ਬੈਂਕ ''ਚ ਚੋਰੀ ਦੀ ਵੱਡੀ ਵਾਰਦਾਤ ਨੂੰ ਬੇਖ਼ੌਫ਼ ਚੋਰਾਂ ਨੇ ਦਿੱਤਾ ਅੰਜਾਮ
Saturday, Apr 13, 2024 - 04:42 PM (IST)
ਦੋਰਾਹਾ (ਵਿਨਾਇਕ) : ਬੀਤੀ ਰਾਤ ਦੋਰਾਹਾ ਦੀ ਦਾਣਾ ਮੰਡੀ ਸਥਿਤ ਕੋਟਕ ਮਹਿੰਦਰਾ ਬੈਂਕ ਦੀ ਸ਼ਾਖਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਣਪਛਾਤੇ ਚੋਰਾਂ ਨੇ ਬੈਂਕ ਦੇ ਸੀ. ਸੀ. ਟੀ. ਵੀ. ਕੈਮਰੇ ਅਤੇ ਹੋਰ ਕੀਮਤੀ ਸਮਾਨ ਦੀ ਭੰਨਤੋੜ ਕਰਦਿਆਂ ਉੱਥੋਂ 2 ਏ. ਸੀ., ਡੀ. ਬੀ. ਆਰ. ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਅਤੇ ਬੈਂਕ ਦੇ ਏ. ਟੀ. ਐੱਮ. ਅਤੇ ਕੈਸ਼ ਵਾਲੀ ਸੇਫ ਨੂੰ ਵੀ ਤੋੜਨ ਦੀ ਅਸਫ਼ਲ ਕੋਸ਼ਿਸ਼ ਕੀਤੀ ਗਈ ਪਰ ਉਹ ਕਾਮਯਾਬ ਨਹੀਂ ਹੋ ਸਕੇ। ਘਟਨਾ ਨੂੰ ਅੰਜਾਮ ਦੇਣ ਵਾਲੇ ਚੋਰਾਂ ਦੀ ਗਿਣਤੀ 2 ਤੋਂ ਵੱਧ ਦੱਸੀ ਜਾ ਰਹੀ ਹੈ।
ਭਾਦਸੋਂ ਤੋਂ ਡੈਪੂਟੇਸ਼ਨ 'ਤੇ ਆਏ ਬੈਂਕ ਸਟਾਫ਼ ਦੀ ਐੱਸ. ਡੀ. ਓ. ਮੈਡਮ ਪੁਨੀਤ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਕਰੀਬ 11.30 ਵਜੇ ਅਣਪਛਾਤੇ ਚੋਰ ਸ਼ਟਰ ਤੋੜ ਕੇ ਬੈਂਕ ਅੰਦਰ ਦਾਖ਼ਲ ਹੋਏ ਅਤੇ ਕਰੀਬ 2 ਘੰਟੇ ਤੱਕ ਅੰਦਰ ਹੀ ਰਹੇ। ਇਸ ਦੌਰਾਨ ਅਣਪਛਾਤੇ ਚੋਰਾਂ ਨੇ ਸੀ. ਸੀ. ਟੀ. ਵੀ. ਕੈਮਰੇ ਅਤੇ ਹੋਰ ਕੀਮਤੀ ਸਮਾਨ ਦੀ ਭੰਨਤੋੜ ਕੀਤੀ ਅਤੇ ਨਕਦੀ ਚੋਰੀ ਕਰਨ ਦੇ ਮਕਸਦ ਨਾਲ ਏ. ਟੀ. ਐੱਮ ਅਤੇ ਕੈਸ਼ ਵਾਲੀ ਸੇਫ ਨੂੰ ਤੋੜਨ ਦੀ ਵੱਡੀ ਕੋਸ਼ਿਸ਼ ਕੀਤੀ ਗਈ, ਪਰ ਚੋਰਾਂ ਨੂੰ ਸਫ਼ਲਤਾ ਨਹੀਂ ਮਿਲ ਸਕੀ।
ਇਸ ਤੋਂ ਇਲਾਵਾ ਚੋਰ ਬੈਂਕ ਵਿੱਚੋਂ 2 ਏ. ਸੀ., ਡੀ. ਬੀ. ਆਰ. ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਸਵੇਰੇ ਇਸ ਚੋਰੀ ਦਾ ਪਤਾ ਲੱਗਾ ਤਾਂ ਬੈਂਕ ਅਧਿਕਾਰੀਆਂ ਨੇ ਥਾਣਾ ਦੋਰਾਹਾ ਦੀ ਪੁਲਸ ਨੂੰ ਸੂਚਨਾ ਦਿੱਤੀ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਐੱਸ. ਪੀ. ਡੀ., ਡੀ. ਐੱਸ. ਪੀ. ਅਤੇ ਥਾਣਾ ਮੁਖੀ ਦੋਰਾਹਾ ਨੇ ਸਾਥੀ ਕਰਮਚਾਰੀਆਂ ਨਾਲ ਮੌਕੇ ‘ਤੇ ਪੁੱਜ ਕੇ ਗਹਿਰਾਈ ਨਾਲ ਜਾਂਚ ਕੀਤੀ ਅਤੇ ਸੀ. ਸੀ. ਟੀ. ਵੀ. ਫੁਟੇਜ ਸਮੇਤ ਹੋਰ ਅਹਿਮ ਜਾਣਕਾਰੀਆਂ ਦੇ ਆਧਾਰ 'ਤੇ ਮੁੱਢਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਦੋਰਾਹਾ ਦੇ ਮੁਖੀ ਰੋਹਿਤ ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਇਸ ਘਟਨਾ ਸਬੰਧੀ ਕਾਰਵਾਈ ਕਰਦਿਆਂ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਦੇ ਹੱਥ ਸੀ. ਸੀ. ਟੀ. ਵੀ. ਫੁਟੇਜ ਤੋਂ ਇਲਾਵਾ ਕਈ ਅਹਿਮ ਸੁਰਾਗ ਲੱਗੇ ਹਨ ਅਤੇ ਜਲਦੀ ਹੀ ਇਸ ਕੇਸ ਨੂੰ ਹੱਲ ਕਰ ਲਿਆ ਜਾਵੇਗਾ।