ਬਾਲ ਸਾਹਿਤ ਵਿਸ਼ੇਸ਼ : ਟਿਕ-ਟਾਕ ਦੀ ਨੰਨ੍ਹੀ ਕਲਾਕਾਰ ‘ਨੂਰਪ੍ਰੀਤ’

05/17/2020 9:43:55 AM

ਨੂਰਪ੍ਰੀਤ ਦਾ ਨਾਮ ਟਿਕ-ਟਾਕ ਦੇ ਦਰਸ਼ਕਾਂ ਲਈ ਕਿਸੇ ਜਾਣ-ਪਛਾਣ ਦਾ ਮੁਹਤਾਜ਼ ਨਹੀਂ ਹੈ। ਮੋਗਾ ਜ਼ਿਲੇ ਦੇ ਪਿੰਡ ਭਿੰਡਰ ਕਲਾਂ 'ਚ ਮਾਤਾ ਜਗਵੀਰ ਕੌਰ ਅਤੇ ਪਿਤਾ ਸਤਨਾਮ ਸਿੰਘ ਦੇ ਘਰ ਜਨਮੀ ਨੂਰਪ੍ਰੀਤ ਕੌਰ ਨੇ ਸੱਚ ਕਰ ਵਿਖਾਇਆ ਕਿ ਲਾਲ ਤਾਂ ਰੂੜੀਆਂ 'ਤੇ ਵੀ ਦਗ ਪੈਂਦੇ ਹਨ। ਨੂਰਪ੍ਰੀਤ ਨੇ ਟਿਕ-ਟਾਕ ਦੇ ਜ਼ਰੀਏ ਸੋਸ਼ਲ ਮੀਡੀਆ 'ਚ ਅਜਿਹਾ ਪੈਰ ਪਾਇਆ ਕਿ ਦਰਸ਼ਕ ਅਸ਼ ਅਸ਼ ਕਰ ਉੱਠੇ। ਪੰਜ ਕੁ ਵਰ੍ਹਿਆਂ ਦੀ ਨੂਰਪ੍ਰੀਤ ਦੀ ਅਦਾਕਾਰੀ 'ਚ ਭਵਿੱਖ ਦਾ ਸਫਲ਼ ਕਲਾਕਾਰ ਨਜ਼ਰ ਆਉਂਦਾ ਹੈ। ਨੂਰਪ੍ਰੀਤ ਕੌਰ ਵਲੋਂ ਟਿਕ-ਟਾਕ 'ਤੇ ਧਰਿਆ ਪਲੇਠਾ ਪੈਰ ਹੀ ਕਮਾਲ ਕਰ ਗਿਆ। 

ਨੂਰਪ੍ਰੀਤ ਦੀ ਪਹਿਲੀ ਹੀ ਵੀਡੀਓ ਇੰਨ੍ਹੀ ਜ਼ਿਆਦਾ ਵਾਇਰਲ ਹੋਈ ਕਿ ਇਸ ਨੂੰ 1.7 ਮਿਲੀਅਨ ਦਰਸ਼ਕਾਂ ਨੇ ਪਸੰਦ ਕੀਤਾ ਅਤੇ ਦੂਜੀ ਵੀਡੀਓ ਨੂੰ ਇਸ ਤੋਂ ਵੀ ਜ਼ਿਆਦਾ 2.1 ਮਿਲੀਅਨ ਦਰਸ਼ਕਾਂ ਨੇ ਪਸੰਦ ਕੀਤਾ। ਨੂਰਪ੍ਰੀਤ ਦੀ ਕਲਾ ਨੂੰ ਤਕਰੀਬਨ ਅਠਾਰਾਂ ਮਿਲੀਅਨ ਦਰਸ਼ਕਾਂ ਦਾ ਵਿਊ ਪ੍ਰਾਪਤ ਹੋ ਚੁੱਕਿਆ ਹੈ। ਗਿਣਤੀ ਦੇ ਦਿਨਾਂ ਦੌਰਾਨ ਹੀ ਇੰਨ੍ਹੀ ਜ਼ਿਆਦਾ ਹਰਮਨ ਪਿਆਰਤਾ ਪ੍ਰਾਪਤ ਕਰ ਲੈਣਾ ਵੀ ਸ਼ਾਇਦ ਨੂਰਪ੍ਰੀਤ ਦੇ ਹਿੱਸੇ ਹੀ ਆਇਆ ਹੈ। ਨੂਰ ਦੇ ਮਾਪਿਆਂ ਦਾ ਕਹਿਣਾ ਹੈ ਕਿ ਸਾਨੂੰ ਨਹੀਂ ਸੀ ਪਤਾ ਕਿ ਸ਼ੋਸਲ ਮੀਡੀਆ ਸਾਡੀਆਂ ਧੀਆਂ ਲਈ ਇਸ ਤਰ੍ਹਾਂ ਵਰਦਾਨ ਬਣ ਜਾਵੇਗਾ।

ਜਦੋਂ ਸਮੁੱਚੀ ਮਨੁੱਖਤਾ ਲਾਕਡਾਊਨ ਦੌਰਾਨ ਘਰਾਂ 'ਚ ਕੈਦ ਹੋ ਕੇ ਕੋਰੋਨਾ ਦੇ ਕਹਿਰ ਤੋਂ ਫਿਰਕਰਮੰਦ ਸੀ ਤਾਂ ਛੋਟੀ ਉਮਰ ਦੀ ਵੱਡੀ ਕਲਾ ਲੋਕਾਂ ਦੇ ਚਿਹਰਿਆਂ 'ਤੇ ਹਾਸੇ ਬਿਖੇਰਨ ਦਾ ਅਜਿਹਾ ਸਬੱਬ ਬਣੀ ਕਿ ਹਰ ਕੋਈ ਨੂਰਪ੍ਰੀਤ ਦੀ ਕਲਾ ਦਾ ਦੀਵਾਨਾ ਹੋ ਕੇ ਰਹਿ ਗਿਆ। ਨੂਰਪ੍ਰੀਤ ਦੀ ਅਦਾਕਾਰੀ ਉਮਰ ਤੋਂ ਕਿਤੇ ਜ਼ਿਆਦਾ ਵੱਡੀ ਅਤੇ ਵਿਸ਼ਵਾਸ ਭਰਪੂਰ ਹੈ। ਦਰਸ਼ਕ ਇਸ ਬੱਚੀ ਦੀ ਵੀਡੀਓ ਦੀ ਉਡੀਕ ਕਰਨ ਲੱਗੇ ਹਨ। ਨੂਰਪ੍ਰੀਤ ਪਿੰਡ ਦੇ ਹੀ ਸਰਕਾਰੀ ਸਕੂਲ 'ਚ ਪਹਿਲੀ ਜਮਾਤ 'ਚ ਪੜ੍ਹਦੀ ਹੈ। ਸਕੂਲ ਦੇ ਹੈੱਡ ਟੀਚਰ ਸੁਖਮੰਦਰ ਸਿੰਘ ਨੇ ਦੱਸਿਆ ਕਿ ਨੂਰਪ੍ਰੀਤ ਜਿੱਥੇ ਅਦਾਕਾਰੀ ਵਿਚ ਕਮਾਲ ਹੈ, ਉੱਥੇ ਪੜ੍ਹਨ ਵਿਚ ਵੀ ਮੋਹਰੀ ਹੈ। ਨੰਨ੍ਹੀ ਉਮਰ ਦੀ ਕਲਾ ਨੂੰ ਪਛਾਨਣ ਅਤੇ ਨਿਖਾਰਨ ਵਿਚ ਪਿੰਡ ਦੇ ਹੀ ਨੌਜਵਾਨਾਂ ਵਰਨਦੀਪ ਸਿੰਘ, ਸੰਦੀਪ ਸਿੰਘ ਤੂਰ, ਡਾ. ਕੇਵਲ ਸਿੰਘ, ਸੰਦੀਪ ਸਿੰਘ ਨਾਗੀ ਅਤੇ ਸੰਪੂਰਨ ਸਿੰਘ ਤੂਰ ਨੇ ਮੁੱਖ ਭੂਮਿਕਾ ਨਿਭਾਈ। ਵਰਨ ਨੇ ਦੱਸਿਆ ਉਹ ਪਿੰਡ ਵਿਚ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਜਦੋਂਕਿ ਸੰਦੀਪ ਨੂਰਪ੍ਰੀਤ ਦੇ ਗੁਆਂਢ ਵਿਚ ਹੀ ਕਰਿਆਨੇ ਦੀ ਦੁਕਾਨ ਕਰਦਾ ਹੈ। 

ਬਿੰਦਰ ਸਿੰਘ ਖੁੱਡੀ ਕਲਾਂ
ਮੋਬ:98786-05965
ਗਲੀ ਨੰਬਰ 1, ਸ਼ਕਤੀ ਨਗਰ, ਬਰਨਾਲਾ।


rajwinder kaur

Content Editor

Related News