ਪੰਜਾਬ ''ਚੋਂ ਮੁਖਤਾਰ ਅੰਸਾਰੀ ਨੂੰ ਫੜ੍ਹ ਲੈ ਜਾਣ ਵਾਲੇ IPS ਅਫਸਰ ਘਰ ਵੜ੍ਹ ਗਏ ਚੋਰ, ਨਕਦੀ, ਗਹਿਣੇ, ਟੂਟੀਆਂ ਤਕ ਲੈ ਗਏ ਪੁੱਟ ਕੇ

Saturday, Sep 27, 2025 - 02:10 PM (IST)

ਪੰਜਾਬ ''ਚੋਂ ਮੁਖਤਾਰ ਅੰਸਾਰੀ ਨੂੰ ਫੜ੍ਹ ਲੈ ਜਾਣ ਵਾਲੇ IPS ਅਫਸਰ ਘਰ ਵੜ੍ਹ ਗਏ ਚੋਰ, ਨਕਦੀ, ਗਹਿਣੇ, ਟੂਟੀਆਂ ਤਕ ਲੈ ਗਏ ਪੁੱਟ ਕੇ

ਲਖਨਊ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਹੁਣ ਉਹ ਪੁਲਸ ਅਧਿਕਾਰੀਆਂ ਦੇ ਘਰਾਂ ਨੂੰ ਵੀ ਨਿਸ਼ਾਨਾ ਬਣਾਉਣ ਲੱਗ ਪਏ ਹਨ। ਤਾਜ਼ਾ ਮਾਮਲਾ ਨੋਇਡਾ ਵਿੱਚ ਤਾਇਨਾਤ ਇੱਕ ਸੀਨੀਅਰ ਆਈ.ਪੀ.ਐੱਸ. (IPS) ਅਧਿਕਾਰੀ ਯਮੁਨਾ ਪ੍ਰਸਾਦ ਦੇ ਲਖਨਊ ਸਥਿਤ ਘਰ ਦਾ ਹੈ, ਜਿੱਥੇ ਚੋਰਾਂ ਨੇ ਲੱਖਾਂ ਦਾ ਸਾਮਾਨ ਚੋਰੀ ਕਰ ਲਿਆ। ਹੈਰਾਨੀ ਦੀ ਗੱਲ ਇਹ ਹੈ ਕਿ ਚੋਰ ਘਰ 'ਚੋਂ ਨਕਦੀ ਅਤੇ ਗਹਿਣਿਆਂ ਤੋਂ ਇਲਾਵਾ ਬਾਥਰੂਮ 'ਚ ਲੱਗੀਆਂ ਟੂਟੀਆਂ ਤੱਕ ਪੁੱਟ ਕੇ ਲੈ ਗਏ।

ਮਿਲੀ ਜਾਣਕਾਰੀ ਮੁਤਾਬਕ ਆਈ.ਪੀ.ਐੱਸ. ਯਮੁਨਾ ਪ੍ਰਸਾਦ ਨੋਇਡਾ ਵਿੱਚ ਡੀ.ਸੀ.ਪੀ. ਵਜੋਂ ਤਾਇਨਾਤ ਹਨ ਅਤੇ ਆਪਣੇ ਪਰਿਵਾਰ ਨਾਲ ਉੱਥੇ ਹੀ ਰਹਿੰਦੇ ਹਨ। ਉਨ੍ਹਾਂ ਦਾ ਲਖਨਊ ਦੇ ਵਿਕਾਸਨਗਰ ਸੈਕਟਰ-1 ਵਿੱਚ ਇੱਕ ਮਕਾਨ ਹੈ, ਜਿਸ ਦੀ ਦੇਖਭਾਲ ਉਨ੍ਹਾਂ ਦੇ ਸਾਲੇ ਅਸਿਤ ਸਿਧਾਰਥ ਕਰਦੇ ਹਨ। ਪੁਲਸ ਮੁਤਾਬਕ ਚੋਰ ਬਹੁਤ ਸ਼ਾਤਰ ਸਨ। ਉਨ੍ਹਾਂ ਨੇ ਘਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ CCTV ਕੈਮਰਿਆਂ ਤੋਂ ਬਚਣ ਲਈ ਘਰ ਦੀ ਬਿਜਲੀ ਕੱਟ ਦਿੱਤੀ। ਇਸ ਤੋਂ ਬਾਅਦ ਉਹ ਛੱਤ ਦੇ ਰਸਤੇ ਅੰਦਰ ਦਾਖ਼ਲ ਹੋਏ ਅਤੇ ਖਿੜਕੀ ਦੀ ਗਰਿੱਲ ਕੱਟ ਕੇ ਘਰ ਅੰਦਰ ਵੜ ਗਏ।

ਚੋਰਾਂ ਨੇ ਪੂਰੇ ਘਰ ਦੀ ਫਰੋਲਾ-ਫਰਾਲੀ ਕੀਤੀ ਅਤੇ ਅਲਮਾਰੀਆਂ ਦੇ ਤਾਲੇ ਤੋੜ ਦਿੱਤੇ। ਅਸਿਤ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਚੋਰ ਘਰ 'ਚੋਂ 50 ਹਜ਼ਾਰ ਰੁਪਏ ਨਕਦ, ਸੋਨੇ-ਚਾਂਦੀ ਦੇ ਗਹਿਣੇ, ਪੰਜ ਕੀਮਤੀ ਘੜੀਆਂ ਅਤੇ ਕਰੀਬ 20 ਪਾਣੀ ਦੀਆਂ ਟੂਟੀਆਂ ਚੋਰੀ ਕਰਕੇ ਲੈ ਗਏ।

ਪੰਜਾਬ 'ਚ ਮੁਖਤਾਰ ਅੰਸਾਰੀ ਨੂੰ ਕੀਤਾ ਸੀ ਗ੍ਰਿਫ਼ਤਾਰ

ਜ਼ਿਕਰਯੋਗ ਹੈ ਕਿ ਆਈ.ਪੀ.ਐੱਸ. ਯਮੁਨਾ ਪ੍ਰਸਾਦ ਉਹੀ ਅਧਿਕਾਰੀ ਹਨ, ਜਿਨ੍ਹਾਂ ਨੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਨੂੰ ਪੰਜਾਬ ਵਿੱਚ ਫੜਿਆ ਸੀ। ਉਨ੍ਹਾਂ ਨੇ ਫਰਜ਼ੀ ਦਸਤਾਵੇਜ਼ਾਂ 'ਤੇ ਰਜਿਸਟਰਡ ਇੱਕ ਲਗਜ਼ਰੀ ਐਂਬੂਲੈਂਸ ਮਾਮਲੇ ਵਿੱਚ ਮੁਖਤਾਰ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਨੂੰ ਪੰਜਾਬ ਤੋਂ ਯੂ.ਪੀ. ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

ਵਿਕਾਸਨਗਰ ਥਾਣੇ ਦੇ ਐੱਸ.ਐੱਚ.ਓ. ਆਲੋਕ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਚੋਰਾਂ ਦਾ ਸੁਰਾਗ ਲਗਾਉਣ ਲਈ ਆਸ-ਪਾਸ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਸ ਦੀਆਂ ਕਈ ਟੀਮਾਂ ਅਤੇ ਸਰਵੀਲਾਂਸ ਸੈੱਲ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।


author

DILSHER

Content Editor

Related News