ਅੱਧੀ ਰਾਤ ਨੂੰ ਠੇਕੇ ''ਚੋਂ 1.30 ਲੱਖ ਰੁਪਏ ਦੀ ਸ਼ਰਾਬ ਚੋਰੀ!

Friday, Jun 12, 2026 - 01:26 PM (IST)

ਅੱਧੀ ਰਾਤ ਨੂੰ ਠੇਕੇ ''ਚੋਂ 1.30 ਲੱਖ ਰੁਪਏ ਦੀ ਸ਼ਰਾਬ ਚੋਰੀ!

​ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)- ਜ਼ਿਲ੍ਹੇ ਅੰਦਰ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਹੁਣ ਪੁਲਸ ਪ੍ਰਸ਼ਾਸਨ ਦਾ ਕੋਈ ਖ਼ੌਫ਼ ਨਹੀਂ ਰਿਹਾ। ਇਲਾਕੇ ਵਿਚ "ਚੋਰ ਚੁਸਤ ਤੇ ਪੁਲਸ ਸੁਸਤ" ਵਾਲਾ ਮਾਹੌਲ ਬਣਿਆ ਹੋਇਆ ਹੈ, ਜਿਸ ਕਾਰਨ ਚੋਰੀ ਦੀਆਂ ਘਟਨਾਵਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਚੋਰੀ ਦਾ ਤਾਜ਼ਾ ਮਾਮਲਾ ਪਿੰਡ ਹਰਾਜ ਤੋਂ ਸਾਹਮਣੇ ਆਇਆ ਹੈ, ਜਿੱਥੇ ਬੀਤੀ ਰਾਤ ਚੋਰਾਂ ਨੇ ਇਕ ਸ਼ਰਾਬ ਦੇ ਠੇਕੇ ਨੂੰ ਨਿਸ਼ਾਨਾ ਬਣਾਉਂਦਿਆਂ ਲਗਭਗ 1 ਲੱਖ 30 ਹਜ਼ਾਰ ਰੁਪਏ ਦੀ ਸ਼ਰਾਬ ਚੋਰੀ ਕਰ ਲਈ ਅਤੇ ਬੜੀ ਆਸਾਨੀ ਨਾਲ ਫ਼ਰਾਰ ਹੋ ਗਏ।

​ਪਹਿਲਾਂ ਵੀ ਹੋ ਚੁੱਕੀਆਂ ਨੇ ਕਈ ਠੇਕਿਆਂ 'ਤੇ ਚੋਰੀਆਂ

​ਇਸ ਘਟਨਾ ਨੇ ਪਿੰਡ ਵਾਸੀਆਂ ਅਤੇ ਕਾਰੋਬਾਰੀਆਂ ਵਿਚ ਭਾਰੀ ਚਿੰਤਾ ਤੇ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਪਿੰਡ ਖਿੜਕੀਆਂ ਵਾਲਾ, ਪਿੰਡ ਲਬਾਣਿਆਂ ਵਾਲੀ, ਪਿੰਡ ਡੋਹਕ ਅਤੇ ਖੁਦ ਹਰਾਜ ਦੇ ਕਈ ਹੋਰ ਠੇਕਿਆਂ 'ਤੇ ਚੋਰੀ ਦੀਆਂ ਵਾਰਦਾਤਾਂ ਵਾਪਰ ਚੁੱਕੀਆਂ ਹਨ। ਪੀੜਤ ਠੇਕੇਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪਹਿਲਾਂ ਵੀ ਕਈ ਵਾਰ ਪੁਲਸ ਨੂੰ ਲਿਖਤੀ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ, ਪਰ ਪੁਲਸ ਵੱਲੋਂ ਕੋਈ ਠੋਸ ਕਾਰਵਾਈ ਨਾ ਕੀਤੇ ਜਾਣ ਕਰਕੇ ਚੋਰਾਂ ਦੇ ਹੌਸਲੇ ਹੋਰ ਵੱਧ ਗਏ ਹਨ, ਜਿਸ ਦਾ ਖ਼ਾਮਿਆਜ਼ਾ ਉਨ੍ਹਾਂ ਨੂੰ ਵਾਰ-ਵਾਰ ਭੁਗਤਣਾ ਪੈ ਰਿਹਾ ਹੈ।

​ਕੀ ਕਹਿਣਾ ਹੈ ਠੇਕੇ ਦੇ ਕਾਰਿੰਦੇ ਦਾ

ਠੇਕੇ ਦੇ ਕਰਿੰਦੇ ​ਮਨਜੀਤ ਸਿੰਘ ਨੇ ਦੱਸਿਆ ਕਿ "ਬੀਤੀ ਰਾਤ ਚੋਰਾਂ ਨੇ ਠੇਕੇ ਦੇ ਤਾਲੇ ਤੋੜ ਕੇ ਅੰਦਰੋਂ ਲਗਭਗ 1 ਲੱਖ 30 ਹਜ਼ਾਰ ਰੁਪਏ ਦੀ ਕੀਮਤੀ ਸ਼ਰਾਬ ਚੋਰੀ ਕਰ ਲਈ ਹੈ। ਸਵੇਰੇ ਜਦੋਂ ਅਸੀਂ ਦੇਖਿਆ ਤਾਂ ਸਾਰਾ ਸਾਮਾਨ ਖਿੱਲਰਿਆ ਪਿਆ ਸੀ।"

​ਪਿੰਡ ਵਾਸੀਆਂ ਤੇ ਠੇਕੇਦਾਰਾਂ ਨੇ ਕੀਤੀ ਗਸ਼ਤ ਵਧਾਉਣ ਦੀ ਮੰਗ

​ਇਸ ਵਾਰਦਾਤ ਤੋਂ ਬਾਅਦ ਪਿੰਡ ਵਾਸੀਆਂ ਅਤੇ ਸ਼ਰਾਬ ਠੇਕੇਦਾਰਾਂ ਵਿਚ ਪੁਲਸ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਉੱਚ ਪੁਲਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿਚ ਰਾਤ ਦੀ ਗਸ਼ਤ ਨੂੰ ਤੁਰੰਤ ਵਧਾਇਆ ਜਾਵੇ ਅਤੇ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਉਨ੍ਹਾਂ 'ਤੇ ਨਕੇਲ ਕੱਸੀ ਜਾਵੇ, ਤਾਂ ਜੋ ਅੱਗੇ ਤੋਂ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ।
 


author

Anmol Tagra

Content Editor

Related News