ਨਾਜਾਇਜ਼ ਸ਼ਰਾਬ ਸਮੇਤ ਪਤੀ-ਪਤਨੀ ਸਣੇ ਤਿੰਨ ਕਾਬੂ
Monday, May 07, 2018 - 04:25 AM (IST)

ਸੰਗਤ ਮੰਡੀ, (ਮਨਜੀਤ)- ਥਾਣਾ ਸੰਗਤ ਦੀ ਪੁਲਸ ਵੱਲੋਂ ਦੋ ਵੱਖ-ਵੱਖ ਥਾਵਾਂ ਤੋਂ ਹਰਿਆਣਾ ਮਾਰਕਾ ਦੇਸੀ ਸ਼ਰਾਬ ਦੀਆਂ 36 ਬੋਤਲਾਂ ਸਮੇਤ ਮੋਟਰਸਾਈਕਲ ਸਵਾਰ ਪਤੀ-ਪਤਨੀ ਸਣੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਪਹਿਲੀ ਸਫਲਤਾ ਦੌਰਾਨ ਹੌਲਦਾਰ ਚਰਨਜੀਤ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਇਲਾਕੇ ਦੇ ਪਿੰਡਾਂ 'ਚ ਗਸ਼ਤ ਕੀਤੀ ਜਾ ਰਹੀ ਸੀ। ਗਸ਼ਤ ਦੌਰਾਨ ਪੁਲਸ ਪਾਰਟੀ ਜਦ ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ 'ਤੇ ਪੈਂਦੇ ਪਿੰਡ ਚੱਕ ਰੁਲਦੂ ਸਿੰਘ ਵਾਲਾ ਨਜ਼ਦੀਕ ਪਹੁੰਚੀ ਤਾਂ ਡੱਬਵਾਲੀ ਵਾਲੇ ਪਸਿਓਂ ਇਕ ਬਿਨਾਂ ਨੰਬਰੀ ਮੋਟਰਸਾਈਕਲ 'ਤੇ ਇਕ ਮਰਦ ਤੇ ਔਰਤ ਸ਼ੱਕੀ ਹਾਲਤ 'ਚ ਆ ਰਹੇ ਸਨ, ਜਦ ਪੁਲਸ ਪਾਰਟੀ ਨੇ ਉਨ੍ਹਾਂ ਨੂੰ ਰੋਕ ਕੇ ਮੋਟਰਸਾਈਕਲ ਦੀ ਤਲਾਸ਼ੀ ਲਈ ਤਾਂ ਉਸ 'ਚੋਂ ਹਰਿਆਣਾ ਮਾਰਕਾ ਦੇਸੀ ਸ਼ਰਾਬ ਦੀਆਂ 24 ਬੋਤਲਾਂ ਬਰਾਮਦ ਹੋਈਆਂ। ਫੜੇ ਗਏ ਪਤੀ-ਪਤਨੀ ਦੀ ਪਛਾਣ ਬੂਟਾ ਸਿੰਘ ਤੇ ਅਮਨਦੀਪ ਕੌਰ ਵਾਸੀ ਕਾਲਝਰਾਣੀ ਦੇ ਤੌਰ 'ਤੇ ਕੀਤੀ ਗਈ। ਹੌਲਦਾਰ ਗੁਰਤੇਜ ਸਿੰਘ ਵੱਲੋਂ ਗਸ਼ਤ ਦੌਰਾਨ ਪਿੰਡ ਚੱਕ ਰੁਲਦੂ ਸਿੰਘ ਵਾਲੇ ਵਿਖੇ ਪਿੰਡ ਦੇ ਹੀ ਇਕ ਵਿਅਕਤੀ ਗੁਰਮੀਤ ਸਿੰਘ ਨੂੰ ਹਰਿਆਣਾ ਮਾਰਕਾ ਦੇਸੀ ਸ਼ਰਾਬ ਦੀਆਂ 12 ਬੋਤਲਾਂ ਸਮੇਤ ਕਾਬੂ ਕੀਤਾ ਗਿਆ। ਪੁਲਸ ਨੇ ਪਤੀ-ਪਤਨੀ ਵਿਰੁੱਧ ਮਾਮਲਾ ਦਰਜ ਕਰ ਕੇ ਹਵਾਲਾਤ 'ਚ ਬੰਦ ਕਰ ਦਿੱਤਾ ਜਦਕਿ ਗੁਰਮੀਤ ਸਿੰਘ ਵਿਰੁੱਧ ਮਾਮਲਾ ਦਰਜ ਕਰ ਕੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ।