ਟਿੱਪਰ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਸਵਾਰ ਦੀ ਦਰਦਨਾਕ ਮੌਤ

Monday, Mar 07, 2022 - 03:54 PM (IST)

ਟਿੱਪਰ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਸਵਾਰ ਦੀ ਦਰਦਨਾਕ ਮੌਤ

ਸ੍ਰੀ ਕੀਰਤਪੁਰ ਸਾਹਿਬ (ਬਾਲੀ) : ਪੁਰਾਣਾ ਬਸ ਅੱਡਾ ਸ੍ਰੀ ਕੀਰਤਪੁਰ ਸਾਹਿਬ ਦੇ ਨਾਲ ਸੜਕ ਦੇ ਕਿਨਾਰੇ ਉਪਰ ਸਥਿਤ ਸਬਜ਼ੀ ਮੰਡੀ ਮੁੱਖ ਮਾਰਗ ’ਤੇ ਬੀਤੀ ਦੇਰ ਸ਼ਾਮ ਇਕ ਟਿੱਪਰ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਵਿਚੋਂ ਇਕ ਦੀ ਮੌਕੇ ’ਤੇ ਹੀ ਮੌਤ ਹੋ ਜਾਣ ਅਤੇ ਦੂਜੇ ਦੇ ਗੰਭੀਰ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਫ਼ਤੀਸ਼ੀ ਅਫ਼ਸਰ ਏ.ਐੱਸ.ਆਈ ਬਲਵੀਰ ਚੰਦ ਨੇ ਦੱਸਿਆ ਕਿ ਐਤਵਾਰ ਦੀ ਦੇਰ ਸ਼ਾਮ ਕਰੀਬ ਸਾਢੇ ਸੱਤ ਵਜੇ ਇਕ ਟਿੱਪਰ ਨੰਬਰ ਐੱਚ.ਪੀ 72- 4665 ਵੱਲੋਂ ਆਪਣੇ ਅੱਗੇ ਜਾ ਰਹੇ ਮੋਟਰਸਾਈਕਲ ਨੰਬਰ ਐੱਚ.ਪੀ 12 ਜੇ 2981 ਨੂੰ ਪਿੱਛੋਂ ਫੇਟ ਮਾਰ ਦਿੱਤੀ ਜਿਸ ਨਾਲ ਮੋਟਰਸਾਈਕਲ ਸਵਾਰ ਪਰਸ਼ੋਤਮ ਲਾਲ(47) ਪੁੱਤਰ ਪਹੂ ਲਾਲ ਵਾਸੀ ਪਿੰਡ ਰਤਿਊੜ ਥਾਣਾ ਨਾਲਾਗੜ੍ਹ ਦੀ ਟਿੱਪਰ ਦੇ ਪਿਛਲੇ ਟਾਇਰਾਂ ਹੇਠ ਆ ਜਾਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਮੋਟਰਸਾਈਕਲ ਚਾਲਕ ਹੰਸਰਾਜ (48) ਪੁੱਤਰ ਰਾਮਨਾਥ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਜਿਸ ਨੂੰ ਪਹਿਲਾਂ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਸਿਵਲ ਹਸਪਤਾਲ ਰੂਪਨਗਰ ਲਈ ਰੈਫਰ ਕਰ ਦਿੱਤਾ। ਏ.ਐਸ.ਆਈ ਬਲਵੀਰ ਚੰਦ ਨੇ ਦੱਸਿਆ ਕਿ ਟਿੱਪਰ ਚਾਲਕ ਟਿੱਪਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਪ੍ਰਸ਼ੋਤਮ ਲਾਲ ਦੇ ਰਿਸ਼ਤੇਦਾਰਾਂ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਟਿੱਪਰ ਚਾਲਕ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।

ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਹਾਦਸੇ ਬਾਰੇ ਸਬਜ਼ੀ ਮੰਡੀ ਵਿਚ ਆੜ੍ਹਤ ਕਰਨ ਵਾਲੇ ਦੁਕਾਨਦਾਰਾਂ ਵੱਲੋਂ ਸੜਕ ਦੇ ਕਿਨਾਰੇ ਅਤੇ ਉਸ ਦੇ ਉਪਰ ਰੱਖੀਆਂ ਗਈਆਂ ਸਬਜ਼ੀ ਦੀਆਂ ਬੋਰੀਆਂ ਨੂੰ ਵੀ ਮੰਨਿਆ ਜਾ ਰਿਹਾ ਹੈ ਕਿਉਂਕਿ ਸੜਕ ’ਤੇ ਆਲੂ ਅਤੇ ਹੋਰ ਸਬਜ਼ੀ ਦੀਆਂ ਬੋਰੀਆਂ ਪਈਆਂ ਹੋਣ ਕਾਰਨ ਦੋ ਪਹੀਆ ਵਾਹਨ ਚਾਲਕ ਲਈ ਸੜਕ ਤੋਂ ਲੰਘਣਾ ਸੌਖਾ ਨਹੀਂ ਰਹਿੰਦਾ। ਤੜਕਸਾਰ ਤੋਂ ਸਬਜ਼ੀ ਮੰਡੀ ਵੀ ਸੜਕ ਵਿਚਕਾਰ ਹੀ ਲੱਗੀ ਹੁੰਦੀ ਹੈ ਜਿਸ ਕਾਰਨ ਅਕਸਰ ਇੱਥੇ ਸਵੇਰ ਸਮੇਂ ਜਾਮ ਲੱਗਾ ਰਹਿੰਦਾ ਹੈ। ਇਸ ਤੋਂ ਇਲਾਵਾ ਸ਼ਾਮ ਸਮੇਂ ਵੀ ਇੱਥੇ ਸਬਜ਼ੀ ਆਉਣੀ ਸ਼ੁਰੂ ਹੋ ਜਾਂਦੀ ਹੈ ਜਿਸ ਨੂੰ ਸੜਕ ਉਪਰ ਰੱਖ ਦਿੱਤਾ ਜਾਂਦਾ ਹੈ। ਲੋਕਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਸਬਜ਼ੀ ਮੰਡੀ ਨੂੰ ਇੱਥੋਂ ਕਿਤੇ ਹੋਰ ਪਾਸੇ ਸ਼ਿਫਟ ਕੀਤਾ ਜਾਵੇ।

ਕੀ ਕਹਿਣਾ ਹੈ ਥਾਣਾ ਮੁੱਖੀ ਦਾ
ਇਸ ਸਬੰਧੀ ਪੁਲਸ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ.ਐੱਚ.ਓ ਇੰਸਪੈਕਟਰ ਸੁਮਿਤ ਮੋਰ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿਹੜੇ ਵੀ ਸਬਜ਼ੀ ਮੰਡੀ ਦੀਆਂ ਦੁਕਾਨਾਂ ਕਰਨ ਵਾਲੇ ਲੋਕ ਹਨ ,ਉਨ੍ਹਾਂ ਨੂੰ ਹਦਾਇਤ ਕੀਤੀ ਜਾ ਰਹੀ ਹੈ ਕਿ ਉਹ ਸੜਕ ਦੇ ਕਿਨਾਰੇ ਆਪਣੀ ਸਬਜ਼ੀ ਅਤੇ ਆਲੂ ਦੀਆਂ ਬੋਰੀਆਂ ਨਾ ਰੱਖਣ ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।


author

Gurminder Singh

Content Editor

Related News