ਮਨੁੱਖਤਾ ਦੀ ਸੇਵਾ ਤੋਂ ਵਧ ਕੇ ਕੋਈ ਸੇਵਾ ਨਹੀਂ ਹੋ ਸਕਦੀ : ਕੁਲਵਿਨ ਸਿਹਰਾ

Wednesday, Jun 02, 2021 - 12:19 AM (IST)

ਫਗਵਾੜਾ(ਜਲੋਟਾ)– ਸਨਅਤੀ ਜਗਤ 'ਚ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਨਾਮ ਬੁਲੰਦੀਆਂ 'ਤੇ ਪਹੁੰਚਾਉਣ 'ਚ ਜੀ.ਐੱਨ.ਏ. ਗਰੁੱਪ ਆਫ ਕੰਪਨੀਜ਼ ਨੇ ਹਮੇਸ਼ਾ ਸ਼ਲਾਘਾਯੋਗ ਕੰਮ ਕੀਤੇ ਹਨ ਅਤੇ ਹੁਣ ਜਦੋਂ ਦੇਸ਼ 'ਚ ਕੋਰੋਨਾ ਮਹਾਮਾਰੀ ਦੀ ਗੰਭੀਰ ਔਕੜ ਆਈ ਹੈ ਤਾਂ ਜੀ.ਐੱਨ.ਏ. ਗਰੁੱਪ ਇਕ ਵਾਰੀ ਫੇਰ ਇਨਸਾਨੀਅਤ ਦੀ ਸੇਵਾ 'ਚ ਜੁਟ ਗਿਆ ਹੈ। ਇਸੇ ਤਹਿਤ ਐਸੋਚੈਮ ਪੰਜਾਬ ਦੇ ਚੇਅਰਮੈਨ ਕੁਲਵਿਨ ਸਿਹਰਾ ( ਐਗਜ਼ੀਕਿਊਟਿਵ ਡਾਇਰੈਕਟਰ ਜੀ.ਐੱਨ.ਏ. ਐਕਸਲਸ ਲਿਮਟਿਡ ) ਦੀ ਅਗਵਾਈ 'ਚ ਜੀ.ਐੱਨ.ਏ. ਐਕਸਲਸ ਲਿਮਟਿਡ ਵੱਲੋਂ ਕੋਰੋਨਾ ਮਹਾਮਾਰੀ 'ਚ ਔਕੜਾਂ ਦਾ ਸਾਹਮਣਾ ਕਰ ਰਹੇ ਕੋਰੋਨਾ ਪਾਜ਼ੇਟਿਵ ਲੋਕਾਂ ਦੀ ਮੱਦਦ ਲਈ ਜ਼ਿਲ੍ਹਾ ਕਪੂਰਥਲਾ ਦੀ ਡੀ.ਸੀ. ਸ੍ਰੀਮਤੀ ਦੀਪਤੀ ਉੱਪਲ ਅਤੇ ਜ਼ਿਲ੍ਹਾ ਜਲੰਧਰ ਦੇ ਡੀ.ਸੀ. ਘਨਸ਼ਾਮ ਥੋਰੀ ਨੂੰ ਸੇਵਾ ਭਾਵ ਦੇ ਜਜ਼ਬੇ ਨਾਲ ਫਰੀ ਸੈਨੀਟਾਈਜ਼ਰ,ਆਕਸੀਮੀਟਰ,ਫੇਸ ਮਾਸਕ ਅਤੇ ਆਕਸੀਜਨ ਕੰਸੇਨਟ੍ਰੇਟਰ ਆਦਿ ਹੋਰ ਜ਼ਰੂਰੀ ਸਾਮਾਨ ਮੁਹੱਈਆ ਕਰਵਾਇਆ ਹੈ। 

PunjabKesari

ਜਗ ਬਾਣੀ ਦੇ ਇਕ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕੁਲਵਿਨ ਸਿਹਰਾ ਨੇ ਕਿਹਾ ਕਿ ਜੀ.ਐੱਨ.ਏ. ਐਕਸਲਸ ਮਨੁੱਖਤਾ ਦੀ ਸੇਵਾ ਕਰਨ 'ਚ ਹਮੇਸ਼ਾ ਆਪਣਾ ਯੋਗਦਾਨ ਦਿੰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ 'ਚ ਜਾਰੀ ਕੋਰੋਨਾ ਦੀ ਦੂਜੀ ਲਹਿਰ ਦੇ ਕਾਰਨ ਵੱਡੀ ਗਿਣਤੀ 'ਚ ਲੋਕ ਕੋਰੋਨਾ ਪਾਜ਼ੇਟਿਵ ਹੋਏ ਹਨ। ਇਸ ਨੂੰ ਧਿਆਨ 'ਚ ਰੱਖਦੇ ਹੋਏ ਹੁਣ ਸਾਡੀ ਇਹ ਮੁੱਢਲੀ ਜ਼ਿੰਮੇਵਾਰੀ ਬਣਦੀ ਹੈ ਕਿ ਇਨ੍ਹਾਂ ਔਕੜਾਂ ਭਰੇ ਹਾਲਾਤਾਂ 'ਚ ਅਸੀਂ ਸਾਰੇ ਇਕਜੁੱਟ ਹੋ ਕੇ ਕੋਰੋਨਾ ਵਾਇਰਸ ਦੇ ਨਾਲ ਜੰਗ ਲੜ ਰਹੇ ਸਾਡੇ ਸਿਹਤ ਮਹਿਕਮੇ ਦੇ ਡਾਕਟਰਾਂ ਅਤੇ ਸਿਵਲ ਅਧਿਕਾਰੀਆਂ ਸਣੇ ਸਰਕਾਰ ਦੇ ਹਰ ਉਸ ਕਰਮਚਾਰੀ ਦੀ ਦਿਲੋਂ ਮਦਦ ਕਰੀਏ ਜੋ ਰਾਤ ਦਿਨ ਇਕ ਕਰ ਕੇ ਇਸ ਲੜਾਈ ਨੂੰ ਜਿੱਤਣ ਲਈ ਜੁਟੇ ਹੋਏ ਹਨ। 

ਉਨ੍ਹਾਂ ਕਿਹਾ ਕਿ ਇਸ ਟੀਚੇ ਨੂੰ ਧਿਆਨ 'ਚ ਰੱਖਦੇ ਹੋਏ ਜੀ.ਐੱਨ.ਏ. ਐਕਸਲਸ ਲਿਮਟਿਡ ਵੱਲੋਂ ਜ਼ਿਲ੍ਹਾ ਕਪੂਰਥਲਾ ਦੀ ਡੀ.ਸੀ. ਸ੍ਰੀਮਤੀ ਦੀਪਤੀ ਉੱਪਲ ਨੂੰ 10,000 ਫੇਸਮਾਸਕ, 20,000 ਦਸਤਾਨੇ,2,000 ਫੇਸ ਸ਼ੀਲਡ,200 ਪਲਸ ਆਕਸੀਮੀਟਰ,200 ਡਿਜੀਟਲ ਥਰਮਾਮੀਟਰ,20 ਯੂਨਿਟ ਬੀਪੀ ਅਪਰੇਟਸ ਅਤੇ 400 ਲਿਟਰ ਸੈਨੇਟਾਈਜ਼ਰ ਦਿੱਤਾ ਗਿਆ ਹੈ। 

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਡੀਸੀ ਜਲੰਧਰ ਘਨਸ਼ਾਮ ਥੋਰੀ ਨੂੰ 20 ਆਕਸੀਜਨ ਕੰਸੇਨਟ੍ਰੇਟਰ, 200 ਪਲਸ ਆਕਸੀਮੀਟਰ ਅਤੇ 25 ਲਿਟਰ ਹੈਂਡ ਸੈਨੇਟਾਈਜ਼ਰ ਮੁਹੱਈਆ ਕਰਵਾਇਆ ਗਿਆ ਹੈ । ਕੁਲਵਿਨ ਸਿਹਰਾ ਨੇ ਕਿਹਾ ਕਿ ਕੋਰੋਨਾ ਦੀ ਲੜਾਈ ਜਿੱਤਣ ਲਈ ਇਹ ਸਾਮਾਨ ਬੇਹੱਦ ਜ਼ਰੂਰੀ ਅਤੇ ਲਾਜਮੀ ਹੈ। ਇਸ ਮੌਕੇ ਪ੍ਰਦੀਪ ਸ਼ਰਮਾ (ਸੀਨੀਅਰ ਮੀਤ ਪ੍ਰਧਾਨ ਮਾਰਕੀਟਿੰਗ ਅਤੇ ਸੇਲਜ਼ ਜੀਐਨਏ  ਐਕਸਲਸ ਲਿਮਟਿਡ ), ਸਿਵਲ ਸਰਜਨ ਕਪੂਰਥਲਾ ਡਾ. ਪਰਮਿੰਦਰ ਕੌਰ ਸਣੇ ਕਈ ਪਤਵੰਤੇ ਮੌਜੂਦ ਸਨ। 


Bharat Thapa

Content Editor

Related News