ਹਨ ਜਦ ਕਿ ਕੁਝ ਤਾਂ ਖੁੱਲ੍ਹੇਆਮ ਇਹ ਸਾਮਾਨ ਵੇਚ ਰਹੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਛੋਟੀ ਉਮਰ ਦੇ ਬੱਚਿਆਂ ਨੂੰ ਇਹ ਤੰਬਾਕੂ ਉਤਪਾਦਨ ਵੇਚਣ ਜਾਂ ਸਿੱਖਿਅਕ ਸੰਸਥਾਵਾਂ ਦੇ ਕੋਲ ਇਸ ਤਰ੍ਹਾਂ ਦਾ ਸਾਮਾਨ ਵੇਚਣ ਸੰਬੰਧੀ ਕਿਸੇ ਵੀ ਪੁਲਸ ਸਟੇਸ਼ਨ 'ਚ ਅੱਜ ਤਕ ਇਕ ਵੀ ਕੇਸ ਦਰਜ ਨਹੀਂ ਹੋਇਆ ਹੈ।
ਪਰਿਵਾਰਕ ਮੈਂਬਰ ਵੀ ਦੇਣ ਪੁਲਸ ਨੂੰ ਇਸ ਸੰਬੰਧੀ ਜਾਣਕਾਰੀ
ਇਸ ਸੰਬੰਧੀ ਕੁਝ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਦਾਸਪੁਰ ਸ਼ਹਿਰ ਸਮੇਤ ਦੀਨਾਨਗਰ, ਪਠਾਨਕੋਟ, ਬਟਾਲਾ, ਕਲਾਨੌਰ ਆਦਿ ਸ਼ਹਿਰਾਂ 'ਚ ਕੁਝ ਖਾਸ ਢਾਬੇ ਤੇ ਰੈਸਟੋਰੈਂਟ ਚਲ ਰਹੇ ਹਨ ਜੋ ਛੋਟੀ ਉਮਰ ਦੇ ਬੱਚਿਆਂ ਨੂੰ ਤੰਬਾਕੂ ਤੋਂ ਤਿਆਰ ਚੀਜ਼ਾਂ ਦੇ ਇਸਤੇਮਾਲ ਦੀ ਇਜਾਜ਼ਤ ਦੇਣ ਦੇ ਨਾਲ-ਨਾਲ ਖੁਦ ਵੀ ਉਹ ਸਾਮਾਨ ਬਾਜ਼ਾਰ ਤੋਂ ਮਹਿੰਗੇ ਭਾਅ 'ਚ ਵੇਚਦੇ ਹਨ। ਇਸ ਸੰਬੰਧੀ ਜੇਕਰ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਕੋਈ ਜਾਣਕਾਰੀ ਹੈ ਤਾਂ ਉਹ ਪੁਲਸ ਦੀ ਇਸ ਸੰਬੰਧੀ ਪੂਰੀ ਸਹਾਇਤਾ ਕਰਨ।
ਜਾਣਕਾਰੀ ਦਿੱਤੇ ਜਾਣ ਦੇ ਬਾਵਜੂਦ ਨਹੀਂ ਹੁੰਦੀ ਹੈ ਕਾਰਵਾਈ
ਸਿੱਖਿਅਕ ਸੰਸਥਾਵਾਂ ਦੇ ਪਿੰ੍ਰਸੀਪਲ ਨੇ ਦੋਸ਼ ਲਗਾਇਆ ਕਿ ਉਹ ਕੁਝ ਦੁਕਾਨਦਾਰਾਂ ਵਲੋਂ ਸਿੱਖਿਅਕ ਸੰਸਥਾਵਾਂ ਦੇ ਕੋਲ ਇਸ ਤਰ੍ਹਾਂ ਦਾ ਸਾਮਾਨ ਵੇਚਣ ਸੰਬੰਧੀ ਕਈ ਵਾਰ ਪ੍ਰਸ਼ਾਸਨ ਨੂੰ ਸੂਚਿਤ ਕਰ ਚੁੱਕੇ ਹਨ। ਪਠਾਨਕੋਟ ਦੀਅੰ ਕੁਝ ਸਿੱਖਿਅਕ ਸੰਸਥਾਵਾਂ ਦੇ ਪ੍ਰਿੰਸੀਪਲ ਨੇ ਦੋਸ਼ ਲਗਾਇਆ ਕਿ ਇਸ ਮਾਮਲੇ 'ਚ ਪੁਲਸ ਨੂੰ ਲਿਖਤ ਤੌਰ 'ਤੇ ਸੂਚਿਤ ਕੀਤੇ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੁੰਦੀ ਤੇ ਉਲਟਾ ਦੁਕਾਨਦਾਰਾਂ ਨਾਲ ਸਾਡਾ ਝਗੜਾ ਹੋ ਜਾਂਦਾ ਹੈ। ਇਸ ਤਰ੍ਹਾਂ ਗੁਰਦਾਸਪੁਰ ਦੀਆਂ ਸਿੱਖਿਅਕ ਸੰਸਥਾਵਾਂ ਸਮੇਤ ਰੈਡ-ਕ੍ਰਾਸ ਨਸ਼ਾਮੁਕਤ ਸੈਂਟਰ ਵਲੋਂ ਵੀ ਪੁਲਸ ਨੂੰ ਸਮੇਂ-ਸਮੇਂ 'ਤੇ ਸਾਰੀ ਜਾਣਕਾਰੀ ਦਿੱਤੇ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੁੰਦੀ।
