ਫਰੀਦਕੋਟ ਵਿਚ ਬੇਖੌਫ਼ ਚੋਰ, ਲਗਾਤਾਰ ਵਾਪਰ ਰਹੀਆਂ ਵਾਰਦਾਤਾਂ
Tuesday, May 27, 2025 - 03:07 PM (IST)

ਫਰੀਦਕੋਟ (ਰਾਜਨ) : ਲੱਗਦਾ ਹੈ ਕਿ ਫਰੀਦਕੋਟ ਸ਼ਹਿਰ ਅੰਦਰ ਚੋਰਾਂ ਨੂੰ ਪੁਲਸ ਦਾ ਕੋਈ ਡਰ ਨਹੀਂ ਜਿਸ ਕਰਕੇ ਸ਼ਰੇਆਮ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਉਹ ਵੀ ਕੋਤਵਾਲੀ ਤੋਂ ਮਹਿਜ਼ 100 ਮੀਟਰ ਦੀ ਦੂਰੀ 'ਤੇ ਬਣੀ ਮਾਰਕੀਟ 'ਚ। ਬੀਤੀ ਰਾਤ ਫਰੀਦਕੋਟ 'ਚ ਚੋਰਾਂ ਵੱਲੋਂ ਇੱਕੋ ਰਾਤ ਚਾਰ ਦੁਕਾਨਾਂ ਦੇ ਸ਼ਟਰ ਭੰਨ ਕੇ ਲੱਖਾਂ ਰੁਪਏ ਦਾ ਸਮਾਨ ਅਤੇ ਨਕਦੀ ਚੋਰੀ ਕੀਤੀ ਸੀ, ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਜਿਸ 'ਚ ਚੋਰ ਇਕ ਕਾਰ 'ਤੇ ਆਏ ਅਤੇ ਬੇਖੌਫ ਹੋ ਚੋਰੀ ਕਰਕੇ ਫ਼ਰਾਰ ਹੋ ਗਏ। ਕੱਲ ਰਾਤ ਮੁੜ ਚੋਰਾਂ ਨੇ ਉਸੇ ਨਹਿਰੂ ਮਾਰਕੀਟ ਨੂੰ ਮੁੜ ਨਿਸ਼ਾਨਾ ਬਣਾਇਆ, ਜਿੱਥੇ ਬਿਜਲੀ ਅਤੇ ਬੈਟਰੀਆਂ ਦੇ ਸਮਾਨ ਦੀਆਂ ਦੋ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਇਨ੍ਹਾਂ ਵਾਰਦਾਤਾਂ ਨੂੰ ਲੈਕੇ ਦੁਕਾਨਦਾਰਾਂ 'ਚ ਸਹਿਮ ਦਾ ਮਹੌਲ ਹੈ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਫਰੀਦਕੋਟ 'ਚ ਕੁਝ ਵੀ ਸੁਰੱਖਿਅਤ ਨਹੀਂ। ਉਹ ਆਪਣੇ ਘਰ ਚੈਨ ਨਾਲ ਸੋ ਵੀ ਨਹੀਂ ਸਕਦੇ। ਉਨ੍ਹਾਂ ਦੱਸਿਆ ਕਿ ਚੋਰਾਂ ਵੱਲੋਂ ਅੱਜ ਉਨ੍ਹਾਂ ਦੀ ਦੁਕਾਨ 'ਚੋ ਕੀਮਤੀ ਬੈਟਰੀਆ, ਨਕਦੀ ਅਤੇ ਬਿਜਲੀ ਦੀਆਂ ਤਾਰਾਂ ਚੋਰੀ ਕੀਤੀਆਂ ਗਈਆਂ ਹਨ ਪਰ ਪੁਲਸ ਸਿਰਫ ਭਰੋਸਾ ਹੀ ਦੇ ਰਹੀ ਹੈ। ਇਸ ਮੌਕੇ PCR ਦੇ ਮੁਲਾਜ਼ਮ ਨੇ ਦੱਸਿਆ ਕਿ ਰਾਤ 3 ਵਜੇ ਦੇ ਕਰੀਬ ਜਦੋਂ ਉਹ ਹੂਟਰ ਮਾਰਦੇ ਲੰਘ ਰਹੇ ਸਨ ਤਾਂ ਇਕ ਕਾਰ ਨਹਿਰੂ ਸ਼ੌਪਿੰਗ ਸੈਂਟਰ ਦੀਆਂ ਦੁਕਾਨਾਂ ਦੇ ਬਾਹਰ ਖੜੀ ਦਿਖਾਈ ਦਿਤੀ ਜਿਸ ਦੀਆਂ ਲਾਈਟਾਂ ਜਗ ਰਹੀਆਂ ਸਨ ਜਦੋਂ ਸ਼ੱਕ ਦੇ ਤੌਰ 'ਤੇ ਉਸ ਵੱਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵੱਲੋਂ ਕਾਰ ਭਜਾ ਲਈ ਗਈ।ਇਸ ਦੌਰਾਨ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਵਲੋਂ ਉਨ੍ਹਾਂ ਉਪਰ ਵਾਰ-ਵਾਰ ਫੇਟ ਮਾਰਨ ਦੀ ਵੀ ਕੋਸ਼ਿਸ਼ ਕੀਤੀ ਗਈ।
ਇਸ ਦੇ ਚੱਲਦੇ ਉਨ੍ਹਾਂ ਲਗਾਤਾਰ ਕਾਰ ਦਾ ਪਿੱਛਾ ਕੀਤਾ ਜਿਸਦਾ ਨੰਬਰ ਦਿਖਿਆ ਨਹੀਂ ਦਿਤਾ ਪਰ ਸਾਦਿਕ ਵਾਲੇ ਪਾਸੇ ਭਜਾ ਕੇ ਫਰਾਰ ਹੋ ਗਏ। ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਡਾ. ਪ੍ਰਗਿਆ ਜੈਨ ਨੇ ਵੀ ਵਪਾਰ ਮੰਡਲ ਦੇ ਅਹੁਦੇਦਾਰਾਂ ਨਾਲ ਗੱਲਬਾਤ ਕਰਕੇ ਭਰੋਸਾ ਦਵਾਇਆ ਕਿ ਗੁਨਾਹਗਾਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਮੁਲਜ਼ਮਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।