ਐੱਨ. ਸੀ. ਪੀ. ’ਚ ਟੁੱਟ ਤੋਂ ਬਾਅਦ ਮਹਾਰਾਸ਼ਟਰ ਦੀ ਸ਼ਿੰਦੇ ਸਰਕਾਰ ’ਚ ਮਚਿਆ ਘਮਾਸਾਨ

Thursday, Jul 06, 2023 - 01:41 PM (IST)

ਐੱਨ. ਸੀ. ਪੀ. ’ਚ ਟੁੱਟ ਤੋਂ ਬਾਅਦ ਮਹਾਰਾਸ਼ਟਰ ਦੀ ਸ਼ਿੰਦੇ ਸਰਕਾਰ ’ਚ ਮਚਿਆ ਘਮਾਸਾਨ

ਜਲੰਧਰ (ਅਨਿਲ ਪਾਹਵਾ) : ਮਹਾਰਾਸ਼ਟਰ ’ਚ ਬੇਸ਼ੱਕ ਐੱਨ. ਸੀ. ਪੀ. ਅੰਦਰ ਇਸ ਸਮੇਂ ਘਮਾਸਾਨ ਮਚਿਆ ਹੋਇਆ ਹੈ ਅਤੇ ਚਾਚੇ-ਭਤੀਜੇ ਦੀ ਲੜਾਈ ਸੜਕ ’ਤੇ ਆ ਗਈ ਹੈ ਪਰ ਜਿੰਨਾ ਰੌਲਾ ਐੱਨ. ਸੀ. ਪੀ. ਵਿਚ ਹੈ, ਲਗਭਗ ਓਨਾ ਹੀ ਰੌਲਾ ਹੁਣ ਸੂਬੇ ਦੀ ਸ਼ਿੰਦੇ ਸਰਕਾਰ ’ਚ ਵੀ ਪੈ ਗਿਆ ਹੈ। ਬੇਸ਼ੱਕ ਭਾਜਪਾ ਨੇ ਮਾਸਟਰ ਸਟ੍ਰੋਕ ਖੇਡ ਕੇ ਪਹਿਲਾਂ ਏਕਨਾਥ ਸ਼ਿੰਦੇ ਨੂੰ ਤਾਂ ਹੁਣ ਅਜੀਤ ਪਵਾਰ ਨੂੰ ਆਪਣੇ ਖੇਮੇ ਵਿਚ ਸ਼ਾਮਲ ਕਰ ਲਿਆ ਪਰ ਸੂਬੇ ਦੀ ਸ਼ਿੰਦੇ ਸਰਕਾਰ ਵਿਚ ਇਸ ਸਮੇਂ ਸ਼ਸ਼ੋਪੰਜ ਦੀ ਸਥਿਤੀ ਪੈਦਾ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 2 ਵੱਖ-ਵੱਖ ਪਾਰਟੀਆਂ ਨੂੰ ਇਕੱਠੇ ਇਕੋ ਸਰਕਾਰ ਵਿਚ ਫਿਟ ਕਰਨਾ ਵੱਡੀ ਚੁਣੌਤੀ ਬਣਦਾ ਨਜ਼ਰ ਆ ਰਿਹਾ ਹੈ। ਮਹਾਰਾਸ਼ਟਰ ਦੀ ਏਕਨਾਥ ਸ਼ਿੰਦੇ ਸਰਕਾਰ ਵਿਚ ਪਹਿਲਾਂ ਭਾਜਪਾ ਉਸ ਦੀ ਸਾਥੀ ਸੀ ਪਰ ਹੁਣ ਅਜੀਤ ਪਵਾਰ ਦੀ ਐੱਨ. ਸੀ. ਪੀ. ਵੀ ਉਸ ਦਾ ਹਿੱਸਾ ਬਣ ਗਈ ਹੈ ਤਾਂ ਅਜਿਹੀ ਸਥਿਤੀ ਵਿਚ ਮੰਤਰੀ ਅਹੁਦੇ ਅਤੇ ਵਿਭਾਗਾਂ ਦੀ ਵੰਡ ਨੂੰ ਲੈ ਕੇ ਘਮਾਸਾਨ ਪੈਦਾ ਹੋਣਾ ਵਾਜਬ ਸੀ ਪਰ ਇਸ ਘਮਾਸਾਨ ਵਿਚ ਖੁਦ ਸ਼ਿੰਦੇ ਧੜੇ ਦੇ ਲੋਕ ਪ੍ਰੇਸ਼ਾਨ ਹੋ ਜਾਣਗੇ, ਇਹ ਕਿਸੇ ਨੇ ਸੋਚਿਆ ਨਹੀਂ ਸੀ। ਖਬਰ ਮਿਲੀ ਹੈ ਕਿ ਸ਼ਿੰਦੇ ਕੈਂਪ ਦੇ ਵਿਧਾਇਕ ਭਾਜਪਾ ਦੇ ਇਸ ਨਵੇਂ ਪੈਂਤਰੇ ਤੋਂ ਖੁਸ਼ ਨਹੀਂ ਹਨ ਅਤੇ ਇਹੀ ਕਾਰਨ ਹੈ ਕਿ ਅਜੀਤ ਪਵਾਰ ਦੇ 8 ਹੋਰ ਮੰਤਰੀਆਂ ਨੂੰ ਅਜੇ ਤਕ ਵਿਭਾਗ ਅਲਾਟ ਨਹੀਂ ਹੋ ਸਕੇ। ਸੂਬੇ ਵਿਚ ਮੰਤਰੀਆਂ ਨੂੰ ਵਿਭਾਗ ਅਲਾਟ ਕਰਨ ਨੂੰ ਲੈ ਕੇ ਸ਼ਿੰਦੇ ਧੜੇ ਦੇ ਕਈ ਵਿਧਾਇਕ ਨਾਰਾਜ਼ ਹਨ। ਨਿਯਮ ਦੱਸ ਰਹੇ ਹਨ ਕਿ ਇਕ ਦਿਨ ਪਹਿਲਾਂ ਹੀ ਸ਼ਿੰਦੇ, ਡਿਪਟੀ ਸੀ. ਐੱਮ. ਦੇਵੇਂਦਰ ਫੜਨਵੀਸ ਅਤੇ ਅਜੀਤ ਪਵਾਰ ਵਿਚਾਲੇ ਇਕ ਬੈਠਕ ਹੋਈ ਸੀ, ਜਿਸ ਵਿਚ ਵਿਭਾਗਾਂ ਦੀ ਵੰਡ ’ਤੇ ਚਰਚਾ ਹੋਈ ਪਰ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ। ਇਸ ਪੂਰੇ ਮਾਮਲੇ ਵਿਚ ਸ਼ਿੰਦੇ ਧੜਾ ਪੂਰੀ ਤਰ੍ਹਾਂ ਖਾਮੋਸ਼ ਹੈ ਪਰ ਦੂਜੇ ਪਾਸੇ ਅਜੀਤ ਪਵਾਰ ਧੜਾ ਲੋੜ ਤੋਂ ਵੱਧ ਸਰਗਰਮ ਅਤੇ ਹਮਲਾਵਰੀ ਨਜ਼ਰ ਆ ਰਿਹਾ ਹੈ। ਜਾਣਕਾਰ ਤਾਂ ਇਹ ਵੀ ਦੱਸ ਰਹੇ ਹਨ ਕਿ ਇਸ ਬੈਠਕ ਵਿਚ ਦੇਵੇਂਦਰ ਫੜਨਵੀਸ ਤੇ ਅਜੀਤ ਪਵਾਰ ਵਿਚਾਲੇ ਹੀ ਜ਼ਿਆਦਾਤਰ ਚਰਚਾ ਹੁੰਦੀ ਰਹੀ, ਜਦੋਂਕਿ ਸ਼ਿੰਦੇ ਸੀ. ਐੱਮ. ਹੁੰਦੇ ਹੋਏ ਵੀ ਇਕ ਤਰ੍ਹਾਂ ਦਰਕਿਨਾਰ ਹੀ ਨਜ਼ਰ ਆਏ।

ਇਹ ਵੀ ਪੜ੍ਹੋ : ਪੰਜਾਬ ਦੀਆਂ ਧੀਆਂ ਨੇ ਵਧਾਇਆ ਮਾਣ,  ਚੇਨੱਈ ’ਚ ਪ੍ਰੀ-ਕਮਿਸ਼ਨ ਟਰੇਨਿੰਗ ਲਈ ਹੋਈ ਚੋਣ

ਸੂਤਰਾਂ ਦਾ ਕਹਿਣਾ ਹੈ ਕਿ ਮਹਾਰਾਸ਼ਟਰ ਵਿਚ ਕੁਝ ਅਜਿਹੇ ਵਿਭਾਗ ਹਨ, ਜਿਨ੍ਹਾਂ ਨੂੰ ਲੈ ਕੇ ਸਰਕਾਰ ਦੀਆਂ ਹਿੱਸੇਦਾਰ 3 ਪਾਰਟੀਆਂ ਵਿਚਾਲੇ ਖਿੱਚੋਤਾਣ ਚੱਲ ਰਹੀ ਹੈ। ਅਸਲ ਵਿਚ ਵਿੱਤ ਵਿਭਾਗ ਅਜੇ ਤਕ ਸ਼ਿੰਦੇ ਕੈਂਪ ਕੋਲ ਹੈ ਅਤੇ ਭਾਜਪਾ ਵੱਲੋਂ ਪ੍ਰਸਤਾਵ ਰੱਖਿਆ ਗਿਆ ਸੀ ਕਿ ਇਹ ਵਿਭਾਗ ਅਜੀਤ ਪਵਾਰ ਨੂੰ ਦੇ ਦਿੱਤਾ ਜਾਵੇ। ਇਸ ਤੋਂ ਇਲਾਵਾ ਸ਼ਿੰਦੇ ਧੜੇ ਦੇ ਸਿੰਚਾਈ ਤੇ ਖੇਤੀਬਾੜੀ ਵਿਭਾਗ ਸਮੇਤ ਕੁਝ ਹੋਰ ਮੰਤਰੀਆਂ ਦੇ ਵਿਭਾਗ ਬਦਲਣ ਨੂੰ ਲੈ ਕੇ ਵੀ ਪ੍ਰਸਤਾਵ ਪੇਸ਼ ਕੀਤਾ ਗਿਆ ਸੀ ਪਰ ਇਸ ਪ੍ਰਸਤਾਵ ’ਤੇ ਖੁਦ ਸੀ. ਐੱਮ. ਸ਼ਿੰਦੇ ਅਤੇ ਉਨ੍ਹਾਂ ਦੇ ਧੜੇ ਦੇ ਜ਼ਿਆਦਾਤਰ ਵਿਧਾਇਕ ਨਾਰਾਜ਼ ਹਨ। ਪਵਾਰ ਨੂੰ ਵਿੱਤ ਵਿਭਾਗ ਦਿੱਤੇ ਜਾਣ ਦਾ ਸ਼ਿੰਦੇ ਧੜਾ ਖੁੱਲ੍ਹ ਕੇ ਵਿਰੋਧ ਕਰ ਰਿਹਾ ਹੈ। ਅਜੇ ਕੁਝ ਸਮਾਂ ਪਹਿਲਾਂ ਹੀ ਊਧਵ ਠਾਕਰੇ ਦੇ ਸਾਥੀ ਏਕਨਾਥ ਸ਼ਿੰਦੇ ਨੂੰ ਭਾਜਪਾ ਨੇ 40 ਵਿਧਾਇਕਾਂ ਨਾਲ ਤੋੜ ਕੇ ਆਪਣੇ ਖੇਮੇ ਵਿਚ ਸ਼ਾਮਲ ਕਰ ਲਿਆ ਸੀ ਅਤੇ ਸੂਬੇ ਵਿਚ ਸਰਕਾਰ ਬਣਾ ਲਈ ਸੀ। ਹੁਣ ਭਾਜਪਾ ਨੇ ਅਜੀਤ ਪਵਾਰ ਨੂੰ ਵੀ ਆਪਣੇ ਖੇਮੇ ਵਿਚ ਸ਼ਾਮਲ ਕਰ ਲਿਆ ਹੈ, ਜਿਸ ਨਾਲ ਸ਼ਿੰਦੇ ਧੜੇ ਨੂੰ ਅਸੁਰੱਖਿਆ ਮਹਿਸੂਸ ਹੋਣ ਲੱਗੀ ਹੈ। ਉੱਪਰੋਂ ਬਚੀ-ਖੁਚੀ ਕਸਰ ਵਿਰੋਧੀ ਪਾਰਟੀਆਂ ਪੂਰੀ ਕਰ ਰਹੀਆਂ ਹਨ, ਜੋ ਵਾਰ-ਵਾਰ ਇਸ ਤਰ੍ਹਾਂ ਦੇ ਬਿਆਨ ਦੇ ਰਹੀਆਂ ਹਨ ਕਿ ਸੂਬੇ ਵਿਚ ਅਜੀਤ ਪਵਾਰ ਜਲਦ ਹੀ ਸ਼ਿੰਦੇ ਦੀ ਜਗ੍ਹਾ ਲੈ ਲੈਣਗੇ, ਜਦੋਂਕਿ ਕੁਝ ਵਿਰੋਧੀ ਪਾਰਟੀਆਂ ਇਹ ਵੀ ਬਿਆਨ ਦੇ ਰਹੀਆਂ ਹਨ ਕਿ ਭਾਜਪਾ ਨੇ ਅਜੀਤ ਪਵਾਰ ਨਾਲ ਮੁੱਖ ਮੰਤਰੀ ਅਹੁਦੇ ਦੀ ਡੀਲ ਕੀਤੀ ਹੈ। ਇਨ੍ਹਾਂ ਬਿਆਨਾਂ ਵਿਚ ਸ਼ਿੰਦੇ ਧੜਾ ਜ਼ਿਆਦਾ ਹੀ ਪ੍ਰੇਸ਼ਾਨ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ : ਕਈ ਸਿਆਸੀ ਪਾਰਟੀਆਂ ਐੱਨ. ਡੀ. ਏ. ਦਾ ਹਿੱਸਾ ਬਣ ਰਹੀਆਂ : ਅਨੁਰਾਗ

ਆਖਰ ਪਵਾਰ ਨੂੰ ਅਹਿਮ ਵਿਭਾਗ ਦੇਣ ਤੋਂ ਪਰੇਸ਼ਾਨ ਕਿਉਂ ਹੈ ਸ਼ਿੰਦੇ ਧੜਾ
ਸ਼ਿੰਦੇ ਧੜਾ ਅਸਲ ’ਚ ਇਸ ਗੱਲ ਨੂੰ ਲੈ ਕੇ ਜ਼ਿਆਦਾ ਪ੍ਰੇਸ਼ਾਨ ਹੈ ਕਿ ਵਿੱਤ ਵਿਭਾਗ ਜਿਸ ਦੇ ਕੋਲ ਵੀ ਰਹੇਗਾ, ਉਹ ਆਪਣੇ ਮੰਤਰੀਆਂ ਦੇ ਇਲਾਕਿਆਂ ’ਚ ਜ਼ਿਆਦਾ ਕੰਮ ਕਰਵਾ ਸਕੇਗਾ ਜਾਂ ਆਪਣੇ ਹਿਸਾਬ ਨਾਲ ਆਪਣੇ ਲੋਕਾਂ ਨੂੰ ਬਿਹਤਰ ਢੰਗ ਨਾਲ ਖੁਸ਼ ਕਰ ਸਕੇਗਾ। ਜੇ ਪਵਾਰ ਕੋਲ ਵਿੱਤ ਵਿਭਾਗ ਜਾਂਦਾ ਹੈ ਤਾਂ ਸ਼ਿੰਦੇ ਧੜੇ ਨੂੰ ਡਰ ਹੈ ਕਿ ਕਿਤੇ ਉਹ ਪੂਰੀ ਗੇਮ ਨੂੰ ਹੀ ਨਾ ਪਲਟ ਦੇਣ। ਇਹ ਵੀ ਕਿਹਾ ਜਾ ਰਿਹਾ ਹੈ ਕਿ ਮਹਾਵਿਕਾਸ ਅਘਾੜੀ ਸਰਕਾਰ ਵਿਚ ਅਜੀਤ ਪਵਾਰ ਜਦੋਂ ਵਿੱਤ ਮੰਤਰੀ ਸਨ ਤਾਂ ਉਨ੍ਹਾਂ ਨੇ ਉਨ੍ਹਾਂ ਇਲਾਕਿਆਂ ਵਿਚ ਪ੍ਰਾਜੈਕਟਾਂ ਨੂੰ ਜ਼ਿਆਦਾ ਪੈਸਾ ਦਿੱਤਾ ਜਿੱਥੇ ਐੱਨ. ਸੀ. ਪੀ. ਦੇ ਵਿਧਾਇਕ ਜਾਂ ਮੰਤਰੀ ਸਨ ਅਤੇ ਜੇ ਹੁਣ ਅਜਿਹਾ ਹੁੰਦਾ ਹੈ ਤਾਂ ਸ਼ਿੰਦੇ ਧੜਾ ਸੂਬੇ ਵਿਚ ਤੀਜੇ ਨੰਬਰ ’ਤੇ ਪਹੁੰਚ ਜਾਵੇਗਾ।

ਇਹ ਵੀ ਪੜ੍ਹੋ : ਪਾਰਟੀ ਲੀਡਰਸ਼ਿਪ ਨੇ ਮੇਰੇ ’ਤੇ ਭਰੋਸਾ ਪ੍ਰਗਟਾਇਆ, ਹੁਣ ਮੈਂ ਜਨਤਾ ’ਚ ਭਰੋਸਾ ਜਗਾਉਣਾ ਹੈ : ਜਾਖੜ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

‘ਜਗਬਾਣੀ’ ਦੀ ਆਈਫੋਨ ਐਪ ਨੂੰ ਕਰੋ ਡਾਊਨਲੋਡ : https://apps.apple.com/in/app/jagbani/id538323711

‘ਜਗਬਾਣੀ’ ਦੀ ਐਂਡਰਾਇਡ ਐਪ ਨੂੰ ਕਰੋ ਡਾਊਨਲੋਡ : 
https://play.google.com/store/apps/details?id=com.jagbani&hl=en&gl=US


author

Anuradha

Content Editor

Related News