ਰੇਹੜੀ ਹਟਾਉਣ ਤੋਂ ਦੁਖੀ ਹੋ ਨੌਜਵਾਨ ਨੇ ਕੀਤੀ ਆਤਮ-ਹੱਤਿਆ ਦੀ ਕੋਸ਼ਿਸ਼
Thursday, Mar 01, 2018 - 01:02 AM (IST)

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਨਗਰ ਸੁਧਾਰ ਟਰੱਸਟ ਦੇ ਦਫਤਰ 'ਚ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਇਕ ਰੇਹੜੀ ਲਾਉਣ ਵਾਲੇ ਨੌਜਵਾਨ ਨੇ ਈ. ਓ. ਦੇ ਦਫਤਰ 'ਚ ਆਪਣੀ ਬਾਂਹ ਦੀ ਨਸ ਕੱਟ ਕੇ ਆਤਮ-ਹੱਤਿਆ ਦੀ ਕੋਸ਼ਿਸ਼ ਕੀਤੀ। ਦਫਤਰ 'ਚ ਖੂਨ ਹੀ ਖੂਨ ਹੋ ਗਿਆ। ਈ. ਓ. ਵੱਲੋਂ ਇਸ ਦੀ ਸੂਚਨਾ ਪੁਲਸ ਅਤੇ ਐੱਸ. ਡੀ. ਐੱਮ. ਬਰਨਾਲਾ ਨੂੰ ਦਿੱਤੀ ਗਈ। ਪੁਲਸ ਨੇ ਆ ਕੇ ਉਕਤ ਨੌਜਵਾਨ ਨੂੰ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ।
ਮਾਂ-ਬਾਪ, ਬੱਚੇ ਭੁੱਖੇ ਮਰ ਰਹੇ ਹਨ ਇਸ ਲਈ ਚੁੱਕਿਆ ਇਹ ਕਦਮ : ਸਿਵਲ ਹਸਪਤਾਲ 'ਚ ਗੱਲਬਾਤ ਕਰਦਿਆਂ ਆਤਮ-ਹੱਤਿਆ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਦਿਲਬਾਗ ਸਿੰਘ ਬੱਬੂ ਨੇ ਦੱਸਿਆ ਕਿ ਮੈਂ ਨਗਰ ਸੁਧਾਰ ਟਰੱਸਟ ਦੇ ਦਫਤਰ ਦੇ ਸਾਹਮਣੇ ਲੋਹਾ ਮਾਰਕੀਟ 'ਚ ਮੀਟ ਦੀ ਰੇਹੜੀ ਲਾਉਂਦਾ ਸੀ। 15 ਦਿਨ ਪਹਿਲਾਂ ਨਗਰ ਸੁਧਾਰ ਟਰੱਸਟ ਦੇ ਦਫਤਰ ਵੱਲੋਂ ਮੇਰੀ ਰੇਹੜੀ ਉਥੋਂ ਹਟਾ ਦਿੱਤੀ ਗਈ, ਜਿਸ ਕਾਰਨ ਮੈਂ ਬੇਰੁਜ਼ਗਾਰ ਹੋ ਗਿਆ। ਮੇਰੇ ਮਾਤਾ-ਪਿਤਾ ਅਤੇ ਬੱਚੇ ਭੁੱਖੇ ਮਰ ਰਹੇ ਹਨ, ਇਸ ਲਈ ਮੈਂ ਅੱਜ ਆਤਮ-ਹੱÎਤਿਆ ਕਰਨ ਦੀ ਕੋਸ਼ਿਸ਼ ਕੀਤੀ।
ਬੀਤੇ ਦਿਨੀਂ ਫੇਸਬੁੱਕ 'ਤੇ ਆਤਮ-ਹੱਤਿਆ ਕਰਨ ਦੀ ਧਮਕੀ ਦੇ ਕੇ ਵੀਡੀਓ ਕੀਤੀ ਸੀ ਵਾਇਰਲ : ਦਿਲਬਾਗ ਸਿੰਘ ਨੇ ਬੀਤੇ ਦਿਨੀਂ ਫੇਸਬੁੱਕ 'ਤੇ ਵੀ ਆਪਣੀ ਇਕ ਵੀਡੀਓ ਵਾਇਰਲ ਕੀਤੀ ਸੀ, ਜਿਸ 'ਚ ਉਸ ਨੇ ਕਿਹਾ ਸੀ ਕਿ ਨਗਰ ਸੁਧਾਰ ਟਰੱਸਟ ਦੇ ਕਰਮਚਾਰੀਆਂ ਨੇ ਮੇਰੀ ਜ਼ਬਰਦਸਤੀ ਰੇਹੜੀ ਹਟਾ ਦਿੱਤੀ ਹੈ, ਜਿਸ ਕਾਰਨ ਮੈਂ ਬੇਰੋਜ਼ਗਾਰ ਹੋ ਗਿਆ ਹਾਂ। ਕੱਲ ਨੂੰ ਮੈਂ ਨਗਰ ਸੁਧਾਰ ਟਰੱਸਟ ਦੇ ਦਫਤਰ 'ਚ ਆਤਮ-ਹੱਤਿਆ ਕਰਾਂਗਾ। ਮੇਰੀ ਆਤਮ-ਹੱਤਿਆ ਦੀ ਜ਼ਿੰਮੇਵਾਰੀ ਟਰੱਸਟ ਦੇ ਅਧਿਕਾਰੀਆਂ ਦੀ ਹੋਵੇਗੀ।
ਆਪਣੇ ਬੇਟੇ ਨੂੰ ਗਲਤ ਕੰਮਾਂ ਤੋਂ ਹਟਾ ਕੇ ਲਾਇਆ ਸੀ ਰੋਜ਼ਗਾਰ 'ਤੇ : ਸਿਵਲ ਹਸਪਤਾਲ 'ਚ ਗੱਲਬਾਤ ਕਰਦਿਆਂ ਪੀੜਤ ਨੌਜਵਾਨ ਦੀ ਮਾਤਾ ਗੁਰਪ੍ਰੀਤ ਕੌਰ ਨੇ ਕਿਹਾ ਕਿ ਮੇਰਾ ਬੇਟਾ ਪਹਿਲਾਂ ਗ਼ਲਤ ਕੰਮਾਂ 'ਚ ਪੈ ਗਿਆ ਸੀ। ਉਹ ਸ਼ਰਾਬ ਵੇਚਣ ਦਾ ਕੰਮ ਕਰਦਾ ਸੀ। ਡੇਢ ਸਾਲ ਪਹਿਲਾਂ ਹੀ ਉਹ ਜੇਲ ਤੋਂ ਬਾਹਰ ਆਇਆ। ਜੇਲ ਤੋਂ ਬਾਹਰ ਆਉਣ 'ਤੇ ਉਸ ਨੂੰ ਗਲਤ ਕੰਮ ਛੱਡਣ ਨੂੰ ਕਿਹਾ ਅਤੇ ਉਸ ਨੂੰ ਰੇਹੜੀ ਲਗਵਾ ਦਿੱਤੀ ਪਰ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਨੇ ਮੇਰੇ ਬੇਟੇ ਦੀ ਰੇਹੜੀ ਉਥੋਂ ਹਟਾ ਦਿੱਤੀ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗ ਗਿਆ। ਸ਼ਾਇਦ ਪ੍ਰੇਸ਼ਾਨੀ 'ਚ ਹੀ ਉਸ ਨੇ ਇਸ ਤਰ੍ਹਾਂ ਦਾ ਕਦਮ ਚੁੱਕਿਆ ਹੈ।
ਲੋਕਾਂ ਦੀ ਸ਼ਿਕਾਇਤ 'ਤੇ ਚੁਕਾਈ ਗਈ ਸੀ ਰੇਹੜੀ : ਈ. ਓ.
ਜਦੋਂ ਇਸ ਸਬੰਧੀ ਨਗਰ ਸੁਧਾਰ ਟਰੱਸਟ ਦੇ ਈ. ਓ. ਰਵਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਟਰੱਸਟ ਦੇ ਦਫਤਰ ਦੇ ਸਾਹਮਣੇ ਮੀਟ ਦੀਆਂ ਰੇਹੜੀਆਂ ਲਗਦੀਆਂ ਹਨ। ਸ਼ਰਾਬੀ ਹਰ ਸਮੇਂ ਉਥੇ ਖੜ੍ਹੇ ਰਹਿੰਦੇ ਹਨ, ਜਿਸ ਕਾਰਨ ਆਉਣ ਵਾਲੇ ਲੋਕਾਂ ਨੂੰ ਵਿਸ਼ੇਸ਼ ਕਰਕੇ ਔਰਤਾਂ ਨੂੰ ਕਾਫੀ ਸਮੱਸਿਆ ਹੁੰਦੀ ਹੈ। ਇਸ ਕਾਰਨ ਲੋਕਾਂ ਦੀਆਂ ਸ਼ਿਕਾਇਤਾਂ 'ਤੇ ਉਥੋਂ ਮੀਟ ਦੀਆਂ ਰੇਹੜੀਆਂ ਚੁਕਾਈਆਂ ਗਈਆਂ ਸਨ। ਅੱਜ ਉਹ ਨੌਜਵਾਨ ਮੇਰੇ ਦਫਤਰ 'ਚ ਆਇਆ ਅਤੇ ਆਪਣੀ ਨਸ ਕੱਟ ਲਈ, ਜਿਸ ਦੀ ਸੂਚਨਾ ਮੈਂ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪੁਲਸ ਨੂੰ ਦਿੱਤੀ। ਦੂਸਰੇ ਪਾਸੇ ਥਾਣਾ ਸਿਟੀ ਇੰਚਾਰਜ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।