ਇਕੋ ਰਾਤ 2 ਮੈਡੀਕਲ ਸਟੋਰਾਂ ’ਚ ਸੰਨ੍ਹਮਾਰੀ

Saturday, Jul 21, 2018 - 08:39 AM (IST)

ਇਕੋ ਰਾਤ 2 ਮੈਡੀਕਲ ਸਟੋਰਾਂ ’ਚ  ਸੰਨ੍ਹਮਾਰੀ

ਧਨੌਲਾ (ਰਵਿੰਦਰ) – ਕਸਬੇ ’ਚ  ਲੁੱਟ-ਖੋਹ ਅਤੇ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ, ਜਿਸ ਕਾਰਨ ਲੋਕਾਂ ’ਚ ਸਹਿਮ ਤੇ ਅਸੁਰੱਖਿਆ ਦਾ ਮਾਹੌਲ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਇਸੇ ਮਹੀਨੇ ਚੋਰੀਅਾਂ ਅਤੇ ਲੁੱਟ-ਖੋਹ ਦਾ ਇਹ ਤੀਜਾ ਮਾਮਲਾ ਹੈ, ਜਿਸ ਕਾਰਨ ਕਸਬੇ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਬੀਤੀ ਰਾਤ ਵੀ ਬੱਸ ਸਟੈਂਡ ਨੇੜੇ ਗੁਰਦੁਆਰਾ ਰਾਮਸਰ ਸਾਹਿਬ ਰੋਡ ’ਤੇ  2 ਮੈਡੀਕਲ ਸਟੋਰਾਂ ਦੇ ਸ਼ਟਰ ਤੋਡ਼ ਕੇ ਚੋਰ ਨਕਦੀ ’ਤੇ ਹੱਥ ਸਾਫ ਕਰ  ਗਏ। ਜਨਤਾ ਮੈਡੀਕੋਜ਼ ਦੇ ਮਾਲਕ ਬਲਵਿੰਦਰ ਕੁਮਾਰ ਮਿੰਟਾ ਨੇ ਦੱਸਿਆ ਕਿ ਉਸ ਦੀ ਦੁਕਾਨ ਦਾ ਸ਼ਟਰ ਤੋਡ਼ ਕੇ ਚੋਰ ਗੱਲੇ ’ਚ ਪਏ 20 ਹਜ਼ਾਰ ਰੁਪਏ  ਚੋਰੀ ਕਰ ਕੇ ਲੈ  ਗਏ। ਇਸੇ ਤਰ੍ਹਾਂ ਸ਼ਿਵਾ ਮੈਡੀਕੋਜ਼ ਦੇ ਮਾਲਕ ਸੁਰੇਸ਼ ਕੁਮਾਰ ਸ਼ਸ਼ੀ ਨੇ ਦੱਸਿਆ ਕਿ ਉਸ ਦੀ ਦੁਕਾਨ ਦੇ ਗੱਲੇ ’ਚੋਂ 22 ਹਜ਼ਾਰ ਰੁਪਏ ਚੋਰੀ ਹੋਏ ਹਨ। ਚੌਕੀਦਾਰ ਅਮਰਜੀਤ ਸਿੰਘ ਨੇ ਕਿਹਾ ਕਿ ਸਾਢੇ ਕੁ 3 ਵਜੇ ਉਹ ਗਿੱਲ ਕਲਾਥ ਕੋਲ ਦੂਜੇ ਚੌਕੀਦਾਰ ਰਾਮ ਸਿੰਘ ਨਾਲ ਮਿਲ ਕੇ ਚਾਹ ਬਣਾ ਰਿਹਾ ਸੀ ਕਿ ਇਕ ਗੱਡੀ ਵਿਚ ਆਏ 4 ਵਿਅਕਤੀਆਂ ਨੇ ਘਟਨਾ ਨੂੰ ਅੰਜਾਮ ਦਿੱਤਾ, ਜਿਸ ਦਾ ਪਤਾ ਲੱਗਣ ’ਤੇ ਉਸ  ਵੱਲੋਂ ਲਲਕਾਰਣ ’ਤੇ ਉਨ੍ਹਾਂ ਗੱਡੀ ਸਿੱਧੀ ਉਸ ਵੱਲ ਕਰ ਦਿੱਤੀ। ਉਸ ਨੇ ਮਸਾਂ  ਜਾਨ ਬਚਾਈ ਅਤੇ ਕਾਰ ਸਵਾਰ ਗੱਡੀ ਭਜਾ ਕੇ ਲੈ ਗਏ।  ਥਾਣਾ ਮੁਖੀ ਨੈਬ ਸਿੰਘ ਨੇ ਕਿਹਾ ਕਿ ਥਾਣੇਦਾਰ ਬਲਕਾਰ ਸਿੰਘ ਘਟਨਾ ਦੀ ਜਾਂਚ ਕਰ ਰਹੇ  ਹਨ। ਬਲਕਾਰ ਸਿੰਘ ਨੇ ਕਿਹਾ ਕਿ ਘਟਨਾ ਸਥਾਨ ਦੀ ਜਾਂਚ ਕਰ ਕੇ ਕਾਰਵਾਈ ਅਾਰੰਭ ਕਰ ਦਿੱਤੀ ਹੈ।


Related News