ਸੀਵਰੇਜ ਪ੍ਰਾਜੈਕਟਾਂ ਨੂੰ ਪੂਰਾ ਕਰਨ ਲਈ 1540.90 ਕਰੋੜ ਰੁਪਏ ਜਾਰੀ : ਨਵਜੋਤ ਸਿੱਧੂ
Monday, Feb 05, 2018 - 07:10 AM (IST)

ਜਲੰਧਰ (ਚੋਪੜਾ) - ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰ ਨੇ ਚੱਲ ਰਹੇ ਸੀਵਰੇਜ ਪ੍ਰਾਜੈਕਟਾਂ ਲਈ 1540.90 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਹਨ। ਸਥਾਨਕ ਸਰਕਟ ਹਾਊਸ 'ਚ ਸੂਬਾ ਕਾਂਗਰਸ ਦੇ ਪ੍ਰਧਾਨ ਨਾਲ ਰੂ-ਬਰੂ ਹੋਣ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਪਹਿਲਾਂ ਤੋਂ ਚੱਲ ਰਹੇ ਇਨ੍ਹਾਂ ਪ੍ਰਾਜੈਕਟਾਂ 'ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ 600 ਕਰੋੜ ਰੁਪਏ ਖਰਚ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ 'ਤੇ ਖਰਚ ਹੋਣ ਵਾਲੇ 2108.50 ਕਰੋੜ ਰੁਪਏ ਨਾਲ ਇਕ ਪਾਸੇ ਜਿਥੇ ਸੂਬੇ 'ਚ ਵਿਕਾਸ ਰਫਤਾਰ ਫੜੇਗਾ, ਉਥੇ ਦੂਸਰੇ ਪਾਸੇ ਲੋਕਾਂ ਨੂੰ ਵਧੀਆ ਮੁੱਢਲੀਆਂ ਸਹੂਲਤਾਂ ਵੀ ਮੁਹੱਈਆ ਹੋਣਗੀਆਂ।
ਸਿੱਧੂ ਨੇ ਦੱਸਿਆ ਕਿ ਇਸ ਰਕਮ ਵਿਚੋਂ ਜਲੰਧਰ ਜ਼ਿਲੇ ਵਿਚ 141.53 ਕਰੋੜ ਰੁਪਏ ਖਰਚ ਹੋਣਗੇ ਅਤੇ ਇਨ੍ਹਾਂ ਲਈ 64.97 ਕਰੋੜ ਰੁਪਏ ਦੇ ਫੰਡ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਾਜੈਕਟਾਂ ਨੂੰ ਪੂਰਾ ਕਰਨ ਲਈ ਜਲੰਧਰ ਸ਼ਹਿਰ ਲਈ 51.30 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਅਤੇ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਨੂੰ ਵੀ ਫੰਡ ਜਾਰੀ ਕੀਤੇ ਜਾ ਰਹੇ ਹਨ ਜਿਨ੍ਹਾਂ ਵਿਚ ਆਦਮਪੁਰ ਨੂੰ 17.78 ਕਰੋੜ, ਨਕੋਦਰ ਨੂੰ 37.43 ਕਰੋੜ, ਗੁਰਾਇਆ ਨੂੰ 10.81 ਕਰੋੜ, ਕਰਤਾਰਪੁਰ ਨੂੰ 8.84 ਕਰੋੜ, ਸ਼ਾਹਕੋਟ ਨੂੰ 8.70 ਕਰੋੜ, ਮਹਿਤਪੁਰ ਨੂੰ 5.90 ਕਰੋੜ, ਫਿਲੌਰ ਨੂੰ 44 ਲੱਖ, ਅਲਾਵਲਪੁਰ ਨੂੰ 33 ਲੱਖ, ਭੋਗਪੁਰ ਨੂੰ 69 ਲੱਖ ਰੁਪਏ ਦਿੱਤੇ ਗਏ ਹਨ।
ਸਿੱਧੂ ਨੇ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਦੀ ਗੁਣਵੱਤਾ ਪਰਖਣ ਲਈ ਯੂਨੀਵਰਸਿਟੀਆਂ ਤੇ ਕਾਲਜਾਂ ਵਿਚੋਂ ਨੌਜਵਾਨ ਇੰਜੀਨੀਅਰਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸ਼ਹਿਰੀ ਇਲਾਕਿਆਂ ਵਿਚ ਵਿਕਾਸ ਪ੍ਰਾਜੈਕਟਾਂ ਸਬੰਧੀ ਮੁਕੰਮਲ ਜਾਣਕਾਰੀ ਆਮ ਜਨਤਾ ਨੂੰ ਮੁਹੱਈਆ ਕਰਵਾਉਣ ਲਈ ਬੋਰਡ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ ਤੇ ਨਗਰ ਨਿਗਮ ਵੱਲੋਂ ਕਰਵਾਏ ਗਏ ਇਨ੍ਹਾਂ ਪ੍ਰਾਜੈਕਟਾਂ ਲਈ ਥਰਡ ਪਾਰਟੀ ਆਡਿਟ ਵੀ ਜਲਦੀ ਹੋਵੇਗਾ। ਇਸ ਮੌਕੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ, ਵਿਧਾਇਕ ਸੁਸ਼ੀਲ ਰਿੰਕੂ, ਵਿਧਾਇਕ ਪਰਗਟ ਸਿੰਘ, ਵਿਧਾਇਕ ਰਜਿੰਦਰ ਬੇਰੀ, ਨਗਰ ਨਿਗਮ ਦੇ ਮੇਅਰ ਜਗਦੀਸ਼ ਰਾਜ ਰਾਜਾ, ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ, ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ, ਸਾਬਕਾ ਵਿਧਾਇਕ ਜਗਬੀਰ ਬਰਾੜ ਤੇ ਹੋਰ ਮੌਜੂਦ ਸਨ।
ਵਿਭਾਗ ਮੇਰੇ ਕੋਲ ਹੁੰਦਾ ਤਾਂ ਨਾਜਾਇਜ਼ ਖੋਦਾਈ ਰੋਕ ਕੇ ਦਿਖਾਉਂਦਾ : ਸਿੱਧੂ
ਜੇਕਰ ਵਿਭਾਗ ਮੇਰੇ ਕੋਲ ਹੁੰਦਾ ਤਾਂ ਨਾਜਾਇਜ਼ ਖੋਦਾਈ ਨੂੰ ਰੋਕ ਕੇ ਦਿਖਾ ਦਿੰਦਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸਿੱਧੂ ਨੇ ਪ੍ਰੈੱਸ ਕਾਨਫਰੰਸ ਵਿਚ ਕੀਤਾ। ਜ਼ਿਕਰਯੋਗ ਹੈ ਕਿ ਰਾਣਾ ਗੁਰਜੀਤ ਸਿੰਘ ਦੀ ਕੈਬਨਿਟ ਵਿਚੋਂ ਛੁੱਟੀ ਹੋਣ ਮਗਰੋਂ ਉਕਤ ਵਿਭਾਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਹੈ ਅਤੇ ਸਿੱਧੂ ਨੇ ਕੈਪਟਨ ਨੂੰ ਹੁਣ ਸਵਾਲਾਂ ਦੇ ਘੇਰੇ ਵਿਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿਰਫ ਮਾਈਨਿੰਗ ਤੋਂ ਸੂਬਾ ਸਰਕਾਰ ਦੇ ਖਜ਼ਾਨੇ ਵਿਚ 1500 ਕਰੋੜ ਰੁਪਏ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਗੁਆਂਢੀ ਸੂਬੇ ਹਿਮਾਚਲ 'ਚ ਨਾਜਾਇਜ਼ ਮਾਈਨਿੰਗ ਰੁਕ ਸਕਦੀ ਹੈ ਤਾਂ ਪੰਜਾਬ ਵਿਚ ਕੀ ਮੁਸ਼ਕਲ ਹੈ। ਸਿੱਧੂ ਨੇ ਕਿਹਾ ਕਿ ਉਹ ਇਹ ਮਾਮਲਾ ਜ਼ੋਰਦਾਰ ਢੰਗ ਨਾਲ ਜਲਦੀ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਹਮਣੇ ਉਠਾਉਣਗੇ। ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਲੱਗਭਗ 1008 ਕਰੈਸ਼ਰ ਹਨ, ਜਿਨ੍ਹਾਂ ਰਾਹੀਂ ਰੇਤ-ਬੱਜਰੀ ਦੀ ਖੋਦਾਈ ਕੀਤੀ ਜਾ ਰਹੀ ਹੈ ਅਤੇ ਹਿਮਾਚਲ ਵਾਂਗ ਇਥੇ ਵੀ ਕਰੈਸ਼ਰ 'ਤੇ ਪ੍ਰਤੀ ਯੂਨਿਟ ਬਿਜਲੀ ਦਾ ਰੇਟ ਲਾਉਣਾ ਚਾਹੀਦਾ ਹੈ, ਜਿਸ ਨਾਲ ਨਾਜਾਇਜ਼ ਮਾਈਨਿੰਗ ਬੰਦ ਹੋ ਸਕਦੀ ਹੈ। ਸਿੱਧੂ ਨੇ ਕਿਹਾ ਕਿ ਰੇਤ ਦੀ ਖੋਦਾਈ ਤੋਂ ਪਿਛਲੀ ਸਰਕਾਰ ਜਿਥੇ ਪੂਰੇ ਸਾਲ ਵਿਚ 40 ਕਰੋੜ ਰੁਪਏ ਜਮ੍ਹਾ ਕਰਵਾਉਂਦੀ ਸੀ, ਉਥੇ ਹੁਣ ਕਾਂਗਰਸ ਸਰਕਾਰ 400 ਕਰੋੜ ਰੁਪਏ ਜਮ੍ਹਾ ਕਰਵਾ ਰਹੀ ਹੈ।