COVID-19 ਤੋਂ ਵੀ ਖਤਰਨਾਕ ਹੈ ‘ਇਹ ਬੀਮਾਰੀ’

04/08/2020 1:43:33 PM

ਜਗਬਾਣੀ ਸਾਹਿਤ ਵਿਸ਼ੇਸ਼
ਲੇਖਕਾ : ਮਨਵੀਰ ਕੌਰ ਆਸਟ੍ਰੇਲੀਆ
ਕਦੇ ਸੋਚਿਆ ਨਹੀਂ ਸੀ ਕਿ ਅਸੀਂ ਅੱਜ ਜਿਸ ਮੋੜ ’ਤੇ ਹਾਂ ਉਸਦਾ ਆਲਾ-ਦੁਆਲਾ ਕਦੇ ਐਨਾ ਧੁੰਦਲਾ, ਕਾਲਾ ਅਤੇ ਡਰਾਵਣਾ ਨਜਰ ਆਵੇਗਾ ! ਮੈਂ ਕਿਸੇ ਫੁਰਨੇ ਦੀ ਗੱਲ ਨਹੀਂ ਕਰ ਰਹੀ ਬਲਕਿ ਉਸ ਹਕੀਕਤ ਨੂੰ ਬਿਆਨ ਕਰ ਰਹੀ ਹਾਂ, ਜੋ ਮੇਰੇ ਵਰਗੇ ਹਰ ਉਸ ਇਨਸਾਨ ਦੀ ਕਹਾਣੀ ਹੈ, ਜੋ ਆਪਣੀ ਜਵਾਨੀ ’ਚ ਸੰਘਰਸ਼ ਇਸ ਉਮੀਦ ਦੇ ਸਹਾਰੇ ਕਰ ਰਿਹਾ ਕਿ ਇਕ ਦਿਨ ਵਾਪਿਸ ਆਪਣੇ ਘਰ ਪਰਤ ਕੇ ਆਪਣਿਆਂ ਨੂੰ ਉਹ ਨਵੀਂ ਦਿਸ਼ਾ ਦਿਖਾਵੇਗਾ, ਜਿਸਦੇ ਉਹ ਵੀ ਹੱਕਦਾਰ ਹਨ। ਲੇਕਿਨ ਇਥੇ ਤਾਂ ਇਵੇਂ ਲਗਦਾ ਹੈ ਕਿ ਸਾਡੀ ਜ਼ਿੰਦਗੀ ਧੋਬੀ ਦੇ ਉਸ ਕੁੱਤੇ ਵਾਂਗੂੰ ਹੋ ਗਈ ਹੈ, ਜੋ ਨਾ ਘਰ ਦਾ ਰਿਹਾ ਨਾ ਘਾਟ ਦਾ !

ਦਿੱਕਤ ਮੇਰੀ-ਤੁਹਾਡੀ ਸੋਚ ਜਾਂ ਕੰਮ ਕਰਨ ਦੇ ਤਰੀਕੇ ਵਿਚ ਨਹੀਂ, ਦਿੱਕਤ ਉਸ ਸਿਸਟਮ ਵਿਚ ਹੈ, ਜੋ ਸਦੀਆਂ ਤੋਂ ਕੁਝ ਗਿਣੇ-ਚੁਣੇ ਲੋਕਾਂ ਦੇ ਹੱਥ ਵਿਚ ਦਿੱਤਾ ਜਾ ਰਿਹਾ ਹੈ । ਸਕੂਲ ਖਤਮ ਕਰਦਿਆਂ ਕਦੇ ਸੋਚਿਆ ਵੀ ਨਹੀਂ ਸੀ ਕਿ ਆਪਣਾ ਘਰ ਛੱਡ ਕੇ ਦੂਰ ਇਕ ਸੁਨਹਿਰੇ ਦੇਸ਼ ਵਿਚ ਜਾਣਾ ਪਵੇਗਾ, ਜਿਥੇ ਸੁਪਨਿਆਂ ਵਰਗੀ ਦੁਨੀਆਂ ਹੋਵੇਗੀ...... ਵੈਸੇ ਕਿਹੜਾ ਆਪਣਾ ਘਰ...? ਉਹ ਘਰ ਜਿਥੋਂ ਦੇ ਦੇਸ਼ ਨੇ ਸਾਡਾ ਖਿਆਲ ਨਹੀਂ ਰੱਖਿਆ ! ਜਦੋਂ ਕੋਈ ਮਾਂ ਬੱਚਾ ਜੰਮਦੀ ਹੈ ਤਾਂ ਉਹ ਉਸਦੀ ਸਾਂਭ ਸੰਭਾਲ ਕਰਦੀ ਹੈ, ਇਸ ਉਮੀਦ ’ਚ ਕਿ ਇਕ ਦਿਨ ਇਸਦੀ ਕਾਬਲੀਅਤ ਦੁਨੀਆ ਦੇ ਸਾਹਮਣੇ ਆਵੇਗੀ। ਮੇਰੇ ਇਸ ਬੱਚੇ ਵਿਚ ਜਰੂਰ ਕੋਈ ਤਾਂ ਗੁਣ ਹੋਵੇਗਾ, ਜੋ ਇਸਨੂੰ ਪਛਾਣ ਦਵੇਗਾ ਪਰ ਅਸੀਂ ਤਾਂ ਸਿਰਫ ਕੁਝ ਕੁ ਗੁਣਾ ਤੋਂ ਵਾਂਝੇ ਸੀ। ਫਿਰ ਕਿਵੇਂ ਇੱਥੇ ਰਹਿ ਕੇ ਕੰਮ ਕਰਦੇ ? ਸਾਡੇ ਤਾਂ ਹਰ ਦਿਨ ਬਲਾਤਕਾਰ ਅਤੇ ਕਤਲ ਹੁੰਦੇ ਨੇ। ਸਾਡੇ ਆਪਣੇ ਦੇਸ਼ ਵਿਚ ਸਾਡੇ ਲਈ ਇੰਨਾ ਕੰਮ ਅਤੇ ਸਹੂਲਤਾਂ ਵੀ ਨਹੀਂ ਕਿ ਆਪਣੀ ਪਛਾਣ ਕਾਇਮ ਕਰ ਸਕੀਏ। ਨਾਂਹੀ ਇਸ ਉਮਰ ਵਿਚ ਚਲਾਕੀ ਜਾਂ ਹੇਰ ਫੇਰ ਦਾ ਪਤਾ ਹੁੰਦਾ ਹੈ। ਇਹੋ ਜਿਹੇ ’ਚ ਲੱਗਿਆ ਕਿ ਚਲੋ ਸਾਡੇ ਆਪਣਿਆਂ ਨੇ ਤਾਂ ਸਾਡੇ ਨਾਲ ਕਾਣੀ ਵੰਡ ਕਰ ਦਿੱਤੀ ਹੈ, ਕਿਉਂ ਨਾ ਇਥੋਂ ਦੂਰ ਜਾਕੇ ਹੀ ਉਨ੍ਹਾਂ ਦੀ ਭਾਲ ਕਰੀਏ, ਜੋ ਸਾਡੀ ਮਿਹਨਤ ਦਾ ਮੁੱਲ ਪਾ ਦੇਣ।

ਜਦੋਂ ਦੀ ਆਸਟ੍ਰੇਲੀਆ ਆਈ ਹਾਂ, ਸਮਝ ਨਹੀਂ ਆਉਂਦਾ ਉਹ ਕਿਹੜਾ ਦਿਨ ਆਊਗਾ, ਜਦੋਂ ਇਹ ਫੈਸਲਾ ਲੈ ਸਕਾਂਗੀ ਕਿ ਮੈਂ ਇਥੇ ਰਹਿਣਾ ਜਾਂ ਵਾਪਿਸ ਵਤਨ ਚਲੇ ਜਾਣਾ ਹੈ ! ਸੰਘਰਸ਼ ਰੋਜ ਛੋਟੇ ਤੋਂ ਵੱਡਾ ਹੁੰਦਾ ਗਿਆ। ਜਿਵੇਂ ਜਿਵੇਂ ਮੈਂ ਵੱਡੀ ਹੋ ਰਹੀ ਸੀ ਅਤੇ ਮੇਰੇ ਵਾਂਗੂ ਹਰ ਉਹ ਵੀ ਇਨਸਾਨ, ਜੋ ਮੇਰੇ ਵਰਗੇ ਸੁਪਨੇ ਜਾਂ ਮਜਬੂਰੀਆਂ ਲੈ ਕੇ ਆਇਆ, ਸਾਨੂੰ ਲੱਗਦਾ ਹੈ ਕਿ ਆਹ ਗੋਰੇ ਸਾਡੀ ਸਾਂਭ-ਸੰਭਾਲ ਕਰਨਗੇ, ਸਾਡੀ ਮਿਹਨਤ ਦਾ ਮੁੱਲ ਪਾਉਣਗੇ, ਸਾਨੂੰ ਉਹ ਪਿਆਰ ਦੇਣਗੇ ਪਰ ਕੀ ਕਦੇ ਇਕ ਗਊ ਮਾਤਾ ਨੇ ਦੂਜੀ ਦੇ ਵੱਛੇ ਨੂੰ ਦੁੱਧ ਪਿਆਇਆ ਏ ? ਜਿਸ ਤਰਾਂ ਇਕ ਕੇਅਰਟੇਕਰ ਪੈਸਿਆਂ ਦੇ ਬਦਲੇ ਸਾਡੇ ਬੱਚਿਆਂ ਦੀ ਸੰਭਾਲ ਕਰਦੀ ਹੈ ਅਤੇ ਜਿਸ ਦਿਨ ਲੋੜ ਪੂਰੀ ਹੋ ਜਾਂਦੀ ਫਿਰ ਨਵਾਂ ਪਰਿਵਾਰ ਲੱਭਦੀ ਹੈ, ਜਾਂ ਜਦੋਂ ਸਾਡੀ ਜਰੂਰਤ ਮੁੱਕ ਜਾਂਦੀ ਹੈ। ਉਸੇ ਤਰਾਂ ਆਸਟਰੇਲੀਆ ਵਰਗੇ ਦੇਸ਼ ਦੀਆਂ ਸਰਕਾਰਾਂ ਤੁਹਾਡੇ ਕੋਲੋਂ ਤੁਹਾਡੇ ਬੱਚੇ ਲੈ ਕੇ ਸੈਲਰੀ ਤੇ ਪਾਲ ਰਹੀਆਂ ਹਨ। ਬਸ ਸਿਰਫ ਸਾਨੂੰ ਲੌਲੀਪਾਪ ਅਤੇ ਇਕ ਸਮੇਂ ਦੇ ਖਾਣੇ ਜਿੰਨਾ ਸਬਰਾ ਦੇ ਕੇ। 

ਜਿਸ ਦਿਨ ਦਾ ਮੈਂ ਆਸਟ੍ਰੇਲੀਆਈ PM ਸਕਾਟ ਮੋਰਿਸਨ ਦਾ ਬਿਆਨ ਸੁਣਿਆ ਕਿ "ਸਾਡੀ ਕੋਸ਼ਿਸ਼ ਹੈ ਕਿ ਅਸੀਂ ਆਪਣੇ ਲੋਕਾਂ ਨੂੰ ਬਚਾਈਏ, ਉਹਨਾਂ ਦੀ ਮਦਦ ਕਰੀਏ ਅਤੇ, ਜੋ ਸਟੂਡੈਂਟ ਸਾਡੇ ਤੋਂ ਮਦਦ ਮੰਗ ਰਹੇ ਨੇ ਉਹ ਇਹ ਨਾ ਭੁੱਲਣ ਕਿ ਜਦੋਂ ਉਹ ਏਥੇ ਆਉਂਦੇ ਨੇ ਤਾਂ ਆਪਣਾ ਇਕ ਸਾਲ ਦੇ ਰਹਿਣ ਦਾ ਖਰਚਾ ਦਿਖਾਉਂਦੇ ਹਨ। ਹੁਣ ਜੇਕਰ ਉਹ ਆਪਣਾ ਧਿਆਨ ਨਹੀਂ ਰੱਖ ਸਕਦੇ ਤਾਂ ਬੇਸ਼ਕ ਉਹ ਆਪਣੇ ਦੇਸ਼ ਪਰਤ ਸਕਦੇ ਹਨ, ਅਸੀਂ ਉਹਨਾਂ ਨੂੰ ਰੋਕਾਂਗੇ ਨਹੀਂ ! "
ਮੇਰਾ ਸਵਾਲ ਤੁਹਾਨੂੰ ਸਭ ਨੂੰ, ਉਹਨਾਂ ਜਥੇਬੰਦੀਆਂ ਨੂੰ, ਏਜੰਸੀਆਂ ਨੂੰ ਹੈ, ਜੋ ਮਨੁੱਖਤਾ ਲਈ ਕੰਮ ਕਰਦੀਆਂ ਨੇ, ਨਾਲ ਦੀ ਨਾਲ ਆਸਟ੍ਰੇਲੀਆ ਅਤੇ ਭਾਰਤ ਸਰਕਾਰ ਨੂੰ ਹੈ......ਕਿ ਤੁਹਾਡੇ ਲਈ ਸਟੂਡੈਂਟਸ ਦੀ ਕਦਰ ਜਾਨਵਰਾਂ ਜਿੰਨੀ ਹੈ ? ਜੋ ਜਦ ਦੁੱਧ ਦਿੰਦੇ ਆ ਤਾਂ ਸੇਵਾ ਕਰੋ ਜਦੋਂ ਨਾ ਦੇਵੇ ਤਾਂ ਛੱਡ ਦਿਉ ! ਅਸੀਂ ਟੈਕਸ ਦੇ ਰੂਪ ਵਿਚ ਏਥੇ ਜੋ ਦੁੱਧ ਦੇ ਰਹੇ ਹਾਂ, ਹੁਣ ਸਾਡੀਆਂ ਨੌਕਰੀਆਂ ਚਲੀਆਂ ਗਈਆਂ, ਸਾਡੇ ਪੈਸੇ ਮੁੱਕ ਗਏ, ਹੁਣ ਤੁਸੀਂ ਸਾਨੂੰ ਮਰਨ ਲਈ ਛੱਡ ਰਹੇ ਹੋ ? ਜੇਕਰ ਅਸੀਂ (ਸਟੂਡੈਂਟ) ਤੁਹਾਡੇ ਆਪਣੇ ਨਹੀਂ ਤਾਂ ਐਨਾ ਤਾਮ-ਝਾਮ ਕਿਉਂ ਹੈ ? ਟੈਕਨਾਲੋਜੀ, ਸਿੱਖਿਆ ਜਾਂ ਐਕਸਚੇਂਜ ਪ੍ਰੋਗਰਾਮ ਦਾ ? 

ਉਹਨਾਂ ਬੱਚਿਆਂ ਦਾ ਕੀ ਜਿਹਨਾਂ ਨੇ ਆਪਣੀਆਂ ਪੜ੍ਹਾਈਆਂ ਖਤਮ ਕਰਕੇ, ਦਿਨ ਰਾਤ ਮਿਹਨਤ ਕੀਤੀ, ਭਾਰੀ ਫੀਸਾਂ ਦੇ ਕੇ ਕਾਨੂੰਨੀ ਤਰੀਕੇ ਨਾਲ ਆਪਣੀ PR ਪਾਈ ਪਰ ਉਹ ਆਸਟ੍ਰੇਲੀਅਨ ਸਰਕਾਰ ਦੇ ਹਰ ਸਾਲ ਆਪਣੀ ਪਾਲਿਸੀ ਬਦਲਣ ਕਰਕੇ ਰੱਦ ਕਰ ਦਿੱਤੀ ? ਉਹ ਸਟੂਡੈਂਟ ਫਿਰ ਸੰਘਰਸ਼ ਕਰਨ ਨੂੰ ਮਜਬੂਰ ਹੋਏ! ਉਹਨਾਂ ਦਾ ਕੀ ਜਿਹਨਾਂ ਦੇ PR ਕੇਸ ਤੁਸੀਂ ਪੈਸੇ, ਟੈਕਸ ਅਤੇ ਫਾਈਲਾਂ ਲੈਣ ਤੋਂ ਬਾਅਦ ਵੀ ਬਿਨਾਂ ਕਿਸੇ ਕਾਰਨ ਦੇ ਖਾਰਿਜ ਕਰ ਦਿੰਦੇ ਹੋ। ਉਦੋਂ ਤਕ ਉਹਨਾਂ ਦਾ ਸੰਘਰਸ਼ ਇੰਨਾ ਅੱਗੇ ਵੱਧ ਚੁੱਕਿਆ ਹੁੰਦਾ ਕਿ ਨਾ ਤਾਂ ਉਹ ਸ਼ਰਮਿੰਦਾ ਹੋ ਕੇ ਵਾਪਿਸ ਪਰਤਣ ਜੋਗੇ ਹੁੰਦੇ ਨੇ ਅਤੇ ਨਾ ਹੀ ਏਥੇ ਆਪਣੇ ਹੱਕਾਂ ਤੋਂ ਵਾਂਝੇ ਰਹਿਣਾ ਚਾਹੁੰਦੇ ਹਨ ! ਕਿਉਂ ਤੁਸੀਂ ਲੋਕਾਂ ਨੂੰ ਬੁਲਾਵੇ ਦਿੰਦੇ ਹੋ ਇਹੋ ਜਿਹੀ ਨਾਗਰਿਕਤਾ ਦੇ ? ਜੇਕਰ ਸਟੂਡੈਂਟਸ ਤੁਹਾਡੇ ਆਪਣੇ ਨਹੀਂ ਤਾਂ ਬੰਦ ਕਰੋ ਆਹ ਖੇਡ, ਆਹ ਦਿਖਾਵਾ ! ਅਸੀਂ ਸਟੂਡੈਂਟਸ ਜਿੰਨਾ ਤੁਹਾਨੂੰ ਇਕ ਸਾਲ ਵਿਚ ਕਮਾ ਕੇ ਫੀਸ ਦਿੰਦੇ ਹਾਂ ਉਹ ਪੈਸੇ ਤੁਹਾਨੂੰ ਤੁਹਾਡੇ ਆਪਣੇ ਲੋਕ ਤੁਹਾਡੇ ਤੋਂ ਹੀ ਖੈਰਾਤ ਲੈ ਕੇ ਤੁਹਾਨੂੰ ਵਾਪਿਸ ਕਰਨ ਦੇ ਕਾਬਿਲ ਨਹੀਂ ਨੇ ! 

ਤੁਹਾਡੇ ਆਪਣਿਆਂ ਦੇ ਹੀ ਇਸ ਕਰੋਨਾ ਵਾਇਰਸ COVID19 ਦੇ ਡਰ ਨਾਲ ਹੱਥ ਖੜੇ ਹੋ ਗਏ ਨੇ ਅਤੇ ਉਹ ਆਪਣੇ ਘਰਾਂ ਵਿਚ ਬੈਠੇ ਤੁਹਾਨੂੰ ਸ਼ਾਬਾਸ਼ੀ ਦੇ ਰਹੇ ਹਨ, ਕਿ ਉਹਨਾਂ ਦਾ ਸਟੂਡੈਂਟਸ ਪ੍ਰਤੀ ਕੋਈ ਫਰਜ ਨਹੀਂ, ਜੋ ਇੰਨੇ ਸਾਲਾਂ ਤੋਂ ਆਰਥਿਕ ਮਦਦ, ਰੋਜ਼ਗਾਰ ਅਤੇ ਘੱਟ ਪੈਸਿਆਂ ਵਿਚ ਕੰਮ ਕਰਕੇ ਮੁਨਾਫੇ ਦੇ ਰਹੇ ਹਨ ? ਕਿੰਨਾ ਚਿਰ ਹੋ ਗਿਆ ਗੁਲਾਮੀ ਕਰਦਿਆਂ, ਕਿਥੇ ਤੁਹਾਡੇ ਆਪਣੇ ਲੋਕ ਜਾਂ ਆਪਣੇ ਸਟੂਡੈਂਟਸ ਜਿਨ੍ਹਾਂ ਨੂੰ ਤੁਹਾਡੇ ਕਾਨੂੰਨ ਮੁਤਾਬਕ ਉਮਰ ਦੇ ਹਿਸਾਬ ਨਾਲ ਐਵਾਰਡ ਪੇ ਮਿਲਦੀ ਹੈ। ਦੂਜੇ ਪਾਸੇ ਸਾਡੇ ਵਰਗੇ ਸਟੂਡੈਂਟਸ ਉਸੇ ਹੀ ਜਗ੍ਹਾ ਤੇ ਅੱਧੇ ਪੈਸਿਆਂ ਵਿਚ ਕੰਮ ਕਰਦੇ ਹਨ ! ਸ਼ਿਕਾਇਤ ਕਿਸ-ਕਿਸ ਦੀ ਕਰਾਂ ? ਹਰ ਕੋਈ ਚੋਰੀ ਕਰ ਰਿਹਾ ਹੈ, ਕੋਈ ਸਟੂਡੈਂਟਸ ਦੇ ਹੱਕ ਮਾਰ ਕੇ ਅਤੇ ਕੋਈ PR ਹੋਏ ਭਾਰਤੀ ਲੋਕਾਂ ਦੇ ! ਜੇ 29 ਸਾਲ ਵਾਲੇ ਸਟੂਡੈਂਟ ਨੂੰ ਕਾਨੂੰਨੀ 27 ਤੋਂ 29 ਡਾਲਰ ਮਿਲਦੇ ਹਨ ਤਾਂ ਕੀ ਜਰੂਰਤ ਹੈ ਉਨ੍ਹਾਂ ਨੂੰ ਸਾਰਾ ਦਿਨ ਧੱਕੇ ਖਾਕੇ ਪੈਸੇ ਕਮਾਉਣ ਦੀ ? ਜੋ ਪੈਸੇ ਇਕ ਇੰਟਰਨੈਸ਼ਨਲ ਸਟੂਡੈਂਟ 2 ਹਫਤਿਆਂ ਵਿਚ ਕਮਾਉਂਦਾ ਹੈ, ਉਹੀ ਤੁਹਾਡਾ ਆਪਣਾ 1 ਹਫਤੇ ਵਿਚ ਕਮਾ ਕੇ ਬਾਕੀ ਸਮਾਂ ਆਪਣੀ ਲਾਈਫ਼ ਇਨਜੁਆਏ ਕਰਦਾ ਹੈ। ਕਿਥੇ ਹੈ ਸਾਡੇ ਸਟੂਡੈਂਟਸ ਦਾ ਉਹ ਵੀਕਐਂਡ ? ਕਿਥੇ ਹੈ ਉਹ ਕਵਾਲਿਟੀ, ਜੋ ਤੁਹਾਡੀ ਕਿਤਾਬਾਂ ਵਿਚ ਨਜ਼ਰ ਆ ਰਹੀ ਆ ? ਕਿ ਆਹ ਸੰਘਰਸ਼ ਕੇਵਲ ਹੁਣੇ ਕਰੋਨਾ ਦੇ ਨਾਲ ਆਇਆ ਹੈ ਜਾਂ ਸਦੀਆਂ ਤੋਂ ਪੀੜਤ ਉਹਨਾਂ ਵਿਦਿਆਰਥੀਆਂ ਦਾ ਹੈ, ਜੋ ਆਪਣੀ ਖਵਾਹਿਸਾਂ ਅਤੇ ਖੁਸ਼ੀਆਂ ਨੂੰ ਮਾਰ ਕੇ ਆਪਣੀ ਪਛਾਣ ਲੱਭਣ ਦੀ ਕੋਸ਼ਿਸ਼ ਵਿਚ ਆਪਣਾ ਆਪ ਵੀ ਗੁਆ ਬੈਠੇ ਹਨ ? ਉਹਨਾਂ ਦੇ ਘਰ ਵਾਲੇ, ਉਨ੍ਹਾਂ ਦੇ ਮਾਂ-ਬਾਪ ਜਿਨ੍ਹਾਂ ਦਾ ਸੰਘਰਸ਼ ਉਨ੍ਹਾਂ ਤੋਂ ਵੀ ਵੱਡਾ ਹੈ।

ਬਹੁਤ ਦੁੱਖ ਹੋ ਰਿਹਾ ਇਹ ਸਭ ਮਹਿਸੂਸ ਕਰਕੇ ਅਤੇ ਹੰਢਾਅ ਕੇ, ਕਿ ਅਸੀਂ ਉਨ੍ਹਾਂ ਕੋਲੋਂ ਉਮੀਦ ਕਰ ਰਹੇ ਹਾਂ, ਜਿਨ੍ਹਾਂ ਨੇ ਸਾਨੂੰ ਐਨੇ ਸਾਲ ਗੁਲਾਮ ਰੱਖਿਆ ਅਤੇ ਉਹਨਾਂ ਆਪਣਿਆਂ ਤੋਂ ਵੀ ਜਿਨ੍ਹਾਂ ਨੇ ਕੋਈ ਕਸਰ ਨਹੀਂ ਛੱਡੀ, ਆਪਣਾ ਦੇਸ਼ ਵੇਚਣ ਵਿਚ ! ਸ਼ਾਇਦ ਇਹੋ ਸਮਾਂ ਆ ਇਹ ਮਹਿਸੂਸ ਕਰਨ ਦਾ ਕਿ ਜਦੋਂ ਪੇਕੇ ਅਤੇ ਸਹੁਰੇ ਪਰਿਵਾਰ ਇਕੋ ਜਿਹੇ ਹੋ ਜਾਣ ਤਾਂ ਰਸਤਾ ਉਹੋ ਚੁਣੋ, ਜੋ ਸਾਡੀ ਪਛਾਣ ਵਲ ਜਾਵੇ। ਸਾਡੀ ਪਛਾਣ ਤਾਂ ਹੀ ਬਣੇਗੀ, ਜਦੋਂ ਅਸੀਂ ਇਹਨਾਂ ਦੋਹਾਂ ਨੂੰ ਆਪਣੀ ਔਕਾਤ ਵਿਖਾਈਏ ਅਤੇ ਉਹ ਤਾਕਤ ਕੋਈ ਜੋਸ਼ ਵਿਚ ਕੀਤੀ ਗਈ ਹਿੰਸਕ ਲੜਾਈ ਜਾਂ ਧਰਨਾ ਨਹੀਂ ਬਲਕਿ ਇਹ ਤਾਕਤ ਹੈ ਆਪਣੀ ਸੋਚ ਨੂੰ ਇਹਨਾਂ ਦੋਹਾਂ ਦੀ ਰਾਜਨੀਤੀ ਅਤੇ ਨੀਅਤ ਤੋਂ ਉੱਪਰ ਚੁੱਕਣ ਦੀ, ਇਹਨਾਂ ਨੂੰ ਰਾਜਨੀਤਕ ਤੌਰ ਤੇ ਟੱਕਰ ਦੇਣ ਦੀ। ਆਪਣੀਆਂ ਜੜ੍ਹਾਂ ਨੂੰ ਮਜਬੂਤ ਕਰਕੇ ਉਸ ਵਿਚੋਂ ਤਾਕਤ ਲੈਣ ਦੀ। ਏਥੇ ਰਹਿੰਦਿਆਂ ਜਾਂ ਆਪਣੇ ਘਰਾਂ ਨੂੰ ਪਰਤ ਕੇ ਆਪਣੀ ਸੋਚ ਹਰ ਉਸ ਨੌਜਵਾਨ ਤਕ ਪਹੁੰਚਾਉਣ ਦੀ, ਜਿਸ ਕੋਲ ਆਪਣੀ ਆਜ਼ਾਦੀ ਦੀ ਕੋਈ ਦ੍ਰਿਸ਼ਟੀ ਨਹੀਂ ਹੈ। 

ਕੀ ਸਾਡੇ ਇਸ ਸੰਘਰਸ਼ ਦੀ ਕੋਈ ਸੀਮਾ, ਕੋਈ ਅੰਤ ਨਹੀਂ ? ਅਸੀਂ ਕਿਸ-ਕਿਸ ਤੋਂ ਭੱਜਾਂਗੇ ਅਤੇ ਕਿੰਨੀ ਦੇਰ ? ਕਿਥੋਂ-ਕਿਥੋਂ ਨਿਰਾਸ਼ ਹੁੰਦੇ ਰਹੀਏ ਅਤੇ ਕਿੰਨਾ ? ਸਾਡੇ ਇਹ ਅੰਦਰਲੇ ਤੂਫਾਨ ਕਿਸ ਦਿਨ ਸ਼ਾਂਤ ਹੋਣਗੇ ਅਤੇ ਕਿਸ ਹੱਦ ਤਕ ? ਕਦੋਂ ਤੱਕ ਸਾਡੇ ਮਾਂ ਬਾਪ ਹੀ ਸੰਘਰਸ਼ ਕਰਦੇ ਰਹਿਣਗੇ। ਕਦੇ ਸਾਨੂੰ ਦੂਰ ਕਰਕੇ ਸਾਨੂੰ ਨਵੀਂ ਜਿੰਦਗੀ ਦੇ ਕੇ ਆਪ ਮਰ-ਮਰ ਕੇ ਜੀਣ ਦਾ, ਕਦੇ ਸਾਡੇ ਸੰਘਰਸ਼ ਵਿਚ ਨਾਲ ਪਿਸਣ ਦਾ ? ਕਿੰਨੀ ਦੇਰ ਆਪਣੇ ਅਤੇ ਬਿਗਾਨੇ ਦਿਖਾਵਾ ਕਰਦੇ ਰਹਿਣਗੇ ?... ਅਤੇ ਸਾਡੀਆਂ ਰਾਤਾਂ ਦੀਆਂ ਨੀਂਦਾਂ ਚੋਰੀ ਕਰਕੇ, ਸਾਡੇ ਕੋਲੋਂ ਸਾਡੀ ਜਵਾਨੀ ਦੇ ਇਸ ਕਦੇ ਨਾ ਮੁੱਕਣ ਵਾਲੇ "ਅਮਰ ਸੰਘਰਸ਼" ਵਿਚ ਦੱਬੇ ਹੀ ਰਹਿਣਗੇ ? ਕਿੰਨੀ ਦੇਰ ਮੇਰੇ ਵੀ ਆਹ ਅੱਥਰੂ ਹਰ ਉਸ ਇਨਸਾਨ ਦੀ ਪੀੜ ਝਲਕਾਉਂਦੇ ਰਹਿਣਗੇ, ਜੋ ਇਸ ਭਿਆਨਕ ਬਿਮਾਰੀ ਦਾ ਹਰ ਦਿਨ ਸ਼ਿਕਾਰ ਹੁੰਦੇ ਨੇ...... ਇਹ ਬਿਮਾਰੀ COVID19 ਤੋਂ ਕਿਤੇ ਖਤਰਨਾਕ ਹੈ।

 
ਮਨਵੀਰ ਕੌਰ  0061468478910

Manvir.net@gmail.com


jasbir singh

News Editor

Related News