ਨਵਾਂਸ਼ਹਿਰ ਜ਼ਿਲ੍ਹੇ ’ਚ ਕੋਰੋਨਾ ਨਾਲ ਤੀਜੀ ਮੌਤ, 2 ਨਵੇਂ ਕੇਸ ਆਏ ਸਾਹਮਣੇ
Sunday, Aug 02, 2020 - 12:48 AM (IST)
ਨਵਾਂਸ਼ਹਿਰ, (ਤ੍ਰਿਪਾਠੀ) - ਕੋਵਿਡ-19 ਨਾਲ ਜ਼ਿਲੇ ’ਚ ਹੋਈ ਤੀਜੀ ਮੌਤ ਦੇ ਮਰੀਜ਼ ਦਾ ਇਲਾਜ ਕਰਨ ਵਾਲੇ ਨਿੱਜੀ ਹਸਪਤਾਲ ਦੇ ਡਾਕਟਰ ਸਣੇ ਨਵਾਂਸ਼ਹਿਰ ਵਿਖੇ ਕੋਰੋਨਾ ਦੇ 2 ਨਵੇਂ ਮਰੀਜ਼ ਆਉਣ ਨਾਲ ਜ਼ਿਲੇ ’ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 315 ਹੋ ਗਈ ਹੈ।
ਸਿਵਲ ਸਰਜਨ ਡਾ. ਰਾਜਿੰਦਰ ਪ੍ਰਸਾਦ ਭਾਟੀਆ ਨੇ ਦੱਸਿਆ ਕਿ ਕਰਿਆਮ ਰੋਡ ਵਾਸੀ ਡਾ. ਦੀਪਕ ਅਤੇ ਗਰਚਾ ਇਨਕਲੇਵ, ਨਵਾਂਸ਼ਹਿਰ ਵਾਸੀ ਕੇਤਨ ਕਪੂਰ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ’ਚ ਨਵੇਂ 2 ਕੇਸ ਆਉਣ ਨਾਲ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 315 ਹੋ ਗਈ ਹੈ, ਜਿਸ ’ਚੋਂ 266 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ, 3 ਦੀ ਮੌਤ ਹੋਈ ਹੈ, ਜਦਕਿ ਜ਼ਿਲੇ ’ਚ ਐਕਟਿਵ ਮਰੀਜ਼ਾਂ ਦੀ ਗਿਣਤੀ 46 ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ’ਚ 95 ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ਅਤੇ 19 ਨੂੰ ਹੋਮ ਆਈਸੋਲੇਟ ਕੀਤਾ ਗਿਆ ਹੈ।
ਨਿੱਜੀ ਹਸਪਤਾਲ ਦੇ ਡਾਕਟਰ ਦੇ ਸੰਪਰਕ ’ਚ ਆਇਆ ਸੀ ਕੋਰੋਨਾ ਮ੍ਰਿਤਕ
ਮਿਲੀ ਜਾਣਕਾਰੀ ਮੁਤਾਬਕ ਨਿੱਜੀ ਹਸਪਾਤਲ ਵਿਖੇ ਪ੍ਰੈਕਟਿਸ ਕਰਨ ਵਾਲੇ ਡਾ.ਦੀਪਕ ਵੱਲੋਂ ਜ਼ਿਲੇ ’ਚ ਹੋਈ ਤੀਜੀ ਕੋਰੋਨਾ ਮੌਤ ਦੇ ਮਰੀਜ਼ ਦਾ ਆਈ.ਸੀ.ਯੂ. ’ਚ ਇਲਾਜ ਕੀਤਾ ਗਿਆ ਸੀ। ਮ੍ਰਿਤਕ ਦੀ ਰਿਪੋਰਟ ਉਪਰੰਤ ਉਨ੍ਹਾਂ ਦੀ ਪਹਿਲੀ ਰਿਪੋਰਟ ਨੈਗੇਟਿਵ ਆਈ ਹੈ, ਪਰ ਖੁਦ ’ਚ ਕੋਰੋਨਾ ਲੱਛਣ ਪਾਏ ਜਾਣ ਦੇ ਚੱਲਦੇ ਡਾ.ਦੀਪਕ ਨੇ ਟਰੂ-ਨਾਟ ਮਸ਼ੀਨ ’ਚ ਮੁਡ਼ ਜਾਂਚ ਕਰਵਾਈ ਸੀ, ਜਿਸ ’ਚ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇੱਥੇ ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਪਤਨੀ ਜੋ ਸਰਕਾਰੀ ਬੀ.ਏ.ਐੱਮ.ਐੱਸ. ਡਾਕਟਰ ਹੈ ਅਤੇ ਉਨ੍ਹਾਂ ਦੀ ਡਿਊਟੀ ਕੇ.ਸੀ. ਕਾਲਜ ਵਿਖੇ ਬਣਾਏ ਗਏ ਕੁਆਰੰਟਾਈਨ ਵਿਖੇ ਲੱਗੀ ਹੋਈ ਹੈ, ਨੂੰ ਵੀ ਕੁਆਰੰਟਾਈਨ ਕੀਤਾ ਗਿਆ ਹੈ। ਇਸ ਸਬੰਧੀ ਨੋਡਲ ਅਫਸਰ ਡਾ.ਐੱਨ.ਪੀ. ਸ਼ਰਮਾ ਨੇ ਪੁਸ਼ਟੀ ਕਰਦੇ ਕਿਹਾ ਕਿ ਉਨ੍ਹਾਂ ਨੂੰ 14 ਦਿਨ ਦੇ ਕੁਆਰੰਟਾਈਨ ’ਤੇ ਭੇਜਿਆ ਗਿਆ ਹੈ। ਨਿੱਜੀ ਹਸਪਤਾਲ ਦੇ ਇਕ ਮੁਲਾਜ਼ਮ ਨੇ ਦੱਸਿਆ ਕਿ ਡਾ. ਦੀਪਕ ਨਾਲ ਤਾਇਨਾਤ ਆਈ.ਸੀ.ਯੂ. ਦੇ ਸਾਰੇ ਸਟਾਫ ਨੂੰ ਵੀ ਕੁਆਰੰਟਾਈਨ ਕੀਤਾ ਗਿਆ ਹੈ। ਸਿਵਲ ਸਰਜਨ ਨੇ ਦੱਸਿਆ ਕਿ ਡਾ.ਦੀਪਕ ਦੇ ਸੰਪਰਕ ’ਚ ਆਉਣ ਵਾਲੇ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਦਾ ਸਕਣ।