'ਆਪ' ਅਤੇ ਕਾਂਗਰਸ ਲਈ ਘਾਟੇ ਦਾ ਸੌਦਾ ਸਾਬਤ ਹੋ ਸਕਦੈ ਟਿਕਟਾਂ ਦੀ ਵੰਡ 'ਚ ਦੇਰੀ

Tuesday, Oct 26, 2021 - 11:37 AM (IST)

ਬਾਘਾਪੁਰਾਣਾ (ਚਟਾਨੀ): ਟਿਕਟਾਂ ਐਲਾਨਣ ਅਤੇ ਮੁੱਖ ਮੰਤਰੀ ਵੱਜੋਂ ਪੰਜਾਬੀਆਂ ਮੂਹਰੇ ਚਿਹਰਾ ਪੇਸ਼ ਨਾ ਕਰ ਸਕਣ ਕਰਕੇ ਪਛੜ ਰਹੀਆਂ ‘ਕਾਂਗਰਸ’ ਅਤੇ ‘ਆਮ ਆਦਮੀ ਪਾਰਟੀ’ ਦੀ ਅਜੇ ਤੱਕ ਦੀ ਉਲਝੀ ਹੋਈ ਨੀਤੀ ਕਿਸੇ ਨਾ ਕਿਸੇ ਰੂਪ ਵਿਚ ਘਾਟੇਵੰਦ ਸਾਬਤ ਹੋ ਸਕਦੀ ਹੈ, ਜਦਕਿ ਅਕਾਲੀ-ਬਸਪਾ ਗੱਠਜੋੜ ਨੇ ਭਾਵੇਂ 80 ਪ੍ਰਤੀਸ਼ਤ ਉਮੀਦਵਾਰ ਐਲਾਨ ਦਿੱਤੇ ਹਨ ਅਤੇ ਮੁੱਖ ਮੰਤਰੀ ਵਜੋਂ ਵੀ ਸੁਖਬੀਰ ਬਾਦਲ ਦੇ ਚਿਹਰੇ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ।

ਇਹ ਵੀ ਪੜ੍ਹੋ :  ਖੁਲਾਸਾ: ਪੰਜਾਬ ਦੇ ਇਨ੍ਹਾਂ ਤਿੰਨ ਮੁੱਖ ਮੰਤਰੀਆਂ ਨੇ ਇਸ਼ਤਿਹਾਰਾਂ ’ਤੇ ਖਰਚ ਦਿੱਤੇ 240 ਕਰੋੜ ਰੁਪਏ

ਅਕਾਲੀ- ਬਸਪਾ ਗੱਠਜੋੜ ਦੀ ਇਹ ਤੇਜ਼ੀ ‘ਕਾਂਗਰਸ’ ਅਤੇ ‘ਆਮ ਆਦਮੀ ਪਾਰਟੀ’ ਤੋਂ ਕਈ ਕਦਮ ਮੂਹਰੇ ਸਮਝੀ ਜਾ ਰਹੀ ਹੈ। ਕਈ ਧੜਿਆਂ ਵਿਚ ਵੰਡੀ ਜਾ ਚੁੱਕੀ ਅਤੇ ਜਾ ਰਹੀ ਕਾਂਗਰਸ ਨੂੰ ਭਾਵੇਂ ਸਿਆਸੀ ਗਲਿਆਰੇ ਮੌਜੂਦਾ ਸਮੇਂ ਵਿਚ ਬੈਕਫੁੱਟ ’ਤੇ ਸਮਝ ਰਹੇ ਹਨ, ਜਦਕਿ ਕਾਂਗਰਸ ਦੇ ਖੈਰ-ਖਵਾਹ ਆਪਣੀ ਪਾਰਟੀ ਵੱਲੋਂ ਧੜਾ-ਧੜ ਕੀਤੇ ਜਾ ਰਹੇ ਲੋਕ ਪੱਖੀ ਫ਼ੈਸਲਿਆਂ ਸਦਕਾ ਵੀ 2022 ਦੀ ਜੰਗ ਵਿਚ ਕਾਂਗਰਸ ਨੂੰ 2017 ਨਾਲੋਂ ਵੀ ਮੂਹਰੇ ਰਹਿਣ ਦੀ ਗੱਲ ਆਖ ਰਹੇ ਹਨ। ਉਧਰ ਆਮ ਆਦਮੀ ਪਾਰਟੀ ਨੇ ਭਾਵੇਂ ਅਜੇ ਤੱਕ ਸੀ.ਐਮ ਚਿਹਰੇ ਵਾਲਾ ਆਪਣਾ ਪੱਤਾ ਜੇਬ ਵਿਚ ਹੀ ਰੱਖਿਆ ਹੋਇਆ ਹੈ, ਪਰ ਪਾਰਟੀ ਦਾ ਕਹਿਣਾ ਹੈ ਕਿ ਪਾਰਟੀ ਦਾ ਹਰੇਕ ਆਗੂ ਮੁੱਖ ਮੰਤਰੀ ਬਣਨ ਦੇ ਯੋਗ ਹੈ ਅਤੇ ਸਮਾਂ ਆਉਣ ’ਤੇ ਉਸ ਦਾ ਨਾਂ ਜੱਗ ਜ਼ਾਹਰ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ ਬਰਨਾਲਾ ਬੱਸ ਸਟੈਂਡ ਵਿਖੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੱਲੋਂ ਅਚਨਚੇਤ ਛਾਪਾ, ਕੀਤਾ ਇਹ ਵੱਡਾ ਐਲਾਨ

ਪਾਰਟੀ ਦੀ ਆਲਾ ਕਮਾਨ ਦਾ ਇਹ ਦਾਅਵਾ ਹੈ ਕੇ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਪਿੱਛੋਂ ਬਾਕੀ ਪਾਰਟੀਆਂ ਵਾਂਗ ਆਮ ਆਦਮੀ ਪਾਰਟੀ ਵਿਚ ਕਿਸੇ ਵੀ ਤਰ੍ਹਾਂ ਦੀ ਖਿੱਚੋਤਾਣ ਜਾਂ ਘਮਸਾਣ ਵਾਲੀ ਸਥਿਤੀ ਨਹੀਂ ਬਣੇਗੀ, ਜਿਹੜੀ ਬਾਕੀ ਪਾਰਟੀਆਂ ਵਿਚ ਹਮੇਸ਼ਾਂ ਹੀ ਦੇਖਣ ਨੂੰ ਮਿਲਦੀ ਆ ਰਹੀ ਹੈ। ਆਪ ਦੀ ਆਲਾ ਕਮਾਨ ਨੇ ਇਹ ਵੀ ਦਾਅਵਾ ਕੀਤਾ ਕਿ ਐਲਾਨਿਆ ਜਾਣ ਵਾਲਾ ਚਿਹਰਾ ਪੰਜਾਬੀਆਂ ਦਾ ਜਾਣਿਆ ਪਹਿਚਾਣਿਆ, ਯੋਗ ਅਤੇ ਇਮਾਨਦਾਰ ਚਿਹਰਾ ਹੋਵੇਗਾ। ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਜਾਣ ਵਾਲੀ ਨਵੀਂ ਸਿਆਸੀ ਪਾਰਟੀ (ਜੇਕਰ ਬਣਦੀ ਹੈ ਤਾਂ) ਲਈ ਸਪੱਸ਼ਟ ਅੰਦਾਜ਼ਾ ਤਾਂ ਇਹ ਦਰਸਾਉਂਦਾ ਹੈ ਕਿ ਉਸ ਪਾਰਟੀ ਦੀ ਕਮਾਨ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਹੀ ਹੋਵੇਗੀ ਅਤੇ ਕਮਾਂਡਰ ਦੇ ਦਾਅਵੇ ਅਨੁਸਾਰ ਉਨ੍ਹਾਂ ਦੀ ਪਾਰਟੀ ਦੀ ਜਿੱਤ ਵੀ ਯਕੀਨੀ ਹੈ। ਫਿਰ ਪਾਰਟੀ ਦਾ ਲੀਡਰ ਕੈਪਟਨ ਤੋਂ ਇਲਾਵਾ ਹੋਰ ਕੋਈ ਨਹੀਂ ਸਗੋਂ ਕੈਪਟਨ ਹੀ ਬਣਨਗੇ।

ਇਹ ਵੀ ਪੜ੍ਹੋ ਪੰਜਾਬ ਪੁਲਸ ਦਾ ਕਾਰਾ, ਨਾਕੇ ਦੌਰਾਨ ਕੱਢੀ ਐਂਬੂਲੈਂਸ ਦੀ ਚਾਬੀ, ਇਲਾਜ ਲਈ ਤੜਫ਼ ਰਹੇ ਮਰੀਜ਼ ਦੀ ਹੋਈ ਮੌਤ

ਸਿਆਸੀ ਸਮਝ ਰੱਖਣ ਵਾਲੇ ਵੋਟਰ ਅਤੇ ਸਿਆਸੀ ਪੰਡਤਾਂ ਦਾ ਇਹ ਵੀ ਕਹਿਣਾ ਹੈ ਕਿ ਸੀ. ਐੱਮ. ਚਿਹਰੇ ਵਾਲੇ ਫਸੇ ਗਿਅਰ ਨੂੰ ਤਾਂ ਦੋਹਾਂ ਪਾਰਟੀਆਂ ਵੱਲੋਂ ਕੱਢਣਾ ਬੇਹੱਦ ਜ਼ਰੂਰੀ ਹੈ ਤਾਂ ਹੀ ਇਹ ਸੂਬੇ ਦੇ ਸਿਆਸੀ ਮੈਦਾਨ ਵਿਚ ਪ੍ਰਵੇਸ਼ ਕਰਨ ਲਈ ਕੁਆਲੀਫਾਈ ਹੋ ਸਕਣਗੀਆਂ। ਵਿਸ਼ਲੇਸ਼ਕਾਂ ਦਾ ਇਹ ਵੀ ਕਹਿਣਾ ਹੈ ਕਿ ਜਿਸ ਪਲੜੇ ਵਿਚ ਕਿਸਾਨੀ ਵੋਟ ਪਵੇਗੀ। 2022 ਦੀ ਜੰਗ ਵਾਲਾ ਤਾਜ ਉਸੇ ਪਾਰਟੀ ਦੇ ਸਿਰ ਹੀ ਸਜੇਗਾ।ਵੇਖਣਾ ਇਹੀ ਹੋਵੇਗਾ ਕਿ ਕਿਹੜੀ ਧਿਰ ਕਿਸਾਨਾਂ ਦੀ ਹਮਾਇਤ ਜੁਟਾਉਣ ਵਿਚ ਸਫਲ ਹੁੰਦੀ ਹੈ ਜਾਂ ਕਿਸਾਨ ਕਿਹੜੀ ਸਿਆਸੀ ਧਿਰ ਉੱਪਰ ਯਕੀਨ ਕਰਦੇ ਹਨ।

ਇਹ ਵੀ ਪੜ੍ਹੋ :  8 ਲੱਖ ਰੁਪਏ ਦੇ ਕਰਜ਼ੇ ਤੋਂ ਪਰੇਸ਼ਾਨ ਇਕ ਹੋਰ ਕਿਸਾਨ ਨੇ ਕੀਤੀ ਖ਼ੁਦਕੁਸ਼ੀ, 3 ਬੱਚਿਆਂ ਦਾ ਸੀ ਪਿਓ


Shyna

Content Editor

Related News