ਘੱਗਰ ’ਚ ਤੀਜੀ ਵਾਰ ਪਿਆ ਪਾੜ, ਪਾਣੀ ਖ਼ਤਰੇ ਦੇ ਨਿਸ਼ਾਨ ਉੱਪਰ, ਪਿੰਡ ਛੱਡਣ ਲਈ ਮਜਬੂਰ ਲੋਕ

Monday, Jul 17, 2023 - 09:34 PM (IST)

ਘੱਗਰ ’ਚ ਤੀਜੀ ਵਾਰ ਪਿਆ ਪਾੜ, ਪਾਣੀ ਖ਼ਤਰੇ ਦੇ ਨਿਸ਼ਾਨ ਉੱਪਰ, ਪਿੰਡ ਛੱਡਣ ਲਈ ਮਜਬੂਰ ਲੋਕ

ਮਾਨਸਾ (ਸੰਦੀਪ ਮਿੱਤਲ)-ਘੱਗਰ ਦੇ ਵਧਦੇ ਪਾਣੀ ਨੂੰ ਲੈ ਕੇ ਅਜੇ ਵੀ ਸਰਦੂਲਗੜ੍ਹ ਦੇ ਲੋਕ ਸਹਿਮੇ ਹੋਏ ਹਨ। ਹਾਲਾਂਕਿ ਸਰਕਾਰ ਤੇ ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਨਾ ਘਬਰਾਉਣ ਅਤੇ ਇਸ ਵਾਸਤੇ ਸਾਰੇ ਪੁਖ਼ਤਾ ਪ੍ਰਬੰਧ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਘੱਗਰ ਦਾ ਪਾਣੀ ਇਸ ਸਮੇਂ 24.6 ਫੁੱਟ ਦੇ ਕਰੀਬ ਚੱਲ ਰਿਹਾ ਹੈ, ਜੋ ਖ਼ਤਰੇ ਦੇ ਨਿਸ਼ਾਨ ਤੋਂ ਕਰੀਬ 3 ਫੁੱਟ ਜ਼ਿਆਦਾ ਹੈ। ਪਾਣੀ ਦੇ ਵਧਦੇ ਪੱਧਰ ਨੂੰ ਲੈ ਕੇ ਲੋਕ ਇਸ ਗੱਲ ਤੋਂ ਸਹਿਮੇ ਹੋਏ ਹਨ ਕਿ ਕਿਸੇ ਵੀ ਸਮੇਂ ਘੱਗਰ ਦਾ ਬੰਨ੍ਹ ਟੁੱਟ ਸਕਦਾ ਹੈ, ਜਿਸ ਨਾਲ ਪਿੰਡਾਂ ਦੇ ਪਿੰਡ ਪਾਣੀ ਦੀ ਲਪੇਟ ’ਚ ਆ ਜਾਣਗੇ। ਸੋਮਵਾਰ ਨੂੰ ਸਰਦੂਲਗੜ੍ਹ ਦੇ ਪਿੰਡ ਝੰਡਾ ਖੁਰਦ ਤੇ ਰੋੜਕੀ ਵਿਚਕਾਰ ਘੱਗਰ ਦੇ ਬੰਨ੍ਹ ਵਿਚ ਮੁੜ ਪਾੜ ਪੈ ਗਿਆ, ਜਿਸ ਨਾਲ ਸਿਰਸਾ-ਮਾਨਸਾ ਰੋਡ ’ਤੇ ਪਾਣੀ ਭਰਨ ਤੋਂ ਇਲਾਵਾ ਪਿੰਡ ਝੰਡਾ ਖੁਰਦ, ਰੋੜਕੀ ਅਤੇ ਝੰਡਾ ਕਲਾਂ ’ਚ ਤਕਰੀਬਨ 1 ਹਜ਼ਾਰ ਏਕੜ ਫਸਲ ’ਚ ਪਾਣੀ ਭਰ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਵਿਖੇ ਜਨਮ ਦਿਨ ਮੌਕੇ ਗੋਵਿੰਦਾ ਦੀ ਧੀ ਅਦਾਕਾਰਾ ਟੀਨਾ ਆਹੂਜਾ ਹੋਈ ਨਤਮਸਤਕ

PunjabKesari

ਹਾਲਾਂਕਿ ਇਨ੍ਹਾਂ ਪਿੰਡ ਵਾਸੀਆਂ ਨੇ ਪਾਣੀ ਤੋਂ ਮੂਹਰੇ ਬੰਨ੍ਹ ਲਗਾ ਕੇ ਉਸ ਨੂੰ ਇਕ ਵਾਰ ਠੱਲ੍ਹ ਲਿਆ ਪਰ ਇਹ ਡਰ ਬਣਿਆ ਹੋਇਆ ਹੈ ਕਿ ਇਹ ਬੰਨ੍ਹ ਮੁੜ ਫਿਰ ਕਿਤੋਂ ਵੀ ਟੁੱਟ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਹਰ ਵਾਰ ਹੜ੍ਹਾਂ ਦੌਰਾਨ ਘੱਗਰ ’ਚ ਇਨ੍ਹਾਂ ਥਾਵਾਂ ’ਤੇ ਪਾੜ ਜ਼ਰੂਰ ਪੈਂਦਾ ਹੈ, ਜਿਸ ਦਾ ਪਾਣੀ ਵੱਡੀ ਤਬਾਹੀ ਮਚਾਉਂਦਾ ਹੈ। ਇਸ ਤੋਂ ਕੁਝ ਦਿਨ ਪਹਿਲਾਂ ਪਿੰਡ ਰੋੜਕੀ ’ਚ ਵੀ 150 ਕਿੱਲਾ ਜ਼ਮੀਨ ’ਚ ਪਾਣੀ ਭਰ ਗਿਆ ਹੈ। ਇਨ੍ਹਾਂ ਦਿਨਾਂ ’ਚ ਚਾਂਦਪੁਰਾ ਬੰਨ੍ਹ, ਰੋੜਕੀ ਬੰਨ੍ਹ ਅਤੇ ਝੰਡਾ ਖੁਰਦ ਬੰਨ੍ਹ ’ਚ ਪਾੜ ਪੈ ਚੁੱਕਾ ਹੈ। ਹੁਣ ਇਹ ਡਰ ਬਣਿਆ ਹੋਇਆ ਹੈ ਕਿ ਜਿਸ ਤਰ੍ਹਾਂ ਘੱਗਰ ’ਚ ਪਾਣੀ ਦਾ ਪੱਧਰ ਘਟਨ ਦਾ ਨਾਂ ਨਹੀਂ ਲੈ ਰਿਹਾ, ਉਸ ਨਾਲ ਕਿਤੋਂ ਵੀ ਵੱਡਾ ਪਾੜ ਪੈ ਸਕਦਾ ਹੈ, ਜਿਸ ਨੂੰ ਪੂਰਨਾ ਔਖਾ ਹੋ ਜਾਵੇਗਾ। ਇਸ ਨਾਲ ਮੋਫਰ, ਦਾਨੇਵਾਲਾ, ਦਾਨਗੜ੍ਹ, ਮਲਕੋ ਆਦਿ ਦਰਜਨਾਂ ਪਿੰਡਾਂ ’ਚ ਪਾਣੀ ਭਰ ਜਾਵੇਗਾ। ਹਾਲਾਂਕਿ ਪਾਣੀ ਅਜੇ ਕੰਟਰੋਲ ’ਚ ਹੈ ਪਰ ਕਈ ਥਾਵਾਂ ’ਤੇ ਪਾਣੀ ਦਾ ਵਧਦਾ ਪੱਧਰ ਦੇਖਦਿਆਂ ਬੰਨ੍ਹ ਟੁੱਟਣ ਦੀ ਸੰਭਾਵਨਾ ਨੂੰ ਲੈ ਕੇ ਪਿੰਡਾਂ ਵਿਚ ਪਾਣੀ ਵੜਨ ਤੋਂ ਰੋਕਣ ਲਈ ਬੰਨ੍ਹ ਮਾਰੇ ਜਾ ਰਹੇ ਹਨ।

PunjabKesari

ਸੋਮਵਾਰ ਦੀ ਸਵੇਰ ਪਿੰਡ ਖਿਆਲੀ ਚਹਿਲਾਂਵਾਲਾ, ਝੁਨੀਰ ਅਤੇ ਦਾਨੇਵਾਲਾ ਦੇ ਲੋਕਾਂ ’ਚ ਇਸ ਨੂੰ ਲੈ ਕੇ ਡਾਂਗਾਂ-ਰੋੜੇ ਵੀ ਚੱਲੇ ਅਤੇ ਪੁਲਸ ਨੇ ਸਥਿਤੀ ਨੂੰ ਮੁਸ਼ਕਿਲ ਨਾਲ ਕੰਟਰੋਲ ਕੀਤਾ। ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ ਨੇ ਮੁੜ ਸੋਮਵਾਰ ਪਿੰਡ ਸਰਦਾਰੇਵਾਲਾ, ਬਰਨ, ਦਾਨੇਵਾਲਾ ਅਤੇ ਹੋਰ ਪਿੰਡਾਂ ਦਾ ਦੌਰਾ ਕੀਤਾ ਅਤੇ ਸਥਿਤੀ ਨੂੰ ਨਾਜ਼ੁਕ ਦੱਸਿਆ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਪਾਣੀ ’ਚ ਘਿਰੇ ਲੋਕਾਂ ਦੀ ਮੱਦਦ ਲਈ ਸਾਹਮਣੇ ਆਵੇ ਕਿਉਂਕਿ ਬੰਨ੍ਹ ਟੁੱਟਣ ਦੇ ਖ਼ਤਰੇ ਨੂੰ ਲੈ ਕੇ ਕੁਝ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖਾਲੀ ਕਰਨੇ ਸ਼ੁਰੂ ਕਰ ਦਿੱਤੇ ਹਨ। ਲੋਕ ਸਰਕਾਰ ਤੋਂ ਬੇਆਸ ਹਨ ਅਤੇ ਉਹ ਆਪ-ਮੁਹਾਰੇ ਪਾਣੀ ਨੂੰ ਠੱਲ੍ਹਣ ਅਤੇ ਆਪਣਾ ਸਾਮਾਨ ਸੰਭਾਲਣ ਵਿਚ ਲੱਗੇ ਹੋਏ ਹਨ। ਮੋਫਰ ਨੇ ਕਿਹਾ ਕਿ ਘੱਗਰ ਦੇ ਪਾਣੀ ਦਾ ਪੱਧਰ 24.6 ਫੁੱਟ ਤੱਕ ਹੈ। ਪਾਣੀ ਲਗਾਤਾਰ ਵਧ ਰਿਹਾ ਹੈ। ਇਸ ਨਾਲ ਸਰਦੂਲਗੜ੍ਹ, ਝੁਨੀਰ, ਬੁਢਲਾਡਾ ਅਤੇ ਹਰਿਆਣਾ ਦੇ ਕਈ ਪਿੰਡਾਂ ਦੇ ਲੋਕ ਡਰੇ ਸਹਿਮੇ ਬੈਠੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਲੋਕਾਂ ਦੀ ਮੱਦਦ ਲਈ ਅੱਗੇ ਆਵੇ।

ਦਵਾਈ, ਰਾਸ਼ਨ ਅਤੇ ਜ਼ਰੂਰੀ ਵਸਤਾਂ ਲੋਕਾਂ ਨੂੰ ਮੁਹੱਈਆ ਕਰਵਾਏ। ਸਿਰਫ ਸਰਕਾਰ ਦੌਰੇ ਕਰਨ ਵਿਚ ਨਾ ਰਹੇ, ਬਲਕਿ ਜ਼ਮੀਨੀ ਹਕੀਕਤ ਵੀ ਪਛਾਣੇ। ਇਸ ਮੌਕੇ ਮੋਫਰ ਨਾਲ ਡੇਰਾ ਡੁੰਮ ਵਾਲੇ ਬਾਬਾ ਜੀ ਮੱਖਣ ਮੁਨੀ ਜੀ ਅਤੇ ਅਨੇਕਾਂ ਕਾਂਗਰਸੀ ਆਗੂ ਹਾਜ਼ਰ ਸਨ। ਉਧਰ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਸਰਕਾਰ ਵੱਲੋਂ ਹੜ੍ਹਾਂ ਦੀ ਰੋਕਥਾਮ ਅਤੇ ਲੋਕਾਂ ਦੀ ਸੁਰੱਖਿਆ ਲਈ ਪੁਖਤਾ ਇੰਤਜ਼ਾਮ ਕੀਤੇ ਹੋਏ ਹਨ। ਜੇਕਰ ਘੱਗਰ ਟੁੱਟਣ ਨਾਲ ਪਿੰਡਾਂ ’ਚ ਪਾਣੀ ਆਉਂਦਾ ਹੈ ਤਾਂ ਇਸ ਲਈ ਵੀ ਅਗਾਊਂ ਪ੍ਰਬੰਧ ਹਨ ਪਰ ਸਥਿਤੀ ਤੋਂ ਲੱਗਦਾ ਹੈ ਕਿ ਹੁਣ ਪਾਣੀ ਦਾ ਪੱਧਰ ਘਟੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਨੂੰ ਲੈ ਕੇ ਆਪਸ ਵਿਚ ਝਗੜਾ ਨਾ ਕਰਨ ਕਿਉਂਕਿ ਜੇਕਰ ਪ੍ਰਸ਼ਾਸਨ ਅਤੇ ਪੁਲਸ ਉਨ੍ਹਾਂ ਦੇ ਝਗੜਿਆਂ ਵਿਚ ਉਲਝ ਗਿਆ ਤਾਂ ਅਸੀਂ ਹੜ੍ਹਾਂ ਦਾ ਮੁਕਾਬਲਾ ਕਿਵੇਂ ਕਰਾਂਗੇ। ਉਨ੍ਹਾਂ ਕਿਹਾ ਕਿ ਉਹ ਦਿਨ-ਰਾਤ ਘੱਗਰ ਦਾ ਦੌਰਾ ਕਰ ਰਹੇ ਹਨ ਅਤੇ ਪਲ ਪਲ ਦੀ ਰਿਪੋਰਟ ਸਰਕਾਰ ਕੋਲ ਜਾ ਰਹੀ ਹੈ। ਸਰਕਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਲਾਵਾ ਵੱਡੇ ਪੱਧਰ ’ਤੇ ਫੌਜ ਵੀ ਬੁਲਾਈ ਹੋਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Manoj

Content Editor

Related News