ਖੇਤੀ ਵਿਰੋਧੀ ਕਾਲੇ ਕਾਨੂੰਨਾਂ ਤੋਂ ਪ੍ਰੇਸ਼ਾਨ ਗਰੀਬ ਮਜ਼ਦੂਰ ਦੀ ਟਿਕਰੀ ਬਾਰਡਰ ’ਤੇ ਮੌਤ
Wednesday, Jun 30, 2021 - 05:32 PM (IST)
ਤਪਾ ਮੰਡੀ (ਸ਼ਾਮ,ਗਰਗ) : ਕੇਂਦਰ ਸਰਕਾਰ ਦੇ ਖੇਤੀ ਵਿਰੋਧੀ ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਲਈ ਟਿਕਰੀ ਬਾਰਡਰ ’ਤੇ ਚੱਲ ਰਹੇ ਕਿਸਾਨ- ਮਜ਼ਦੂਰ ਅੰਦੋਲਨ ’ਚ ਇਕ ਹਫਤੇ ਤੋਂ ਗਏ ਹੋਏ ਪਿੰਡ ਮਹਿਤਾ(ਤਪਾ) ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਹੋ ਗਈ। ਭਾਕਿਯੂ ਉਗਰਾਹਾਂ ਜਥੇਬੰਦੀ ਦਾ ਵਰਕਰ ਦਿੱਲੀ ਕਿਸਾਨ ਮਜ਼ਦੂਰਾਂ ਦੇ ਚੱਲ ਰਹੇ ਸਾਂਝੇ ਅੰਦੋਲਨ ’ਚ ਭਾਗ ਲੈਣ ਲਈ ਜਾਂਦਾ ਰਹਿੰਦਾ ਸੀ, ਜਿਸ ਵਿਚ ਹਫਤਾ ਕੁ ਪਹਿਲਾਂ ਹੀ ਗਏ ਜਥੇ ’ਚ ਪਿੰਡ ਮਹਿਤਾ ਦਾ ਕਿਸਾਨ ਰਾਜਿੰਦਰ ਕੁਮਾਰ ਪੁੱਤਰ ਹੰਸ ਰਾਜ ਆਪਣੇ ਹੋਰ ਦੋ ਭਰਾਵਾਂ ਨਾਲ ਰਹਿੰਦਾ ਸੀ। ਬੀਤੀ ਰਾਤ ਉਸਨੂੰ ਦਿਲ ਦਾ ਦੌਰਾ ਪਿਆ, ਜਿਸ ’ਤੇ ਕਿਸਾਨ ਆਗੂਆਂ ਵਲੋਂ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ ਗਿਆ ਪਰ ਉਸਦੀ ਮੌਤ ਹੋ ਗਈ।
ਉਸਦੇ ਸਾਥੀ ਕਿਸਾਨ ਆਗੂਆਂ ਦੱਸਿਆ ਕਿ ਰਾਜਿੰਦਰ ਕੁਮਾਰ ਕੋਲ ਨਾਮਾਤਰ ਹੀ ਜ਼ਮੀਨ ਸੀ ਅਤੇ ਉਹ ਪਿੰਡ ਦੇ ਹੋਰ ਕਿਸਾਨਾਂ ਦੇ ਖੇਤਾਂ ’ਚ ਮਿਹਨਤ-ਮਜ਼ਦੂਰੀ ਕਰਦਾ ਸੀ। ਪਰਿਵਾਰਿਕ ਮੈਂਬਰਾਂ ਅਨੁਸਾਰ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਵਿਰੋਧੀ 3 ਕਾਲੇ ਕਾਨੂੰਨਾਂ ਕਾਰਨ ਬਹੁਤ ਪ੍ਰੇਸ਼ਾਨ ਸੀ ਤੇ ਲਗਾਤਾਰ ਕਿਸਾਨ-ਮਜ਼ਦੂਰ ਅੰਦੋਲਨ ’ਚ ਸ਼ਾਮਲ ਹੋ ਕੇ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਿਹਾ ਸੀ । ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨ ਅੰਦੋਲਨ ’ਚ ਸ਼ਹੀਦੀ ਪਾ ਗਏ ਗਰੀਬ ਮ੍ਰਿਤਕ ਰਾਜਿੰਦਰ ਕੁਮਾਰ ਦੇ ਪਰਿਵਾਰ ਨੂੰ 20 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਇਸ ਗੱਲ ਦੀ ਪੁਸ਼ਟੀ ਮ੍ਰਿਤਕ ਦੇ ਭਰਾ ਲਾਲ ਚੰਦ ਨੇ ਕਰਦਿਆਂ ਕਿਹਾ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ ਅਤੇ ਲਾਸ਼ ਲੈਣ ਲਈ ਦਿੱਲੀ ਜਾ ਰਹੇ ਹਨ।