ਥਾਣੇਦਾਰ ਨੂੰ ਖਾਲਿਸਤਾਨੀ ਸਮੱਰਥਕਾਂ ਨੇ ਸੋਸ਼ਲ ਮੀਡੀਆ ''ਤੇ ਦਿੱਤੀ ਧਮਕੀ

Tuesday, Apr 17, 2018 - 04:55 AM (IST)

ਤਰਨਤਾਰਨ,   (ਰਮਨ)-  ਇਥੋਂ ਦੇ ਵਸਨੀਕ ਪੰਜਾਬ ਪੁਲਸ 'ਚ ਤਾਇਨਾਤ ਇਕ ਥਾਣੇਦਾਰ ਨੂੰ ਖਾਲਿਸਤਾਨੀ ਸਮਰੱਥਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣੇਦਾਰ ਦੀ ਪਤਨੀ ਨੇ ਦੋਸ਼ ਲਾਇਆ ਹੈ ਕਿ ਦੋਸ਼ੀਆਂ ਵੱਲੋਂ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਪਰ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਪਰਿਵਾਰਿਕ ਮੈਂਬਰਾਂ ਦੀ ਜਾਨ ਨੂੰ ਖਤਰਾ ਵੀ ਦੱਸਿਆ ਹੈ। ਔਰਤ ਨੇ ਆਪਣੀ ਸ਼ਿਕਾਇਤ ਦੀ ਕਾਪੀ ਮੁੱਖ ਮੰਤਰੀ ਪੰਜਾਬ ਤੋਂ ਇਲਾਵਾ ਚੀਫ ਜਸਟਿਸ ਪੰਜਾਬ ਹਰਿਆਣਾ ਹਾਈ ਕੋਰਟ, ਡੀ. ਜੀ. ਪੀ. ਪੰਜਾਬ, ਆਈ. ਜੀ. ਬਾਰਡਰ ਜ਼ੋਨ ਅਤੇ ਐੱਸ. ਐੱਸ. ਪੀ. ਤਰਨਤਾਰਨ ਨੂੰ ਵੀ ਭੇਜੀ ਹੈ।
 ਇਸ ਸਬੰਧੀ ਜਾਣਕਾਰੀ ਦਿੰਦਿਆਂ ਲਵਲੀਨ ਪੁੰਜ ਨੇ ਦੱਸਿਆ ਕਿ ਉਸ ਦਾ ਪਤੀ ਕੁਲਵਿੰਦਰਪਾਲ ਪੁੰਜ ਟ੍ਰੈਫਿਕ ਪੁਲਸ ਭਿੱਖੀਵਿੰਡ ਵਿਚ ਤਾਇਨਾਤ ਹੈ। ਪਿਛਲੇ ਸਾਲ 14 ਅਕਤੂਬਰ ਨੂੰ ਗੁਆਂਢ ਵਿਚ ਰਹਿੰਦੀ ਇਕ ਔਰਤ ਨਾਲ ਉਨ੍ਹਾਂ ਦਾ ਮਾਮੂਲੀ ਝਗੜਾ ਹੋਇਆ ਸੀ, ਜਿਸ 'ਤੇ ਉਸ ਦੇ ਪਰਿਵਾਰ ਦੀ ਕੁੱਟ-ਮਾਰ ਵੀ ਹੋਈ ਸੀ। ਘਰ ਦੀਆਂ ਔਰਤਾਂ ਦੇ ਨਾਲ ਛੇੜਛਾੜ ਕਰਨ ਵਾਲੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਜਦੋਂ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਤਾਂ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਜਦੋਂਕਿ ਅੰਮ੍ਰਿਤਧਾਰੀ ਔਰਤ ਦੀ ਸ਼ਿਕਾਇਤ 'ਤੇ ਉਸ ਦੇ ਪਰਿਵਾਰ ਦੇ ਖਿਲਾਫ਼ ਝੂਠਾ ਮੁਕੱਦਮਾ ਦਰਜ ਕਰ ਲਿਆ ਗਿਆ।
 ਲਵਲੀਨ ਨੇ ਦੱਸਿਆ ਕਿ ਕੁਝ ਲੋਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਗਲਤ ਪੋਸਟਾਂ ਪਾ ਕੇ ਪੂਰੇ ਪਰਿਵਾਰ ਨੂੰ ਗੰਦੀਆਂ ਗਾਲ੍ਹਾਂ ਕੱਢੀਆਂ ਗਈਆਂ। ਇਸ ਤੋਂ ਇਲਾਵਾ ਖਾਲਿਸਤਾਨੀ ਸਮਰੱਥਕਾਂ ਨੇ ਉਸ ਦੇ ਪਤੀ ਕੁਲਵਿੰਦਰਪਾਲ ਪੁੰਜ ਦੇ ਨਾਲ ਗਾਲੀ-ਗਲੋਚ ਕਰਦਿਆਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਸ ਨੇ ਦੱਸਿਆ ਕਿ ਮਾਮਲੇ ਸਬੰਧੀ ਸ਼ਿਕਾਇਤਾਂ ਵਾਰ-ਵਾਰ ਦਿੱਤੀਆਂ ਗਈਆਂ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਕੁਝ ਗਰਮ-ਖਿਆਲੀ ਲੋਕ ਉਸ ਦੇ ਪਤੀ ਕੁਲਵਿੰਦਰਪਾਲ ਪੁੰਜ ਨੂੰ ਧਮਕੀਆਂ ਦੇ ਰਹੇ ਹਨ ਕਿ ਅੰਮ੍ਰਿਤਧਾਰੀ ਔਰਤ ਵਿਰੁੱਧ ਸ਼ਿਕਾਇਤ ਵਾਪਸ ਲੈ ਲਵੋ ਨਹੀਂ ਤਾਂ ਅੰਜਾਮ ਬੁਰਾ ਹੋਵੇਗਾ। ਔਰਤ ਦਾ ਦੋਸ਼ ਹੈ ਕਿ ਹਿੰਦੂ ਪਰਿਵਾਰ ਨਾਲ ਜੁੜੇ ਹੋਣ ਕਾਰਨ ਪੁਲਸ ਉਨ੍ਹਾਂ ਨੂੰ ਕੋਈ ਇਨਸਾਫ ਨਹੀਂ ਦਿਵਾ ਰਹੀ। ਉਨ੍ਹਾਂ ਕਿਹਾ ਕਿ ਜੇਕਰ ਉਸ ਦੇ ਪਰਿਵਾਰ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦੇ ਲਈ ਸਥਾਨਕ ਪੁਲਸ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। 
ਧਮਕੀਆਂ ਦੇਣ ਦੇ ਮਾਮਲੇ ਦੀ ਚੱਲ ਰਹੀ ਜਾਂਚ : ਐੱਸ. ਐੱਸ. ਪੀ. 
ਇਸ ਸਬੰਧੀ ਤਰਨਤਾਰਨ ਦੇ ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ ਦਾ ਕਹਿਣਾ ਹੈ ਕਿ ਅੰਮ੍ਰਿਤਧਾਰੀ ਔਰਤ ਦੀ ਕੁੱਟ-ਮਾਰ ਕਰਨ 'ਤੇ ਏ. ਐੱਸ. ਆਈ. ਕੁਲਵਿੰਦਰਪਾਲ ਪੁੰਜ, ਉਸ ਦੀ ਪਤਨੀ ਲਵਲੀਨ ਪੁੰਜ ਸਮੇਤ 5 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਹਰ ਵਿਅਕਤੀ ਨੂੰ ਇਨਸਾਫ ਦਿਵਾਉਂਦੀ ਹੈ। ਐੱਸ. ਐੱਸ. ਪੀ. ਨੇ ਕਿਹਾ ਕਿ ਏ. ਐੱਸ. ਆਈ. ਕੁਲਵਿੰਦਰਪਾਲ ਪੁੰਜ ਨੂੰ ਸੋਸ਼ਲ ਮੀਡੀਆ 'ਤੇ ਮਿਲੀਆਂ ਧਮਕੀਆਂ ਦੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ। 


Related News