ਕੇਸ ਵਾਪਸ ਕਰਵਾਉਣ ਲਈ ਥਾਣੇ ਸੱਦ ਕੇ ਚਾੜ੍ਹਿਆ ਕੁਟਾਪਾ

Tuesday, Jan 30, 2018 - 07:30 AM (IST)

ਕੇਸ ਵਾਪਸ ਕਰਵਾਉਣ ਲਈ ਥਾਣੇ ਸੱਦ ਕੇ ਚਾੜ੍ਹਿਆ ਕੁਟਾਪਾ

ਪਟਿਆਲਾ, (ਜੋਸਨ)- ਜ਼ਿਲੇ ਅਧੀਨ ਆਉਂਦੇ ਥਾਣਾ ਸਦਰ ਪਾਤੜਾਂ ਪੁਲਸ ਦੀ ਕੁੱਟ-ਮਾਰ ਦੇ ਸ਼ਿਕਾਰ ਗਿੰਦਰ ਸਿੰਘ ਵਾਸੀ ਪਿੰਡ ਦੁਗਾਲ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਦਾਖਲ ਕਰਵਾਇਆ ਗਿਆ ਹੈ। 
ਜਾਣਕਾਰੀ ਦਿੰਦਿਆਂ ਗਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਡੀ. ਐੈੱਸ. ਪੀ. ਖਿਲਾਫ ਇਕ ਕੰਪਲੇਂਟ ਕੇਸ ਅਦਾਲਤ ਸਮਾਣਾ ਵਿਖੇ ਪਾਇਆ ਹੋਇਆ ਹੈ, ਜਿਸਨੂੰ ਵਾਪਸ ਕਰਾਉਣ ਲਈ ਮੇਰੇ 'ਤੇ ਦਬਾਅ ਬਣਾਇਆ ਜਾ ਰਿਹਾ ਹੈ। ਬੀਤੇ ਦਿਨੀਂ ਵੀ ਇਸੇ ਸਿਲਸਿਲੇ ਵਿਚ ਮੈਨੂੰ ਥਾਣੇ ਸੱਦ ਕੇ ਕੁੱਟ-ਮਾਰ ਕੀਤੀ ਗਈ। ਧਮਕਾਇਆ ਗਿਆ ਕਿ ਜੇਕਰ ਡੀ. ਐੈੱਸ. ਪੀ. ਖਿਲਾਫ ਪਾਇਆ ਕੇਸ ਵਾਪਸ ਨਾ ਲਿਆ ਤਾਂ ਤੇਰੇ ਖਿਲਾਫ ਕੋਈ ਵੀ ਝੂਠ ਕੇਸ ਪਾ ਕੇ ਤੈਨੂੰ ਜੇਲ ਭੇਜ ਦਿੱਤਾ ਜਾਏਗਾ। 
ਉਕਤ ਪੀੜਤ ਨੇ ਦੱਸਿਆ ਕਿ ਉਹ ਪਿੰਡ ਦੀ ਗੁੱਗਾ ਮਾੜੀ 'ਤੇ ਸੇਵਾ ਕਰਦਾ ਹੈ, ਜਦੋਂ ਪਾਤੜਾਂ-ਸੰਗਰੂਰ ਮੁੱਖ ਹਾਈਵੇ ਬਣ ਰਿਹਾ ਸੀ ਤਾਂ ਅਸੀਂ ਮੰਗ ਕਰ ਰਹੇ ਸੀ ਕਿ ਗੁੱਗਾ ਮਾੜੀ ਨੂੰ ਰਸਤਾ ਦੇਣ ਵਾਸਤੇ ਪੁਲ ਦਾ ਨਿਰਮਾਣ ਕਰਵਾਇਆ ਜਾਵੇ। ਇਸ ਸਬੰਧੀ ਅਸੀਂ ਕਈ ਵਾਰ ਧਰਨੇ ਵੀ ਲਾਏ। ਉਸ ਨੇ ਦੱਸਿਆ ਕਿ ਇਕ ਦਿਨ ਡੀ. ਐੈੱਸ. ਪੀ. ਨੇ ਆ ਕੇ ਸਾਨੂੰ ਜਾਤੀ ਸੂਚਕ ਸ਼ਬਦ ਬੋਲੇ ਅਤੇ ਸਾਨੂੰ ਡਾਂਗਾਂ ਮਾਰ ਕੇ ਭਜਾ ਦਿੱਤਾ। ਅਸੀਂ ਕਈ ਵਾਰ ਉੱਚ ਅਧਿਕਾਰੀਆਂ ਕੋਲ ਵੀ ਗਏ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ। ਅਖੀਰ ਅਦਾਲਤ ਸਮਾਣਾ ਵਿਖੇ ਕੇਸ ਦਾਇਰ ਕਰ ਦਿੱਤਾ, ਜੋ ਕਿ ਵਿਚਾਰ ਅਧੀਨ ਹੈ। ਹੁਣ ਇਸ ਕੇਸ ਨੂੰ ਵਾਪਸ ਕਰਾਉਣ ਲਈ ਮੇਰੇ 'ਤੇ ਦਬਾਅ ਬਣਾਇਆ ਜਾ ਰਿਹਾ ਹੈ। ਉਸਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਥਾਣਾ ਸਦਰ ਦੇ ਮੁਖੀ ਸਮੇਤ ਧਮਕਾਉਣ ਵਾਲੇ ਸਟਾਫ ਅਤੇ ਡੀ. ਐੱਸ. ਪੀ. ਦਾ ਤਬਾਦਲਾ ਕੀਤਾ ਜਾਵੇ, ਨਹੀਂ ਤਾਂ ਮੇਰਾ ਅਤੇ ਮੇਰੇ ਪਰਿਵਾਰ ਦਾ ਕੋਈ ਵੀ ਨੁਕਸਾਨ ਕੀਤਾ ਜਾ ਸਕਦਾ ਹੈ।
ਥਾਣੇ ਸੱਦਿਆ ਸੀ ਪਰ ਕੁੱਟ-ਮਾਰ ਨਹੀਂ ਕੀਤੀ: ਐੈੱਸ. ਐੈੱਚ. ਓ.
ਪਟਿਆਲਾ, (ਜੋਸਨ)- ਇਸ ਸਬੰਧੀ ਥਾਣਾ ਸਦਰ ਪਾਤੜਾਂ ਦੇ ਐੈੱਸ. ਐੈੱਚ. ਓ. ਇੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਨੂੰ ਥਾਣੇ ਸੱਦਿਆ ਸੀ ਪਰ ਉਸਦੀ ਕੁੱਟ-ਮਾਰ ਨਹੀਂ ਕੀਤੀ। ਇਹ ਪਹਿਲਾਂ ਹੀ ਬੀਮਾਰ ਹੋਣ ਕਾਰਨ ਬੇਹੋਸ਼ ਹੋ ਗਿਆ। 
ਗਿੰਦਰ ਸਿੰਘ ਨੂੰ ਬੁਲਾਉਣ ਦੇ ਕਾਰਨ ਬਾਰੇ ਪੁੱਛਣ 'ਤੇ ਉਹ ਗੱਲ ਗੋਲ-ਮੋਲ ਕਰਦੇ ਹੋਏ ਕਹਿ ਗਏ ਕਿ ਉਸ ਨੂੰ ਕਿਸੇ ਕੇਸ ਸਬੰਧੀ ਜਾਣਕਾਰੀ ਲੈਣ ਲਈ ਸੱਦਿਆ ਸੀ। ਉਸ ਖਿਲਾਫ ਕੋਈ ਵੀ ਕੇਸ ਨਹੀਂ ਹੈ।


Related News