ਪੰਡੋਰੀ ਫੰਗੂਡ਼ੇ ’ਚ ਲਗਾਤਾਰ ਚੌਥੀ ਵਾਰ ਚੋਰੀ, ਲੱਖਾਂ ਦੇ ਗਹਿਣੇ ਉਡਾਏ
Friday, Jun 22, 2018 - 02:24 AM (IST)

ਸ਼ਾਮਚੁਰਾਸੀ, (ਚੁੰਬਰ) - ਪਿੰਡ ਪੰਡੋਰੀ ਫੰਗੂਡ਼ੇ ਵਿਚ ਲਗਾਤਾਰ ਚੌਥੀ ਵਾਰ ਚੋਰੀ ਹੋਣ ਨਾਲ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਪਤਾ ਲੱਗਾ ਕਿ ਪਿੰਡ ਵਿਚ ਲਗਾਤਾਰ ਚੋਰੀਆਂ ਹੋ ਰਹੀਆਂ ਹਨ ਅਤੇ ਪੁਲਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਨਾਲ ਚੋਰਾਂ ਨੂੰ ਹੋਰ ਸ਼ਹਿ ਮਿਲ ਰਹੀ ਹੈ। ਪਿੰਡ ਵਾਸੀਆਂ ਦੀ ਪੁਲਸ ਪ੍ਰਸ਼ਾਸਨ ਕੋਈ ਗੱਲ ਨਹੀਂ ਸੁਣ ਰਿਹਾ। ਜਿਸ ਕਾਰਨ ਅੱਜ ਸ਼ਾਮਚੁਰਾਸੀ ਚੌਕੀ ਸਾਹਮਣੇ ਪਿੰਡ ਵਾਸੀਆਂ ਨੇ ਸਰਪੰਚ ਅਤੇ ਹੋਰ ਪੰਚਾਂ ਦੀ ਹਾਜ਼ਰੀ ਵਿਚ ਲੋਕਾਂ ਨੇ ਆਪਣੇ ਰੋਸ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਸਰਪੰਚ ਨਸੀਬ ਚੰਦ ਜੱਸੀ, ਸੀਤਾ ਰਾਮ, ਹਰਮੇਸ਼ ਲਾਲ ਪੰਚ, ਇਕਬਾਲ ਸਿੰਘ ਪੰਚ, ਨਿਰਮਲ ਸਿੰਘ ਪੰਚ, ਗੁਰਪ੍ਰੀਤ ਸਿੰਘ, ਕਰਨੈਲ ਸਿੰਘ ਅਤੇ ਹਰਪ੍ਰੀਤ ਫੰਗੂੁਡ਼ਾ ਨੇ ਦੱਸਿਆ ਕਿ ਸੀਤਲ ਕੌਰ ਪਤਨੀ ਕਸ਼ਮੀਰੀ ਲਾਲ ਦੇ ਘਰੋਂ ਚੋਰਾਂ ਨੇ ਦਿਨ ਦਿਹਾਡ਼ੇ ਕੰਧਾਂ ਟੱਪਕੇ ਦੋ ਅਲਮਾਰੀਆਂ ਤੋਡ਼ੀਆਂ ਅਤੇ ਉਨ੍ਹਾਂ ਵਿਚੋਂ 15 ਹਜ਼ਾਰ ਦੀ ਨਕਦੀ ਸਮੇਤ ਸੋਨੇ ਦਾ ਸੈੱਟ, ਜੈਂਟਸ ਦੋ ਛਾਪਾਂ, ਟਾਪਸ ਅਤੇ ਵਾਲੀਆਂ ਦੇ ਜੋਡ਼ੇ ਚੋਰੀ ਕਰ ਲਏ। ਉਨ੍ਹਾਂ ਦੱਸਿਆ ਕਿ ਘਰ ਵਿਚ ਸਿਰਫ 12 ਸਾਲਾ ਮਨਪ੍ਰੀਤ ਸਿੰਘ ਹੀ ਹਾਜ਼ਰ ਸੀ। ਜਿਸ ਨੂੰ ਚੋਰਾਂ ਨੇ ਘਰ ਦੇ ਕਮਰੇ ਵਿਚ ਬੰਦ ਕਰ ਦਿੱਤਾ।
ਇਸ ਤੋਂ ਪਹਿਲਾਂ ਚਿੱਟੇ ਦਿਨ ਇਕਬਾਲ ਸਿੰਘ ਪੁੱਤਰ ਨਾਜ਼ਰ ਸਿੰਘ ਦੇ ਘਰੋਂ ਚੋਰਾਂ ਨੇ ਢਾਈ ਲੱਖ ਦੇ ਕਰੀਬ ਸੋਨੇ ਦੇ ਗਹਿਣੇ ਚੋਰੀ ਕਰ ਲਏ ਸੀ। ਬਾਬਾ ਬੋਹਡ਼ਾਂ ਦਰਬਾਰ ਤੋਂ ਚੋਰ ਗੱਲ੍ਹਾ ਚੋਰੀ ਕਰਕੇ ਉਸ ਦੀ ਸਾਰੀ ਨਕਦੀ ਚੋਰੀ ਕਰ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਲਖਵਿੰਦਰ ਸਿੰਘ ਪੁੱਤਰ ਰਾਮਧੰਨ ਦਾ ਮੋਟਰਸਾਈਕਲ ਦਿਨੇ ਚੋਰੀ ਹੋ ਗਿਆ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਪੁਲਸ ਨੇ ਇਨ੍ਹਾਂ ਚੋਰਾਂ ਨੂੰ ਨੱਥ ਨਾ ਪਾਈ ਤਾਂ ਉਹ ਤਿੱਖੇ ਸੰਘਰਸ਼ ਦਾ ਰਾਹ ਅਪਣਾ ਲੈਣਗੇ।