ਦਾਣਾ ਮੰਡੀ ਜਲਥਲ : ‘ਸੋਨੇ ਰੰਗੀ’ ’ਤੇ ਬਾਰਿਸ਼ ਦਾ ਕਹਿਰ, ਹਜ਼ਾਰਾਂ ਬੋਰੀਆਂ ਕਣਕ ਨੁਕਸਾਨੀ
Thursday, Apr 20, 2023 - 01:16 PM (IST)
ਕੁਰਾਲੀ (ਬਠਲਾ) : ਦੁਪਹਿਰ ਬਾਅਦ ਪਏ ਭਾਰੀ ਮੀਂਹ ਅਤੇ ਗੜ੍ਹੇਮਾਰੀ ਨੇ ਜਿੱਥੇ ਖੜ੍ਹੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਾਇਆ, ਉੱਥੇ ਹੀ ਸਥਾਨਕ ਬਡਾਲੀ ਰੋਡ ਦੇ ਕੱਚੇ ਫੜਾਂ ’ਚ ਵੀ ਪਾਣੀ ਭਰ ਗਿਆ ਅਤੇ ਮੰਡੀ ’ਚ ਪਈਆਂ ਸੋਨੇ ਰੰਗੀ ਕਣਕ ਦੀਆਂ ਬੋਰੀਆਂ ਗਿੱਲੀਆਂ ਹੋ ਗਈਆਂ। ਬਾਅਦ ਦੁਪਹਿਰ ਅਚਾਨਕ ਆਈ ਹਨ੍ਹੇਰੀ ਤੋਂ ਬਾਅਦ ਗੜ੍ਹੇਮਾਰੀ ਅਤੇ ਮੀਂਹ ਕਾਰਨ ਸ਼ਹਿਰ ਦੇ ਬਡਾਲੀ ਰੋਡ ’ਤੇ ਸਥਿਤ ਆਰਜ਼ੀ ਮੰਡੀ ’ਚ ਪੈਂਦੇ ਫੜਾਂ ’ਚ ਮੀਂਹ ਦਾ ਪਾਣੀ ਭਰ ਗਿਆ। ਕਣਕ ਦੀ ਰਾਖੀ ਲਈ ਲਾਈਆਂ ਤਰਪਾਲਾਂ ਵੀ ਹਨ੍ਹੇਰੀ ਨਾਲ ਉੱਡ ਗਈਆਂ ਅਤੇ ਕਣਕ ਦੀ ਫਸਲ ਤੇ ਕਣਕ ਦੀਆਂ ਬੋਰੀਆਂ ਪਾਣੀ ਨਾਲ ਭਿੱਜ ਗਈਆਂ। ਕਣਕ ਦੇ ਢੇਰਾਂ ਅਤੇ ਬੋਰੀਆਂ ਦੇ ਨੁਕਸਾਨ ਤੋਂ ਇਲਾਵਾ ਕੱਚੀ ਮੰਡੀ ’ਚ ਪਈਆਂ ਹਜ਼ਾਰਾਂ ਬੋਰੀਆਂ ਹੇਠਾਂ ਮੀਂਹ ਦਾ ਪਾਣੀ ਖੜ੍ਹਾ ਹੋ ਗਿਆ। ਇਸ ਕਾਰਨ ਬੋਰੀਆਂ ’ਚ ਭਰੀ ਫਸਲ ਵੀ ਖ਼ਰਾਬ ਹੋ ਗਈ। ਬਡਾਲੀ ਰੋਡ ’ਤੇ ਮਜ਼ਦੂਰਾਂ ਅਤੇ ਆੜ੍ਹਤੀਆਂ ਵਲੋਂ ਤਰਪਾਲਾਂ ਪਾ ਕੇ ਬੈਠਣ ਲਈ ਬਣਾਈਆਂ ਝੁੱਗੀਆਂ ਦੀਆਂ ਤਰਪਾਲਾਂ ਵੀ ਉੱਡ ਗਈਆਂ।
ਇਹ ਵੀ ਪੜ੍ਹੋ : ਮੀਂਹ : 3 ਘੰਟਿਆਂ ’ਚ 10 ਡਿਗਰੀ ਡਿਗਿਆ ਪਾਰਾ, 2 ਸਾਲ ਬਾਅਦ ਅਪ੍ਰੈਲ ਮਹੀਨੇ ’ਚ ਪਿਆ ਮੀਂਹ
ਸ਼ਹਿਰ ਦੀ ਪਪਰਾਲੀ ਰੋਡ ’ਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਨਵੀਂ ਦਾਣਾ ਮੰਡੀ ਬਣਾਈ ਗਈ ਹੈ ਪਰ ਇਸ ’ਚ ਅਨਾਜ ਨਾ ਹੋਣ ਕਾਰਨ ਬਡਾਲੀ ਰੋਡ ਦੀ ਆਰਜ਼ੀ ਮੰਡੀ ਚੱਲ ਰਹੀ ਹੈ। ਕਿਸਾਨ ਹਰਪਾਲ ਸਿੰਘ, ਰਾਮ ਸਿੰਘ, ਸੱਜਣ ਸਿੰਘ ਤੇ ਕੁਲਵੰਤ ਸਿੰਘ ਨੇ ਦੱਸਿਆ ਕਿ ਦਾਣਾ ਮੰਡੀ ਵਿਚ ਥਾਂ ਨਾ ਹੋਣ ਕਾਰਨ ਸਰਕਾਰ ਵਲੋਂ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ। ਸ਼ਹਿਰ ਦੀ ਦਾਣਾ ਮੰਡੀ ਦੀ ਸਮੱਸਿਆ ਸਬੰਧੀ ਦੱਸਦਿਆਂ ਆੜ੍ਹਤੀਆਂ ਤੇ ਕਿਸਾਨਾਂ ਨੇ ਕਿਹਾ ਕਿ ਇਸ ਕਾਰਨ ਕਿਸਾਨ ਸਥਾਨਕ ਦਾਣਾ ਮੰਡੀ ਤੋਂ ਮੂੰਹ ਮੋੜ ਰਹੇ ਹਨ ਅਤੇ ਸ਼ਹਿਰ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।
ਇਹ ਵੀ ਪੜ੍ਹੋ : ਮਨਰੇਗਾ : ਡੋਰ-ਟੂ-ਡੋਰ ਸਰਵੇ ਹੋਇਆ ਨਹੀਂ, 42 ਮ੍ਰਿਤਕਾਂ ਨੂੰ ਵੀ ਦੇ ਦਿੱਤਾ ਮਿਹਨਤਾਨਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ