ਟ੍ਰੈਫ਼ਿਕ ਨਿਯਮ ਤੋੜਣ ਵਾਲਿਆਂ ਦੀ ਹੁਣ ਖੈਰ ਨਹੀਂ, ਉਲੰਘਣਾ ਕਰਨ ’ਤੇ ਵਟਸਐਪ 'ਤੇ ਮਿਲੇਗੀ 'ਖ਼ੁਸ਼ਖ਼ਬਰੀ'
Friday, May 05, 2023 - 12:11 PM (IST)
ਅੰਮ੍ਰਿਤਸਰ (ਬਾਠ)- ਗੁਰੂ ਨਗਰੀ ਵਾਲਿਆਂ ਨੂੰ ਸ਼ਹਿਰ ਦੇ ਕਿਸੇ ਵੀ ਕੋਨੇ ’ਤੇ ਟ੍ਰੈਫ਼ਿਕ ਨਿਯਮਾਂ ਦੌਰਾਨ ਕਾਨੂੰਨ ਦੀ ਉਲੰਘਣਾ ਕਰਨ ’ਤੇ ਉਸੇ ਵੇਲੇ ਵਟਸਐਪ ’ਤੇ ਆਵੇਗੀ ਜੁਰਮਾਨੇ ਦੀ ‘ਖੁਸ਼ਖ਼ਬਰੀ’। ਭਾਰਤ ਭਰ ਦੇ ਸਮਾਰਟ ਸ਼ਹਿਰਾਂ ਦੀ ਤਰ੍ਹਾਂ ਅੰਮ੍ਰਿਤਸਰ ਵਿਚ ਹੁਣ ਸਮਾਰਟ ਸਿਟੀ ਮਿਸ਼ਨ ਤਹਿਤ ਸਾਰੇ ਸ਼ਹਿਰ ਵਿਚ ਟ੍ਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਤੇ ਆਵਾਜਾਈ ’ਤੇ ਬਾਜ਼ ਅੱਖ ਰੱਖਣ ਲਈ 1150 ਦੇ ਕਰੀਬ ਕੈਮਰੇ ਸਰਕਾਰ ਵੱਲੋਂ ਲਗਾਏ ਜਾ ਰਹੇ ਹਨ। ਜਿਸ ’ਤੇ ਤਕਰੀਬਨ 91 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ। ਇਸ ਪ੍ਰਾਜੈਕਟ ਦੇ ਜੂਨ ਦੇ ਆਖ਼ਰੀ ਹਫ਼ਤੇ ਤੱਕ ਪੂਰਾ ਹੋਣ ਦੀ ਆਸ ਹੈ ਤੇ ਇਹ ਕੰਮ ਪੂਰੇ ਜ਼ੋਰਾਂ ਸ਼ੋਰਾਂ ਨਾਲ ਚਲ ਰਿਹਾ ਹੈ।
ਇਹ ਵੀ ਪੜ੍ਹੋ- ਵਿਦੇਸ਼ ਬੈਠੇ ਗੈਂਗਸਟਰ ਲਖਬੀਰ ਲੰਡਾ ਦਾ ਸਾਥੀ ਗ੍ਰਿਫ਼ਤਾਰ, ਵੱਡੀ ਗਿਣਤੀ ’ਚ ਬਰਾਮਦ ਹੋਏ ਹਥਿਆਰ
ਇਹ ਵਰਣਨਯੋਗ ਹੈ ਕਿ ਅੰਮ੍ਰਿਤਸਰ ਇਕ ਧਾਰਮਿਕ ਤੇ ਇਤਿਹਾਸਕ ਸ਼ਹਿਰ ਹੋਣ ਦੇ ਨਾਤੇ ਇਥੇ ਹਰ ਰੋਜ਼ ਤਕਰੀਬਨ ਦੋ ਲੱਖ ਸੈਲਾਨੀ ਬਾਹਰੀ ਸੂਬਿਆਂ ਤੋਂ ਜਾਂ ਵਿਦੇਸ਼ਾਂ ਤੋਂ ਆਉਂਦੇ ਹਨ। ਸ਼ਹਿਰ ਦੀ ਮੌਜੂਦਾ ਟ੍ਰੈਫ਼ਿਕ ਵਿਵਸਥਾ ਸਰਕਾਰ ਦੇ ਗਲੇ ਦੀ ਹੱਡੀ ਬਣ ਚੁੱਕੀ ਹੈ। ਆਏ ਦਿਨ ਟ੍ਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਨ ਲਈ ਹਰ ਰੋਜ਼ ਨਵੇਂ ਤਜ਼ਰਬੇ ਕੀਤੇ ਜਾਂਦੇ ਹਨ ਤੇ ਹਾਲ ਵਿਚ ਹੀ 500 ਤੋਂ ਵੱਧ ਪੁਲਸ ਮੈਨ ਟ੍ਰੈਫ਼ਿਕ ਨੂੰ ਕੰਟਰੋਲ ਕਰਨ ਲਈ ਲਗਾਏ ਗਏ ਹਨ, ਪਰ ਟ੍ਰੈਫ਼ਿਕ ਨਿਯਮਾਂ ਤੇ ਕਾਨੂੰਨ ਦੀ ਉਲੰਘਣਾ ਕਾਰਨ ਤਕਰੀਬਨ ਹਰ ਚੌਂਕ ਵਿਚ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ। ਇਸ ਉਲੰਘਣਾ ਨੂੰ ਰੋਕਣ ਲਈ ਸਰਕਾਰ ਨੇ ਟ੍ਰੈਫ਼ਿਕ 'ਤੇ ਨਜ਼ਰ ਰੱਖਣ ਲਈ ਹੁਣ ਕਮਰ ਕੱਸ ਲਈ ਹੈ। ਇਸ ਦਾ ਹੱਲ ਹਰ ਚੌਂਕ ’ਚ ਕੈਮਰੇ ਲਗਾ ਕੇ ਉਲੰਘਣਾ ਕਰਨ ਵਾਲੇ ਅਨਸਰਾਂ ਨੂੰ ਨੱਥ ਪਾਉਣ ਦੀ ਠਾਨ ਲਈ ਹੈ। ਸ਼ਹਿਰ ਦੇ 17 ਚੋਂਰਾਹਿਆਂ ’ਤੇ ਅਜਿਹੇ ਸਿਸਟਮ ਜਲਦੀ ਹੀ ਚਾਲੂ ਹੋਣ ਵਾਲਾ ਹੈ। ਇਸ ਤੋਂ ਇਲਾਵਾ 10 ਚੌਕਾਂ ਵਿਚ ਕਿਸੇ ਵੀ ਦੁਰਘਟਨਾ ਹੋਣ ਦੀ ਸੂਰਤ ਵਿਚ ਉਸ ਚੌਂਕ ’ਚ ਐਮਰਜੈਂਸੀ ਲੱਗੇ ਬਟਨ ਨੂੰ ਦਬਾਉਣ 'ਤੇ ਤੁਰੰਤ ਡਾਕਟਰੀ ਸਹਾਇਤਾ ਤੇ ਪੁਲਸ ਮਦਦ ਦੀ ਵਿਵਸਥਾ ਕੀਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਅੰਤਰਰਾਸ਼ਟਰੀ ਨਸ਼ਾ ਤਸਕਰ ਗਿਰੋਹ ਦੇ 13 ਮੈਂਬਰ ਗ੍ਰਿਫ਼ਤਾਰ
ਇਸ ਤੋਂ ਇਲਾਵਾ ਇਨ੍ਹਾਂ ਕੈਮਰਿਆਂ ਦੇ ਨਾਲ ਹਵਾ ਦੀ ਗੁਣਵਤਾ, ਪਾਣੀ ਦੀ ਕੁਆਲਟੀ ਤੋਂ ਇਲਾਵਾ 50 ਚੌਂਕਾਂ ਵਿਚ ਲੋਕਾਂ ਨੂੰ ਸੰਬੋਧਨ ਕਰਨ ਲਈ ਸਪੀਕਰ ਆਦਿ ਲਗਾਏ ਜਾ ਰਹੇ ਹਨ। ਇਨ੍ਹਾਂ ਸਾਰੇ ਕੈਮਰਿਆਂ ਦਾ ਕੰਟਰੋਲ ਰਣਜੀਤ ਐਵੀਨਿਊ ਸਥਿਤ ਨਗਰ ਨਿਗਮ ਬਣਾਏ ਗਏ ਕੰਟਰੋਲ ਰੂਮ ਵਿਚ ਹੋਵੇਗਾ। ਇਸ ਤੋਂ ਇਲਾਵਾ ਬਾਹਰੋਂ ਆਉਣ ਵਾਲੇ ਸੈਲਾਨੀਆਂ ਦੀ ਮਦਦ ਲਈ 5 ਸਹਾਇਤਾ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ। ਸ਼ਹਿਰ ਵਾਸੀਆਂ ਨੂੰ ਆਸ ਹੈ ਕਿ ਹਰ ਰੋਜ਼ ਵਧਦੀ ਟ੍ਰੈਫ਼ਿਕ ਸਮੱਸਿਆ ਤੋਂ ਇਨ੍ਹਾਂ ਕੈਮਰਿਆਂ ਕਾਰਨ ਉਨ੍ਹਾਂ ਨੂੰ ਨਿਜਾਤ ਮਿਲੇਗੀ ਤੇ ਸ਼ਹਿਰ ਦੀ ਟ੍ਰੈਫ਼ਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਹ ਸਿਸਟਮ ਰਾਮਬਾਣ ਦੀ ਤਰ੍ਹਾਂ ਕੰਮ ਕਰੇਗਾ।
ਇਹ ਵੀ ਪੜ੍ਹੋ- ਪਾਕਿ ਜੇਲ੍ਹ ’ਚ ਬੰਦ ਭਾਰਤੀ ਕੈਦੀ ਦੀ ਹੋਈ ਮੌਤ, ਮ੍ਰਿਤਕ ਦੇਹ ਨੂੰ ਲਿਆਂਦਾ ਵਤਨ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।