ਖਰਾਬ ਮੌਸਮ ''ਚ ਖੁੱਲ੍ਹੇ ਆਸਮਾਨ ਹੇਠ ਪਈ ਹੈ ਹਜ਼ਾਰਾਂ ਕੁਵਿੰਟਲ ਸੋਨੇ ਰੰਗੀ ਕਣਕ

Wednesday, Apr 21, 2021 - 09:26 PM (IST)

ਭੋਗਪੁਰ,(ਰਾਣਾ ਭੋਗਪੁਰੀਆ)- ਖ਼ਰਾਬ ਮੌਸਮ ਦੇ ਕਾਰਣ ਇਸ ਵਾਰ ਕਣਕ ਦੇ ਸੀਜ਼ਨ ਦੌਰਾਨ ਜ਼ਿੰਮੀਦਾਰਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਬਾਰਦਾਨੇ ਦੀ ਕਮੀ ਅਤੇ ਕਣਕ ਦੀ ਸਮੇਂ ਸਿਰ ਲਿਫਟਿੰਗ ਨਾ ਹੋਣ ਕਾਰਨ ਦਾਣਾ ਮੰਡੀ ਭੋਗਪੁਰ ਵਿੱਚ ਇਸ ਵਕਤ ਕਣਕ ਦੇ ਅੰਬਾਰ ਲੱਗੇ ਹੋਏ ਹਨ ਅਤੇ ਹਜ਼ਾਰਾਂ ਕੁਇੰਟਲ ਕਣਕ ਖਰਾਬ ਮੌਸਮ ਵਿੱਚ ਖੁੱਲ੍ਹੇ ਅਸਮਾਨ ਹੇਠ ਹੀ ਪਈ ਹੋਈ ਹੈ । ਜਿਸ ਨੂੰ ਢੱਕਣ ਲਈ ਪੂਰੀ ਮਾਤਰਾ ਵਿਚ ਤਰਪਾਲਾਂ ਦਾ ਪ੍ਰਬੰਧ ਤੱਕ ਵੀ ਨਹੀਂ ਹੈ। 
ਮੰਡੀ ਵਿੱਚ ਪਈਆ ਹੋਈਆ ਕਣਕ ਦੀਆਂ ਬੋਰੀਆਂ ਦੀ ਲਿਫਟਿੰਗ ਨਾ ਹੋਣ ਕਾਰਨ ਦਾਣਾ ਮੰਡੀ ਵਿੱਚ ਹੋਰ ਕਣਕ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਕਣਕ ਉਤਾਰਨ ਲਈ ਜਗ੍ਹਾ ਨਹੀਂ ਮਿਲ ਰਹੀ ਹੈ। ਇਲਾਕੇ ਦੇ ਕਈ ਜ਼ਿੰਮੀਦਾਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੰਡੀ ਵਿੱਚ ਜਗ੍ਹਾ ਨਾ ਹੋਣ ਕਾਰਨ ਉਹਨਾਂ ਦੀ ਕਣਕ ਟਰਾਲੀਆਂ ਵਿਚ ਲੱਦੀ ਖੜ੍ਹੀ ਹੈ ਜਿਸ ਕਾਰਨ ਹੋਰ ਫਸਲ ਕੱਟਣ ਲਈ ਟਰਾਲੀਆਂ ਦਾ ਪ੍ਰਬੰਧ ਨਹੀਂ ਹੋ ਰਿਹਾ ਹੈ। ਜ਼ਿੰਮੀਦਾਰਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਇਸ ਸਮੱਸਿਆ ਦਾ ਹੱਲ ਫੌਰੀ ਤੌਰ 'ਤੇ ਕੀਤਾ ਜਾਵੇ ਤਾਂ ਜੋ ਚਾਲੂ ਸੀਜਨ ਦੌਰਾਨ ਕਣਕ ਦੀ ਫਸਲ ਦੀ ਸਾਂਭ ਸੰਭਾਲ ਦਾ ਕੰਮ ਸਮੇਂ ਸਿਰ ਪੂਰਾ ਹੋ ਸਕੇ ਅਤੇ ਉਹ ਅਗਲੀ ਫ਼ਸਲ ਦੀ ਬਿਜਾਈ ਦੀ ਤਿਆਰੀ ਸਮੇਂ ਸਿਰ ਕਰ ਸਕਣ।

ਬਾਰਦਾਨੇ ਦੀ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ : ਸੈਕਟਰੀ ਮਾਰਕੀਟ ਕਮੇਟੀ 

ਜ਼ਿੰਮੀਦਾਰਾਂ ਦੀਆਂ ਉਪਰੋਕਤ ਸਮੱਸਿਆਵਾਂ ਦੇ ਸਬੰਧ ਵਿਚ ਜਦੋਂ ਇਸ ਸਬੰਧੀ ਮਾਰਕੀਟ ਕਮੇਟੀ ਭੋਗਪੁਰ ਦੇ ਸੈਕਟਰੀ ਸ੍ਰੀ ਸੰਜੀਵ ਖੰਨਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਾਰਦਾਨੇ ਦੀ ਸਮੱਸਿਆ ਦਾ ਹੱਲ ਜਲਦ ਕੀਤਾ ਜਾ ਰਿਹਾ ਤੇ ਜ਼ਿੰਮੀਦਾਰਾਂ ਦੀ ਫ਼ਸਲ ਦੀ ਚੁਕਾਈ ਜਲਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਰਕਫੈੱਡ ਦੇ ਬਾਰਦਾਨੇ ਦੀ ਕੁਝ ਹੱਦ ਤੱਕ ਕਿੱਲਤ ਆ ਰਹੀ ਹੈ । ਪ੍ਰੰਤੂ ਇਹ ਇੱਕ ਦੋ ਦਿਨ ਵਿੱਚ ਹੀ ਹੱਲ ਕਰ ਲਈ ਜਾਵੇਗੀ ਅਤੇ ਜ਼ਿੰਮੀਦਾਰਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। 

ਬਾਰਦਾਨਾ ਜਲਦ ਉਪਲੱਬਧ ਹੋਵੇਗਾ : ਚੇਅਰਮੈਨ ਮਾਰਕੀਟ ਕਮੇਟੀ ਭੋਗਪੁਰ 
ਇਸ ਬਾਰੇ ਜਦੋਂ ਮਾਰਕੀਟ ਕਮੇਟੀ ਉਪਰ ਦੇ ਚੇਅਰਮੈਨ ਸਰਬਜੀਤ ਸਿੰਘ ਭਟਨੂਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਆੜਤੀਆਂ ਨੂੰ ਜਲਦ ਬਾਰਦਾਨਾ ਉਪਲੱਬਧ ਕਰਵਾਇਆ ਜਾ ਰਿਹਾ ਹੈ ਅਤੇ ਮੰਡੀ ਵਿੱਚ ਤੁਲੀ ਹੋਈ ਕਣਕ ਦੀ ਲਿਫਟਿੰਗ ਵਿਚ ਵੀ ਤੇਜ਼ੀ ਲਿਆਈ ਜਾ ਰਹੀ ਹੈ।


Bharat Thapa

Content Editor

Related News