ਟਾਈਲ ਫੈਕਟਰੀ ''ਚ ਮਸ਼ੀਨ ਚੱਲਣ ਨਾਲ ਘਰਾਂ ਦੀਆਂ ਕੰਧਾਂ ''ਚ ਤਰੇੜਾਂ
Friday, Feb 16, 2018 - 04:23 PM (IST)
ਚੰਡੀਗੜ੍ਹ (ਬਰਜਿੰਦਰ)—ਸ੍ਰੀ ਮੁਕਤਸਰ ਸਾਹਿਬ 'ਚ ਇਕ ਇੰਟਰਲਾਕ ਟਾਈਲ ਫੈਕਟਰੀ 'ਚ ਮਸ਼ੀਨ ਚੱਲਣ ਨਾਲ ਨੇੜੇ ਘਰਾਂ ਦੀਆਂ ਕੰਧਾਂ ਵਿਚ ਤਰੇੜਾਂ ਆ ਗਈਆਂ ਹਨ, ਉਥੇ ਹੀ ਇਹ ਫੈਕਟਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਮਨਜ਼ੂਰੀ ਦੇ ਬਿਨਾਂ ਹੀ ਰਿਹਾਇਸ਼ੀ ਇਲਾਕੇ 'ਚ ਖੋਲ੍ਹੀ ਗਈ ਹੈ। ਅਜਿਹੇ 'ਚ ਇਸ ਫੈਕਟਰੀ ਨੂੰ ਇਥੋਂ ਹਟਾਇਆ ਜਾਣਾ ਚਾਹੀਦਾ ਹੈ। ਆਪਣੀ ਇਸ ਮੰਗ ਲਈ ਸ੍ਰੀ ਮੁਕਤਸਰ ਸਾਹਿਬ ਨਿਵਾਸੀ ਸੰਦੀਪ ਕੁਮਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਇਕ ਪਟੀਸ਼ਨ ਦਾਖਲ ਕੀਤੀ ਹੈ, ਜਿਸ 'ਚ ਪੰਜਾਬ ਸਰਕਾਰ, ਡਾਇਰੈਕਟਰ, ਲੋਕਲ ਬਾਡੀਜ਼, ਚੇਅਰਮੈਨ ਪੰਜਾਬ ਪਾਲਿਊਸ਼ਨ ਕੰਟਰੋਲ ਬੋਰਡ, ਡੀ. ਸੀ. ਸ੍ਰ੍ਰੀ ਮੁਕਤਸਰ ਸਾਹਿਬ ਤੇ ਗੁਰਕਿਰਪਾ ਟਾਈਲ ਫੈਕਟਰੀ ਦੇ ਰਮੇਸ਼ ਕੁਮਾਰ ਸ੍ਰੀ ਮੁਕਤਸਰ ਸਾਹਿਬ ਨੂੰ ਪਾਰਟੀ ਬਣਾਇਆ ਹੈ। ਜਸਟਿਸ ਏ. ਕੇ. ਮਿੱਤਲ ਤੇ ਜਸਟਿਸ ਏ. ਐੱਸ. ਗਰੇਵਾਲ ਦੀ ਡਵੀਜ਼ਨ ਬੈਂਚ ਨੇ ਮਾਮਲੇ 'ਚ ਇਸਤਗਾਸਾ ਧਿਰ ਨੂੰ 16 ਮਾਰਚ ਲਈ ਨੋਟਿਸ ਜਾਰੀ ਕੀਤਾ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਇਸਤਗਾਸਾ ਰਮੇਸ਼ ਕੁਮਾਰ ਨੇ ਰਾਮ ਨਗਰ 'ਚ ਵਾਰਡ ਨੰਬਰ 4 'ਚ ਇੰਟਰਲਾਕ ਟਾਈਲ ਫੈਕਟਰੀ ਸਥਾਪਤ ਕੀਤੀ ਹੋਈ ਹੈ। ਇਸ ਨੂੰ ਗੈਰ-ਕਾਨੂੰਨੀ ਦੱਸਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਮਨਜ਼ੂਰੀ ਦੇ ਬਿਨਾਂ ਸਥਾਪਿਤ ਕੀਤਾ ਦੱਸਿਆ ਗਿਆ ਹੈ। ਪਟੀਸ਼ਨਰ ਧਿਰ ਵਲੋਂ ਐਡਵੋਕੇਟ ਬਲਜਿੰਦਰ ਸਿੰਘ ਸਿੰਘਵੀ ਨੇ ਦਲੀਲਾਂ ਰੱਖੀਆਂ ਕਿ ਜਦੋਂ ਇੱਥੇ ਫੈਕਟਰੀ 'ਚ ਟਾਈਲਾਂ ਦੀ ਮਸ਼ੀਨ ਚੱਲਦੀ ਹੈ ਤਾਂ ਕਾਫੀ ਰੌਲਾ, ਕੰਪਨਸੇਸ਼ਨ (ਕਾਂਬਾ) ਤੇ ਧੂੜ ਪ੍ਰਦੂਸ਼ਣ ਪੈਦਾ ਕਰਦੀ ਹੈ। ਫੈਕਟਰੀ ਦੇ ਨੇੜੇ ਰਹਿਣ ਵਾਲੇ ਲੋਕਾਂ ਦੇ ਘਰਾਂ ਵਿਚ ਤਰੇੜਾਂ ਆ ਗਈਆਂ ਹਨ। ਇਥੇ ਲੋਕਾਂ ਦਾ ਰਹਿਣਾ ਤੇ ਸੌਣਾ ਮੁਸ਼ਕਲ ਹੋ ਗਿਆ ਹੈ। ਕੇਵਲ ਇਕ ਸਾਲ ਪਹਿਲਾਂ ਇਹ ਫੈਕਟਰੀ ਰਿਹਾਇਸ਼ੀ ਇਲਾਕੇ 'ਚ ਸਥਾਪਤ ਕੀਤੀ ਗਈ ਸੀ। ਸਬੰਧਤ ਅਥਾਰਿਟੀਜ਼ ਨੂੰ ਕਈ ਵਾਰ ਇਸ ਸਬੰਧ ਮੰਗ ਪੱਤਰ ਦਿੱਤੇ ਗਏ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਅਜਿਹੇ 'ਚ ਇਸ ਫੈਕਟਰੀ ਨੂੰ ਇਥੋਂ ਹਟਾਉਣ ਦੀ ਮੰਗ ਕੀਤੀ ਗਈ ਹੈ, ਜਿਸ ਕਾਰਨ ਲੋਕਾਂ ਦੇ ਘਰਾਂ ਦੀਆਂ ਕੰਧਾਂ ਤੇ ਛੱਤਾਂ 'ਚ ਭਾਰੀ ਤਰੇੜਾਂ ਆ ਗਈਆਂ ਹਨ। ਉਥੇ ਹੀ ਲੋਕਾਂ ਦੇ ਘਰਾਂ ਦੇ ਨੁਕਸਾਨੇ ਜਾਣ 'ਤੇ ਮੁਆਵਜ਼ੇ ਦੀ ਮੰਗ ਵੀ ਰੱਖੀ ਗਈ ਹੈ।